2.64 ਲੱਖ ਰੁਪਏ, ਇੱਕ ਲੈਪਟਾਪ ਤੇ ਵੀਵੋ ਕੰਪਨੀ ਦੇ ਦੋ ਮੋਬਾਇਲ ਫੋਨ ਬਰਾਮਦ-ਐਸ.ਐਸ.ਪੀ.ਦੁੱਗਲ
ਰਿਚਾ ਨਾਗਪਾਲ ,ਪਟਿਆਲਾ, 26 ਅਕਤੂਬਰ:2020
ਪਟਿਆਲਾ ਪੁਲਿਸ ਨੇ ਕ੍ਰਿਕੇਟ ਆਈਪੀਐਲ ਮੈਚਾ ‘ਤੇ ਆਨਲਾਈਨ ਦੜਾ ਸੱਟਾ ਲਗਾਉਣ ਵਾਲੇ ਮੁੱਖ ਸਰਗਣੇ ਨੂੰ ਕਾਬੂ ਕਰਕੇ 2 ਲੱਖ 64,000 ਰੁਪਏ ਦੀ ਨਗ਼ਦੀ, ਇੱਕ ਲੈਪਟਾਪ ਤੇ ਵੀਵੋ ਕੰਪਨੀ ਦੇ ਦੋ ਮੋਬਾਇਲ ਫੋਨ ਬਰਾਮਦ ਕੀਤੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਵਿਕਰਮਜੀਤ ਦੁੱਗਲ ਦੱਸਿਆ ਕਿ ਪਟਿਆਲਾ ਪੁਲਿਸ ਨੇ ਕ੍ਰਿਕੇਟ ਆਈਪੀਐਲ ਮੈਚਾ ‘ਤੇ ਆਨ ਲਾਈਨ ਸਾਈਟ ਐਪ ਰਾਹੀ ਰਾਜਪੁਰਾ ਵਿੱਚ ਦੜੇ ਸੱਟੇ ਦਾ ਕਾਰੋਬਾਰ ਕਰਨ ਵਾਲੇ ਰੌਕੀ ਪੁੱਤਰ ਲੇਟ ਸੁਰੇਸ਼ ਕੁਮਾਰ ਵਾਸੀ ਦੁਰਗਾ ਮੰਦਰ ਰੋਡ ਰਾਜਪੁਰਾ ਟਾਊਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗਿਰਫਤਾਰ ਦੋਸ਼ੀ ਵਿਰੁੱਧ ਮੁਕੱਦਮਾ ਨੰਬਰ 246 ਮਿਤੀ 25-10-2020 ਅ/ਧ 420,120 ਬੀ ਅਤੇ 13-ਏ/3/67 ਜੂਆ ਐਕਟ ਤਹਿਤ ਥਾਣਾ ਸਿਟੀ ਰਾਜਪੁਰਾ ਵਿਖੇ ਦਰਜ ਕੀਤਾ ਗਿਆ ਹੈ।
ਸ੍ਰੀ ਦੁੱਗਲ ਨੇ ਦੱਸਿਆ ਕਿ 25 ਅਕਤੂਬਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਸੀ ਕਿਕ੍ਰੇਟ ਦੇ ਆਈਪੀਐਲ ਮੈਚ ਚੱਲ ਰਹੇ ਹੋਣ ਕਰਕੇ ਰਾਜਪੁਰਾ ਸ਼ਹਿਰ ਵਿੱਚ ਰੌਕੀ ਨਾਮ ਦਾ ਵਿਅਕਤੀ ਆਪਣੇ ਕੁਝ ਹੋਰ ਸਾਥੀਆਂ ਨਾਲ ਰਲ ਕੇ ਆਨ ਲਾਇਨ ਦੜਾ ਸੱਟਾ ਲਗਾਉਂਦਾ ਹੈ। ਰੌਕੀ ਇਸ ਐਪ ਦਾ ਮਾਸਟਰ ਹੈ ਅਤੇ ਉਹ ਆਪਣੇ ਹੋਰ ਸਾਥੀਆ ਨਾਲ ਆਪਸ ਵਿੱਚ ਰਲਕੇ ਦੜੇ ਸੱਟੇ ਦਾ ਕੰਮ ਚਲਾਉਦਾ ਹੈ। ਇਸ ਕੰਮ ਲਈ ਗ੍ਰਾਹਕਾਂ ਦਾ ਭਰੋਸਾ ਬਣਾਉਣ ਲਈ ਉਹਨਾਂ ਨੂੰ ਸੱਟਾ ਖਿਡਾਉਣ ਦੇ ਨਾਲ ਸਕਰੀਨ ਤੇ ਟੈਲੀਵੀਜਨ ‘ਤੇ ਚੱਲ ਰਹੇ ਪ੍ਰੋਗਰਾਮ ਵੀ ਦਿਖਾਉਦੇ ਹਨ।
ਇਸ ਸੱਟੇ ਦੇ ਖੇਡ ਨੂੰ ਚਲਾਉਣ ਲਈ ਇਹ ਵਿਅਕਤੀ ਪੇਟੀਐਮ ਵਾਲਟ/ਬੈਂਕ ਦਾ ਆਪਣੇ-ਆਪਣੇ ਮੋਬਾਇਲ ਫੋਨ ਨੰਬਰਾਂ ਰਾਹੀ ਇਸਤੇਮਾਲ ਕਰਦੇ ਹਨ। ਇਨ੍ਹਾਂ ਨੇ ਅਜਿਹਾ ਕਰਕੇ ਪਿਛਲੇ ਕੁੱਝ ਮਹੀਨਿਆ ਵਿੱਚ ਹੀ ਕਰੀਬ ਡੇਢ ਕਰੋੜ ਰੁਪਏ ਦਾ ਗ਼ੈਰ ਕਾਨੂੰਨੀ ਢੰਗ ਨਾਲ ਪੇਟੀਐਮ ਰਾਹੀ ਲੈਣ ਦੇਣ ਕੀਤਾ ਹੈ। ਇਹ ਵਿਅਕਤੀ ਪਟਿਆਲਾ ਅਤੇ ਰਾਜਪੁਰਾ ਦੇ ਏਰੀਆ ਵਿੱਚ ਘੁੰਮ ਕੇ ਵੀ ਪੇਟੀਐਮ, ਲੈਪਟਾਪ ਜਰੀਏ ਨਗਦ, ਭੋਲੇ ਭਾਲੇ ਲੋਕਾਂ ਨੂੰ ਲਾਲਚ ਦੇ ਕੇ ਧੋਖੇ ਵਿੱਚ ਰੱਖ ਕੇ ਉਨ੍ਹਾਂ ਤੋਂ ਕ੍ਰਿਕਟ ਆਈਪੀਐਲ ਮੈਚਾਂ ਹੋਰ ਖੇਡਾ ‘ਤੇ ਦੜਾ ਸੱਟਾ ਲਗਵਾਉਦੇ ਹਨ।
ਸ੍ਰੀ ਦੁੱਗਲ ਨੇ ਦੱਸਿਆ ਕਿ ਇਨ੍ਹਾਂ ਵੱਲੋਂ ਅਜਿਹਾ ਕਰਕੇ ਜਿੱਥੇ ਆਮ ਲੋਕਾਂ ਨੂੰ ਝਾਂਸਾ ਦੇ ਕੇ ਠੱਗੀ ਮਾਰੀ ਜਾਂਦੀ ਹੈ, ਉਥੇ ਹੀ ਇਨ੍ਹਾਂ ਵੱਲੋਂ ਸਰਕਾਰ ਨੂੰ ਵੀ ਕਰੋੜਾ ਰੁਪਏ ਦਾ ਚੂਨਾ ਲਗਾਇਆ ਜਾਂਦਾ ਹੈ। ਇਸ ਸੂਚਨਾ ਦੇ ਅਧਾਰ ‘ਤੇ ਏ.ਐਸ.ਆਈ. ਗੁਰਦੀਪ ਸਿੰਘ ਤੇ ਛਿੰਦਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਨੇ ਕਾਰਵਾਈ ਕਰਦੇ ਹੋਏ ਰੌਕੀ ਦੇ ਰਿਹਾਇਸ਼ੀ ਮਕਾਨ ‘ਤੇ ਛਾਪੇਮਾਰੀ ਕਰਕੇ ਇਸਨੂੰ ਗ੍ਰਿਫ਼ਤਾਰ ਕਰ ਲਿਆ।
