ਐਸ.ਆਈ. ਲਖਵਿੰਦਰ ਸਿੰਘ ਬਣੇ ਥਾਣਾ ਸਿਟੀ ਬਰਨਾਲਾ ਦੇ ਐਸ.ਐਚ.ਉ , ,ਐਸ.ਆਈ. ਗੁਲਾਬ ਸਿੰਘ ਨੂੰ ਲਾਇਆ ਹੰਡਿਆਇਆ ਚੌਂਕੀ ਦਾ ਇੰਚਾਰਜ
ਹਰਿੰਦਰ ਨਿੱਕਾ , ਬਰਨਾਲਾ 1 ਨਵੰਬਰ 2020
ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ਾਂ ਵਿੱਚ ਘਿਰੇ ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਉ. ਇੰਸਪੈਕਟਰ ਰੁਪਿੰਦਰ ਪਾਲ ਸਿੰਘ ਨੂੰ ਲੰਘੀ ਰਾਤ ਥਾਣੇ ਅੱਗੇ ਕਾਂਗਰਸੀਆਂ ਦੇ ਦਿੱਤੇ ਧਰਨੇ ਤੋਂ ਬਾਅਦ ਪੁਲਿਸ ਲਾਈਨ ਵਿਖੇ ਤਬਦੀਲ ਕਰ ਦਿੱਤਾ ਹੈ। ਜਦੋਂ ਕਿ ਹੁਣ ਥਾਣਾ ਸਿਟੀ ਦੀ ਕਮਾਨ ਐਸ.ਆਈ. ਲਖਵਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ। ਲਖਵਿੰਦਰ ਸਿੰਘ ਇਸ ਤੋਂ ਪਹਿਲਾਂ ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਦੇ ਤੌਰ ਤੇ ਸਫਲਤਾ ਪੂਰਣ ਸੇਵਾਵਾਂ ਨਿਭਾ ਚੁੱਕੇ ਹਨ। ਉੱਧਰ ਚੌਂਕੀ ਇੰਚਾਰਜ ਹੰਡਿਆਇਆ ਦਾ ਇੰਚਾਰਜ ਐਸ.ਆਈ. ਗੁਲਾਬ ਸਿੰਘ ਨੂੰ ਲਾਇਆ ਗਿਆ ਹੈ। ਜਿਹੜੇ ਇਸ ਤੋਂ ਪਹਿਲਾਂ ਥਾਣਾ ਸਿਟੀ 1 ਬਰਨਾਲਾ ਦੇ ਐਡੀਸ਼ਨਲ ਐਸ.ਐਚ.ਉ. ਦੇ ਤੌਰ ਤੇ ਵੀ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ।
ਵਰਨਣਯੋਗ ਹੈ ਕਿ ਐਤਵਾਰ ਦੇਰ ਸ਼ਾਮ ਕਾਂਗਰਸੀ ਆਗੂ ਤੇ ਸਾਬਕਾ ਐਮ.ਸੀ. ਸੁਖਜੀਤ ਕੌਰ ਸੁੱਖੀ ਦੀ ਅਗਵਾਈ ਵਿੱਚ ਲੋਕਾਂ ਨੇ ਐਸ.ਐਚ.ਉ. ਰੁਪਿੰਦਰਪਾਲ ਸਿੰਘ ਦੇ ਖਿਲਾਫ ਸੁਖਜੀਤ ਕੌਰ ਤੇ ਬੇਟੇ ਦੀ ਕੁੱਟਮਾਰ ਕਰਨ ਅਤੇ ਇੱਕ ਕਥਿਤ ਝੂਠੇ ਕੇਸ ਵਿੱਚ ਨਾਮਜ਼ਦ ਦੋਸ਼ੀ ਵਿਅਕਤੀ ਤੋਂ 2 ਲੱਖ ਰੁਪਏ ਦੀ ਕਥਿਤ ਰਿਸ਼ਵਤ ਮੰਗਣ ਆਦਿ ਗੰਭੀਰ ਇਲਜ਼ਾਮ ਲਾ ਕੇ ਥਾਣੇ ਮੂਹਰੇ ਧਰਨਾ ਦੇ ਕੇ ਜੰਮ ਕੇ ਨਾਰੇਬਾਜੀ ਕਰਦੇ ਹੋਏ ,ਤੁਰੰਤ ਹੀ ਐਸ.ਐਚ.ਉ ਦੀ ਬਦਲੀ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਹੀ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਨੇ ਚੁੱਪ-ਚਪੀਤੇ ਐਸ.ਐਚ.ਉ ਰੁਪਿੰਦਰ ਪਾਲ ਸਿੰਘ ਦੀ ਬਦਲੀ ਪੁਲਿਸ ਲਾਈਨ ਬਰਨਾਲਾ ਵਿਖੇ ਕਰ ਦਿੱਤੀ।
ਡੀ.ਐਸ.ਪੀ. ਸਬ ਡਿਵੀਜਨ ਲਖਵੀਰ ਸਿੰਘ ਟਿਵਾਣਾ ਨੇ ਪੁੱਛਣ ਤੇ ਦੱਸਿਆ ਕਿ ਐਸ.ਐਚ.ਉ. ਰੁਪਿੰਦਰ ਸਿੰਘ ਦੀ ਬਲਦੀ ਰੁਟੀਨ ਵਿੱਚ ਹੀ ਕੀਤੀ ਗਈ ਹੈ। ਉਨਾਂ ਦੱਸਿਆ ਕਿ ਚੌਂਕੀ ਇੰਚਾਰਜ ਹੰਡਿਆਇਆ ਐਸ.ਆਈ. ਲਖਵਿੰਦਰ ਸਿੰਘ ਨੂੰ ਉਨਾਂ ਦੀ ਥਾਂ ਐਸ.ਐਚ.ਉ ਲਗਾਇਆ ਗਿਆ ਹੈ। ਜਦੋਂ ਕਿ ਲਖਵਿੰਦਰ ਸਿੰਘ ਦੀ ਥਾਂ ਤੇ ਐਸ.ਆਈ. ਗੁਲਾਬ ਸਿੰਘ ਨੂੰ ਪੁਲਿਸ ਚੌਂਕੀ ਹੰਡਿਆਇਆ ਦਾ ਇੰਚਾਰਜ ਲਾਇਆ ਗਿਆ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਹੀ ਲਾਗੂ ਹੋ ਗਏ ਹਨ।