ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਰਾਘੋਮਾਜਰਾ ਸਬਜ਼ੀ ਮੰਡੀ ‘ਚ ਲੋਕਾਂ ਨੂੰ ਵੰਡੇ ਕੱਪੜੇ ਦੇ ਬਣੇ ਥੈਲੇ
ਰਿਚਾ ਨਾਗਪਾਲ , ਪਟਿਆਲਾ, 5 ਨਵੰਬਰ:2020
ਪਲਾਸਟਿਕ ਲਿਫਾਫਿਆਂ ਤੇ ਪਾਬੰਦੀ ਬਾਰੇ ਆਪਣੀ ਜਾਗਰੂਕਤਾ ਮੁਹਿੰਮ ਜਾਰੀ ਰੱਖਦਿਆਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਅੱਜ ਸਵੇਰੇ ਸਬਜੀ ਮੰਡੀ, ਰਾਘੋਮਾਜਰਾ ਵਿਖੇ ਸਬਜੀ ਲੈਣ ਆਏ ਲੋਕਾਂ ਨੂੰ ਕੱਪੜੇ ਦੇ ਬਣੇ ਥੈਲੇ ਵੰਡੇ।
ਕੱਪੜੇ ਦੇ ਬਣੇ ਥੈਲੇ ਸਬਜੀ ਮੰਡੀ ਵਿੱਚ ਦੁਕਾਨਦਾਰਾਂ ਨੂੰ ਵੀ ਦਿੰਦਿਆਂ ਅਪੀਲ ਕੀਤੀ ਕਿ ਸਬਜੀ ਖਰੀਦਣ ਆਉਣ ਵਾਲਿਆਂ ਨੂੰ ਇਹ ਥੈਲੇ ਦਿੱਤੇ ਜਾਣ ਤਾਂ ਜੋ ਲੋਕਾਂ ਵਿੱਚ ਇਸ ਸਬੰਧੀ ਜਾਗਰੂਕਤਾ ਪੈਦਾ ਹੋਵੇੇ ਅਤੇ ਉਹ ਸਬਜੀ ਜਾਂ ਹੋਰ ਜਰੂਰੀ ਵਸਤਾਂ ਲਈ ਆਪਣੇ ਨਾਲ ਕੱਪੜੇ ਜਾਂ ਜੂਟ ਦੇ ਥੈਲੇ ਲੈ ਕੇ ਆਉਣ ਅਤੇ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ।
ਇਸ ਮੌਕੇ ਬੋਰਡ ਦੇ ਮੈਬਰ ਸਕੱਤਰ ਸ੍ਰੀ ਕਰੁਨੇਸ਼ ਗਰਗ ਵੱਲੋਂ ਸਬਜੀ ਮੰਡੀ ਵਿੱਚ ਮੌਜੂਦ ਲੋਕਾਂ ਨੂੰ ਪਲਾਸਟਿਕ ਦੇ ਕਚਰੇ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਅਤੇ ਪਟਿਆਲਾ ਵਾਸੀ ਹੋਣ ਦੇ ਨਾਤੇ ਸ਼ਹਿਰ ਨੂੰ ਸਾਫ ਸੁਥਰਾ ਅਤੇ ਪਲਾਸਟਿਕ ਮੁਕਤ ਰੱਖਣ ਲਈ ਸਰਕਾਰ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ।
ਸੁਸਾਇਟੀ ਦੇ ਪ੍ਰਧਾਨ ਸ੍ਰੀ ਵਿਜੈ ਕੁਮਾਰ ਗੋਇਲ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਸਬਜੀ ਖਰੀਦਣ ਆਏ ਗਾਹਕਾਂ ਨੂੰ ਜੂਟ/ ਕਪੜੇ ਦੇ ਬਣੇ ਥੈਲੇ ਲੈ ਕੇ ਆਉਣ ਲਈ ਪ੍ਰੇਰਿਤ ਕਰਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ।
ਇਸ ਮੌਕੇ ਰੈਡ ਕਰਾਸ ਦੇ ਜ਼ਿਲ੍ਹਾ ਟਰੇਨਰ ਸ੍ਰੀ ਜਸਪਾਲ ਸਿੰਘ, ਵਾਤਾਵਰਣ ਇੰਜੀਨੀਅਰ ਸ੍ਰੀ ਰਾਜੀਵ ਗੋਇਲ ਤੇ ਐਸ.ਡੀ.ਓ ਪੀਪੀਸੀਬੀ ਸ੍ਰੀ ਸੁਰਿੰਦਜੀਤ ਸਿੰਘ ਤੇ ਬੋਰਡ ਦੇ ਕਰਮਚਾਰੀ ਅਤੇ ਸੁਸਾਇਟੀ ਦੇ ਹੋਰ ਮੈਬਰ ਵੀ ਮੌਜੂਦ ਸਨ।