ਐਸ.ਐਸ.ਪੀ. ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਰੌਕੀ ਆਪਣੇ ਮਾਸਟਰ ਆਈ.ਡੀ. ਤੋਂ 30/35 ਗ੍ਰਾਹਕਾਂ ਦੀ ਆਈ.ਡੀ ਬਣਾ ਕੇ ਕਿਕ੍ਰੇਟ ਆਈਪੀਐਲ ਮੈਚ ਅਤੇ ਹੋਰ ਆਨ ਲਾਈਨ ਗੇਮਾਂ ‘ਤੇ ਸੱਟਾ ਲਗਵਾਉਦਾ ਹੈ ਅਤੇ ਗ੍ਰਾਹਕਾ ਤੋਂ ਪੇਮੈਂਟ ਨਗ਼ਦ ਜਾਂ ਪੇਟੀਐਮ ਬੈਂਕ ਰਾਹੀ ਮੰਗਵਾਉਦਾ ਸੀ। ਉਸ ਨਾਲ ਇਸ ਐਪ ‘ਤੇ ਸਿੱਧੇ ਤੌਰ ‘ਤੇ ਜੂਆ ਖੇਡਣ ਵਾਲੇ ਬਹੁਤ ਸਾਰੇ ਲੋਕ ਜੁੜੇ ਹੋਏ ਹਨ। ਉਸ ਦੇ ਗ੍ਰਾਹਕ ਜਿਹਨਾਂ ਨੂੰ ਜੁਆਰੀਆ ਦੀ ਭਾਸ਼ਾ ਵਿਚ ਫੈਂਟਰ ਕਹਿੰਦੇ ਹਨ, ਉਹ ਕਿਕ੍ਰੇਟ, ਫੁੱਟਬਾਲ, ਵਾਲੀਵਾਲ, ਬਾਸਕਟਬਾਲ, ਲਾਅਨ ਟੈਨਿਸ, ਟੇਬਲ ਟੈਨਿਸ, ਹਾਕੀ, ਵਗੈਰਾ ਕਿਸੇ ਵੀ ਗੇਮ ‘ਤੇ ਆਨ ਲਾਈਨ ਸੱਟਾ ਲਗਾਉਦੇ ਹਨ।
ਐਸ.ਐਸ.ਪੀ. ਨੇ ਦੱਸਿਆ ਕਿ ਇਹਨਾਂ ਗੇਮਾਂ ਤੋਂ ਇਲਾਵਾ ਬਹੁਤ ਸਾਰੀਆ ਤਾਸ਼ ਦੀਆਂ ਖੇਡਾਂ ‘ਤੇ ਵੀ ਸੱਟਾ ਲਗਾਇਆ ਜਾਂਦਾ ਹੈ। ਇਹ ਸੱਟਾ ਗ੍ਰਾਹਕ ਦੀ ਇੱਛਾ ਮੁਤਾਬਿਕ ਹੀ ਲੱਗਦਾ ਹੈ। ਸ੍ਰੀ ਦੁੱਗਲ ਨੇ ਦੱਸਿਆ ਕਿ ਰੌਕੀ ਖ਼ਿਲਾਫ਼ ਪਹਿਲਾਂ ਵੀ ਦੜੇ ਸੱਟੇ ਦਾ ਇੱਕ ਮੁਕੱਦਮਾ ਦਰਜ ਹੈ। ਉਨ੍ਹਾਂ ਕਿਹਾ ਕਿ ਇਸ ਵਿਅਕਤੀ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਦੇ ਬਾਕੀ ਸਾਥੀਆ ਦੇ ਟਿਕਾਣੇ ਪਤਾ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਵਿਰੁੱਧ ਥਾਣਾ ਸ਼ੰਭੂ ਵਿਖੇ ਵੀ ਜੂਏ ਸਬੰਧੀਂ 2018 ‘ਚ ਇੱਕ ਮੁਕੱਦਮਾ ਦਰਜ ਹੈ।