ਮੋਦੀ ਹਕੂਮਤ ਖਿਲ਼ਾਫ ਕਿਸਾਨ ਸੰਘਰਸ਼ਾਂ ਦਾ 27 ਵਾਂ ਦਿਨ ਲੋਕ ਕਲਾ ਮੰਚ ਮੁੱਲਾਂਪਰ ਦੀ ਨਾਟਕ ਟੀਮ ਦੀ ਸਫਲ ਪੇਸ਼ਕਾਰੀ’’
ਹਰਿੰਦਰ ਨਿੱਕਾ ਬਰਨਾਲਾ 27 ਅਕਤੂਬਰ 2020
ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਉਲੀਕਿਆ ਗਿਆ ਸਾਂਝਾ ਸੰੰਘਰਸ਼ ਅੱਜ 27 ਵੇਂ ਦਿਨ ਵਿੱਚ ਦਾਖਲ ਹੋ ਗਿਆ। ਕਿਸਾਨਾਂ ਦਾ ਅੱਜ ਵੀ ਰੇਲਵੇ ਸਟੇਸ਼ਨ ਬਰਨਾਲਾ ਉੱਪਰ ਕਬਜਾ ਬਰਕਰਾਰ ਰਿਹਾ ਅਤੇ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਰੋਹਲੀ ਗਰਜ ਬੁਲੰਦ ਕੀਤੀ। ਰੇਲਵੇ ਸਟੇਸ਼ਨ ਉੱਪਰ ਸਮਾਗਮ ਦੀ ਸ਼ੁਰੂਆਤ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਨਾਟਕ ਟੀਮ ਵੱਲੋਂ ਕਲਮ , ਕਲਾ, ਸੰਗਰਾਮਾਂ ਦੀ ਸਾਝੀ ਜੋਟੀ ਪਾਉਂਦਿਆਂ ਵੱਲੋਂ ਮੌਜੂਦਾ ਦੌਰ ਦੇ ਬੇਹੱਦ ਢੁੱਕਵੇਂ ਵਿਸ਼ੇ ਕਿਸਾਨੀ ਨਾਟਕ ‘‘ ਉੱਠਣ ਦਾ ਵੇਲਾ’’ਨਾਲ ਹੋਈ।
ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਖੇਡੇ ਇਸ ਨਾਟਕ ਰਾਹੀਂ ਮੋਦੀ ਹਕੂਮਤ ਵੱਲੋਂ ਕਿਸਾਨਾਂ ਦੀਆਂ ਜਮੀਨਾਂ ਅਡਾਨੀਆਂ,ਅੰਬਾਨੀਆਂ ਸਮੁੇਤ ਵੱਡੇ ਵਪਾਰਕ ਘਰਾਣਿਆਂ ਨੂੰ ਸੌਂਪਣ ਦੇ ਖੋਟੇ ਮਨਸੂਬਿਆਂ ਨੂੰ ਸਮਝਦਿਆਂ ਸੰਘਰਸ਼ਾਂ ਦਾ ਸਾਝਾ ਵਿਸ਼ਾਲ ਪਿੜ ਮੱਲਣ ਦਾ ਹੋਕਾ ਦੇਣ ਵਿੱਚ ਸਫਲ ਰਿਹਾ। ਅੱਜ ਦੇ ਧਰਨੇ ਨੂੰ ਬੁਲਾਰਿਆਂ ਭਰਾਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਗੁਰਦੇਵ ਸਿੰਘ ਮਾਂਗੇਵਾਲ, ਬੀਕੇਯੂ ਕਾਦੀਆਂ ਦੇ ਜਗਸੀਰ ਸੀਰਾ, ਸਿਕੰਦਰ ਸਿੰਘ, ਬੀਕੇਯੂ ਸਿੱਧੂਪੁਰ ਦੇ ਨਛੱਤਰ ਸਿੰਘ ਸਹੌਰ, ਜਸਪਾਲ ਸਿੰਘ ਕਲਾਲਮਾਜਰਾ, ਪੰਜਾਬ ਕਿਸਾਨ ਯੂਨੀਅਨ ਦੇ ਜੱਗਾ ਸਿੰਘ ਬਦਰਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪਵਿੱਤਰ ਸਿੰਘ ਲਾਲੀ, ਗੁਰਪ੍ਰੀਤ ਗੋਪੀ, ਰਾਜੇਵਾਲ ਦੇ ਨਿਰਭੈ ਸਿੰਘ ਗਿਆਨੀ, ਸਾਧੂ ਸਿੰਘ, ਕੁਲ ਹਿੰਦ ਕਿਸਾਨ ਸਭਾ (ਸਾਂਬਰ) ਦੇ ਉਜਾਗਰ ਸਿੰਘ ਬੀਹਲਾ, ਕੁਲ ਹਿੰਦ ਕਿਸਾਨ ਸਭਾ ਦੇ ਨਿਰੰਜਣ ਸਿੰਘ ਠੀਕਰੀਵਾਲ, ਬੀਕੇਯੂ ਏਕਤਾ ਡਕੌਂਦਾ ਦੀਆਂ ਕਿਸਾਨ ਆਗੂ ਔਰਤਾਂ ਅਮਰਜੀਤ ਕੌਰ, ਪ੍ਰੇਮਪਾਲ ਕੌਰ, ਨੌਜਵਾਨ ਕਿਸਾਨ ਆਗੂ ਹਰਮੰਡਲ ਸਿੰਘ ਜੋਧਪੁਰ, ਜਗਰਾਜ ਸਿੰਘ ਹਰਦਾਸਪੁਰਾ, ਭੋਲਾ ਸਿੰਘ ਛੰਨਾਂ, ਕੁਲਵੰਤ ਸਿੰਘ ਭਦੌੜ, ਪਰਮਿੰਦਰ ਸਿੰਘ ਹੰਢਿਆਇਆ, ਕੁਲਵਿੰਦਰ ਸਿੰਘ ਉਪਲੀ ਅਤੇ ਬਾਬੂ ਸਿੰਘ ਖੁੱਡੀ ਕਲਾਂ ਨੇ ਵਿਚਾਰ ਪੇਸ਼ ਕਰਦਿਆਂ ਕੇਂਦਰ ਸਰਕਾਰ ਨੇ ਕਿਹਾ ਕਿ ਮੋਦੀ ਸਰਕਾਰ ਇੱਕ ਤੋਂ ਬਾਅਦ ਇੱਕ ਲੋਕ ਵਿਰੋਧੀ ਕਦਮ ਚੁੱਕ ਰਹੀ ਹੈ।
ਤਿੰਨ ਖੇਤੀ ਵਿਰੋਧੀ ਬਿਲਾਂ ਤੱਕ ਹੀ ਮੋਦੀ ਸਰਕਾਰ ਸੀਮਤ ਨਹੀਂ ਰਹਿ ਰਹੀ ਸਗੋਂ 16 ਨਵੰਬਰ ਤੱਕ ਜਨਤਕ ਖੇਤਰ ਦੇ ਅਦਾਰੇ ਭਾਰਤ ਪੈਟਰੋਲੀਅਮ, ਸ਼ਿਪਿੰਗ ਕਾਰਪੋਰੇਸ਼ਨ, ਏਅਰ ਇੰਡੀਆ, ਰੇਲਵੇ ਅਤੇ ਡਿਫੈਂਸ ਦੀ ਜਮੀਨ ਨੂੰ ਕੌਡੀਆਂ ਦੇ ਭਾਅ ਵੇਚਣ ਲਈ ਟੈਂਡਰ ਜਾਰੀ ਕਰ ਦਿੱਤੇ ਹਨ। ਇਸ ਤੋਂ ਵੀ ਦੋ ਕਦਮ ਅੱਗੇ ਜਾਂਦਿਆਂ ਕਿਰਤੀ ਕਾਮਿਆਂ ਦੀ ਖੂਨ ਪਸੀਨੇ ਦੀ ਜਮ੍ਹਾਂ ਕੀਤੀ ਕਮਾਈ ਪ੍ਰਾਵੀਡੈਂਟ ਫੰਡ ਦਾ ਪੈਸਾ ਵੀ ਮਾਰਕੀਟ ਵਿੱਚ ਅਡਾਨੀ, ਅੰਬਾਨੀਆਂ, ਮਿੱਤਲਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਕੇਂਦਰੀ ਹਕੂਮਤ ਦੇ ਇਸ ਕਿਸਾਨ/ਲੋਕ ਵਿਰੋਧੀ ਫੈਸਲੇ ਨੇ ਸੰਘ੍ਰਸ਼ਸ਼ੀਲ ਕਾਫਲਿਆਂ ਦੇ ਗੁੱਸੇ ਨੂੰ ਹੋਰ ਪ੍ਰਚੰਡ ਕੀਤਾ ਹੈ। ਬੁਲਾਰਿਆਂ ਕਿਹਾ ਕਿ ਪੰਜਾਬ ਦੀ ਜਰਖੇਜ ਜਮੀਨ ਫਸਲਾਂ ਹੀ ਨਹੀਂ ਪੈਦਾ ਕਰਦੀ ਸਗੋਂ ਫਸਲਾਂ ਦੀ ਰਾਖੀ ਲਈ ਸੰਘਰਸ਼ਸ਼ੀਲ ਜੋਧੇ ਵੀ ਪੈਦਾ ਕਰਦੀ ਆਈ ਹੈ। ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈਕੇ ਚਾਚਾ ਅਜੀਤ ਸਿੰਘ ਦੀ ਪੱਗੜੀ ਸੰਭਾਲ ਜੱਟਾ ਲਹਿਰ ਤੋਂ ਅੱਗੇ ਮੌਜੂਦਾ ਦੌਰ ਦਾ ਸਾਂਝਾ ਵਿਸ਼ਾਲ ਸੰਘਰਸ਼ ਇਸ ਗੱਲ ਦੀ ਸ਼ਾਹਦੀ ਭਰਦਾ ਹੈ।
ਮੋਦੀ ਹਕੂਮਤ ਦੀ ਹਰ ਲੋਕ ਵਿਰੋਧੀ ਸਜਿਸ਼ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਕਿਸਾਨੀ ਸੰਘਰਸ਼ ਤੋਂ ਘਬਰਾਈ ਹੋਈ ਕੇਂਦਰ ਦੀ ਮੋਦੀ ਹਕੂਮਤ ਕਦੇ ਕਹਿ ਰਹੀ ਹੈ ਕਿ ਖੇਤੀ ਬਿਲਾਂ ਨੂੰ ਲਾਗੂ ਕਰਨ ਤੋਂ ਇੱਕ ਇੰਚ ਵੀ ਪਿੱਛੇ ਨਹੀਂ ਹਟੇਗੀ। ਹੁਣ ਪੰਜਾਬ ਅੰਦਰ ਮਾਲ ਗੱਡੀਆਂ ਰੋਕ ਦਿੱਤੀਆਂ ਹਨ,ਕਿਉਂਕਿ ਕਣਕ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ। ਮੋਦੀ ਨੇ ਭਰਮ ਪਾਲਿਆਂ ਹੈ ਕਿ ਕਿਸਾਨ ਡੀ.ਏ.ਪੀ ਅਤੇ ਯੂਰੀਆ ਦੀ ਥੁੜ ਕਾਰਨ ਸੰਘਰਸ਼ ਨੂੰ ਵਾਪਸ ਲੈ ਲੈਣਗੇ। ਕਿਸਾਨਾਂ ਨੇ ਪਹਿਲਾਂ ਵੀ ਸਰਕਾਰਾਂ ਦੇ ਭਰਮ ਜਥੇਬੰਦਕ ਸੰਘਰਸ਼ ਰਾਹੀਂ ਤੋੜੇ ਹਨ, ਹੁਣ ਵੀ ਕਿਸਾਨ ਜਥੇਬੰਦੀਆਂ ਸਰਕਾਰ ਦਾ ਇਹ ਭੁਲੇਖਾ ਵੀ ਤੋੜ ਦੇਣਗੀਆਂ।
ਮੋਰਚੇ ਵਿੱਚ ਔਰਤਾਂ ਅਤੇ ਨੌਜਵਾਨਾਂ ਦੀ ਪਹਿਲਾਂ ਦੇ ਮੁਕਾਬਲੇ ਲਗਾਤਾਰ ਵਧ ਰਹੀ ਗਿਣਤੀ ਹਾਕਮਾਂ ਦੀ ਸਾਰੀਆਂ ਚਾਲਾਂ ਨੂੰ ਪਛਾੜਕੇ ਰੱਖ ਦੇਵੇਗੀ ਕੇਂਦਰੀ ਹਾਕਮਾਂ ਨੂੰ ਥੱਕਕੇ ਚੱਟਣ ਲਈ ਮਜਬੂਰ ਵੀ ਕਰੇਗੀ। ਰੇਲਵੇ ਸਟੇਸ਼ਨ ਬਰਨਾਲਾ ਤੋਂ ਇਲਾਵਾ ਰਿਲਾਇੰਸ-ਐਸਾਰ ਪਟਰੋਲ ਪੰਪ, ਮਹਿਲਕਲਾਂ ਟੋਲ ਪਲਾਜਾ, ਰਿਲਾਇੰਸ ਅਤੇ ਡੀ ਮਾਰਟ ਮਾਲ (ਛੇ ਥਾਵਾਂ) ਅੱਗੇ ਸੈਂਕੜੇ ਕਿਸਾਨਾਂ ਦੀ ਰੋਹਲੀ ਗਰਜ ਹੋਰ ਵਧੇਰੇ ਜੋਸ਼ ਨਾਲ ਸੁਣਾਈ ਦਿੰਦੀ ਰਹੀ। ਇਸ ਸਮੇਂ ਮੇਲਾ ਸਿੰਘ ਕੱਟੂ, ਬਿੱਕਰ ਸਿੰਘ ਔਲਖ ਆਗੂ ਵੀ ਹਾਜਰ ਸਨ।
**