ਰੌਕੀ ਨੇ ਦੜੇ ਸੱਟੇ ਦੇ ਕਾਰੋਬਾਰ ਨੂੰ ਵਧਾਉਣ ਅਤੇ ਲੋਕਾਂ ‘ਚ ਧਾਂਕ ਜਮਾਉਣ ਲਈ ਖਰੀਦੇ 2 ਪਿਸਤੌਲ-ਐਸ.ਐਸ.ਪੀ. ਦੁੱਗਲ
ਰਿਚਾ ਨਾਗਪਾਲ , ਪਟਿਆਲਾ, 27 ਅਕਤੂਬਰ:2020
ਪਟਿਆਲਾ ਪੁਲਿਸ ਵੱਲੋਂ ਬੀਤੇ ਦਿਨ ਗ੍ਰਿਫ਼ਤਾਰ ਕੀਤੇ ਕ੍ਰਿਕੇਟ ਆਈਪੀਐਲ ਮੈਚਾਂ ‘ਤੇ ਆਨਲਾਈਨ ਦੜਾ ਸੱਟਾ ਲਵਾਉਣ ਵਾਲੇ ਮੁੱਖ ਸਰਗਣਾ ਰੌਕੀ ਤੋਂ ਅੱਜ .32 ਬੋਰ ਪਿਸਤੌਲ ਦੇ ਨਾਜਾਇਜ਼ ਰੌਂਦ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਵੀ ਇੱਕ ਹੋਰ ਅਲੱਗ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਇਸ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਤੋ ਇਸਦਾ ਦੋ ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਸੀ। ਜਿਸ ਕੋਲੋਂ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਤੇ ਕੇਵਲ ਕ੍ਰਿਸ਼ਨ ਦੀ ਪੁਲਿਸ ਪਾਰਟੀ ਵੱਲੋਂ ਪੁੱਛਗਿੱਛ ਕੀਤੀ ਗਈ ਤਾਂ ਇਸ ਨੇ ਮੰਨਿਆ ਕਿ ਉਸ ਨੇ ਆਨਲਾਈਨ ਦੜੇ ਸੱਟੇ ਦੇ ਕਾਰੋਬਾਰ ਨੂੰ ਵਧਾਉਣ ਅਤੇ ਆਮ ਲੋਕਾਂ ‘ਚ ਆਪਣੀ ਧਾਂਕ ਜਮਾਉਣ ਲਈ ਦੋ ਲਾਇਸੈਂਸੀ ਪਿਸਤੌਲ ਖਰੀਦੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ 32 ਬੋਰ ਰਿਵਾਲਵਰ ਅਤੇ ਉਸ ਦੇ ਲਾਇਸੈਂਸ ‘ਤੇ 25 ਰੌਂਦ ਅਤੇ ਇੱਕ .32 ਬੋਰ ਪਿਸਟਲ ‘ਤੇ 25 ਰੌਂਦ ਚੜ੍ਹੇ ਹੋਏ ਹਨ। ਇਸਦੇ ਬਾਵਜੂਦ ਇਸ ਨੇ ਆਪਣਾ ਪ੍ਰਭਾਵ ਵਧਾਉਣ ਲਹੀ ਗ਼ੈਰ ਕਾਨੂੰਨੀ ਢੰਗ ਨਾਲ ਨਾਜਾਇਜ਼ 31 ਜਿੰਦਾ ਰੌਂਦ ਆਪਣੇ ਕੋਲ ਰੱਖੇ ਹੋਏ ਹਨ ਤਾਂ ਕਿ ਆਪਣੀ ਇੱਛਾ ਮੁਤਾਬਕ ਕਿਤੇ ਵੀ ਹਥਿਆਰ ਦੀ ਵਰਤੋਂ ਕਰ ਲਵੇ ਅਤੇ ਆਸਲਾ ਲਾਇਸੈਂਸ ‘ਤੇ ਚੜ੍ਹੇ ਹੋਏ ਰੌਂਦ ਪੂਰੇ ਰਹਿਣ ‘ਤੇ ਉਹ ਆਪਣੇ ਹਥਿਆਰਾਂ ਦੇ 25-25 ਰੌਂਦ ਕੁਲ 50 ਰੌਂਦ ਦਿਖਾ ਕੇ ਆਪਣੇ ਆਪ ਨੂੰ ਸਾਫ਼ ਰੱਖ ਸਕੇ। ਉਨ੍ਹਾਂ ਦੱਸਿਆ ਕਿ ਇਸ ਕੋਲੋਂ .32 ਦੇ ਨਾਜਇਜ਼ ਰੌਂਦ ਬਰਾਮਦ ਹੋਣ ‘ਤੇ ਇਸ ਵਿਰੁੱਧ ਇੱਕ ਹੋਰ ਮੁਕੱਦਮਾ ਨੰਬਰ 284 ਮਿਤੀ 27-10-2020 ਅਸਲਾ ਐਕਟ ਦੀਆਂ ਧਾਰਾਵਾਂ 25, 54, 59 ਤਹਿਤ ਥਾਣਾ ਸਿਟੀ ਰਾਜਪੁਰਾ ਵਿਖੇ ਦਰਜ ਕੀਤਾ ਗਿਆ ਹੈ।
ਸ੍ਰੀ ਦੁੱਗਲ ਨੇ ਦੱਸਿਆ ਕਿ ਇਹ ਵਿਅਕਤੀ ਬਹੁਤ ਹੁਸ਼ਿਆਰ ਕਿਸਮ ਦਾ ਵਿਅਕਤੀ ਹੈ, ਇਸ ਕੋਲੋਂ ਹੋਰ ਵੀ ਪੁੱਛਗਿੱਛ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਕੋਲੋਂ .32 ਪਿਸਟਲ ਦੇ 25 ਜਿੰਦਾ ਰੌਂਦ ਅਤੇ .32 ਬੋਰ ਰਿਵਾਲਵਰ ਦੇ 6 ਜਿੰਦਾ ਰੌਂਦ ਬਰਾਮਦ ਹੋਏ ਸਨ। ਰੌਕੀ ਪੁੱਤਰ ਲੇਟ ਸੁਰੇਸ਼ ਕੁਮਾਰ ਕੋਲੋਂ 2 ਲੱਖ 64,000 ਰੁਪਏ ਦੀ ਨਗ਼ਦੀ, ਇੱਕ ਲੈਪਟਾਪ ਤੇ ਵੀਵੋ ਕੰਪਨੀ ਦੇ ਦੋ ਮੋਬਾਇਲ ਫੋਨ ਬਰਾਮਦ ਕੀਤੇ ਗਏ ਸਨ। ਇਹ ਵਿਅਕਤੀ ਕ੍ਰਿਕੇਟਆਈਪੀਐਲ ਮੈਚਾ ‘ਤੇ ਆਨ ਲਾਈਨ ਸਾਈਟ ਐਪ ਰਾਹੀ ਰਾਜਪੁਰਾ ਵਿੱਚ ਦੜੇ ਸੱਟੇ ਦਾ ਕਾਰੋਬਾਰ ਕਰਦਾ ਸੀ, ਇਸ ਵਿਰੁੱਧ ਮੁਕੱਦਮਾ ਨੰਬਰ 246 ਮਿਤੀ 25-10-2020 ਅ/ਧ 420,120 ਬੀ ਅਤੇ 13-ਏ/3/67 ਜੂਆ ਐਕਟ ਤਹਿਤ ਥਾਣਾ ਸਿਟੀ ਰਾਜਪੁਰਾ ਵਿਖੇ ਦਰਜ ਕੀਤਾ ਗਿਆ ਸੀ।