ਮੋਦੀ ਹਕੂਮਤ ਖਿਲ਼ਾਫ ਕਿਸਾਨ ਸੰਘਰਸ਼ਾਂ ਦੇ 26 ਵੇਂ ਦਿਨ ਕਿਸਾਨਾਂ ਨੇ ਹੋਰ ਤਿੱਖਾ ਸੰਘਰਸ਼ ਕਰਨ ਦਾ ਕੀਤਾ ਅਹਿਦ
ਹਰਿੰਦਰ ਨਿੱਕਾ / ਅਜੀਤ ਸਿੰਘ ਕਲਸੀ , ਬਰਨਾਲਾ 26 ਅਕਤੂਬਰ 2020
ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਪੰਜਾਬ ਅੰਦਰ ਮਾਲ ਗੱਡੀਆਂ ਬੰਦ ਕਰਨ ਦੇ ਫੈਸਲੇ ਤੇ ਤਿੱਖਾ ਪ੍ਰਤੀਕ੍ਰਮ ਪ੍ਰਗਟ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਇਸ ਫੈਸਲੇ ਨੇ ਕਿਸਾਨਾਂ ਦੇ ਜਖਮਾਂ ਤੇ ਲੂਣ ਭੁੱਕਿਆ ਹੈ। ਮੋਦੀ ਸਰਕਾਰ ਦੇ ਮਾਲ ਗੱਡੀਆਂ ਬੰਦ ਕਰਨ ਦੇ ਨਿਰਣੇ ਵਿਰੁੱਧ ਕਿਸਾਨਾਂ ਨੇ ਰੇਲਵੇ ਸਟੇਸ਼ਨ ਤੇ ਜੋਰਦਾਰ ਨਾਰੇਬਾਜੀ ਕਰਕੇ ਰੋਸ ਜਤਾਇਆ। 30 ਕਿਸਾਨ ਜਥੇਬੰਦੀਆਂ ਵੱਲੋਂ ਉਲੀਕਿਆ ਗਿਆ ਸਾਂਝਾ ਸੰੰਘਰਸ਼ ਅੱਜ 26 ਵੇਂ ਦਿਨ ਵਿੱਚ ਦਾਖਲ ਹੋ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰੀ ਹਕੂਮਤ ਦੇ ਇਸ ਕਿਸਾਨ/ਲੋਕ ਵਿਰੋਧੀ ਫੈਸਲੇ ਨੇ ਸੰਘਰਸ਼ਸ਼ੀਲ ਕਾਫਲਿਆਂ ਦੇ ਗੁੱਸੇ ਨੂੰ ਹੋਰ ਪ੍ਰਚੰਡ ਕੀਤਾ ਹੈ । ਯਾਦ ਰਹੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਵੱਲੋਂ ਕੇਂਦਰੀ ਸਰਕਾਰ ਵੱਲੋਂ ਜਾਰੀ ਕੀਤੇ ਤਿੰਨੇ ਖੇਤੀ ਵਿਰਧੀ ਬਿੱਲ ਅਤੇ ਬਿਜਲੀ ਸੋਧ ਬਿਲ-2020 ਰੱਦ ਕਰਨ ਤੋਂ ਬਾਅਦ ਲੋਕ/ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਸਿਰਫ ਮਾਲ ਗੱਡੀਆਂ ਲੰਘਣ ਦੀ ਇਜਾਜਤ ਦੇ ਦਿੱਤੀ ਸੀ। ਪਰ ਬੀਤੇ ਕੱਲ੍ਹ ਅਚਾਨਕ ਕੇਂਦਰ ਸਰਕਾਰ ਨੇ 23 ਅਕਤੂਬਰ ਨੂੰ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਪੰਜਾਬ ਅੰਦਰ ਮਾਲ ਗੱਡੀਆਂ ਬੰਦ ਕਰਨ ਦੇ ਜੁਬਾਨੀ ਫੁਰਮਾਨ ਜਾਰੀ ਕਰ ਦਿੱਤੇ ਹਨ।
ਕੇਂਦਰ ਸਰਕਾਰ ਨੇ ਜੋ ਗੱਡੀਆਂ ਪੰਜਾਬ ਵਿੱਚ ਮੌਜੂਦ ਹਨ , ਨੂੰ ਵੀ ਵਾਪਸ ਬੁਲਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਬੀਤੇ ਕੱਲ੍ਹ ਦੁਸਿਹਰੇ ਮੌਕੇ ਪਿੰਡਾਂ/ਸ਼ਹਿਰਾਂ/ਕਸਬਿਆਂ ਵਿੱਚ ਪੰਜਾਬ ਦੀ ਵਿਸ਼ਾਲ ਲੋਕਾਈ ਨੇ ਇੱਕਜੁੱਟ ਹੋਕੇ ਮੋਦੀ/ਸ਼ਾਹ/ਨੱਢਾ ਅਤੇ ਪੂੰਜੀਪਤੀ ਘਰਾਣਿਆਂ(ਅੰਬਾਨੀ,ਅਡਾਨੀਆਂ) ਦੇ ਦਿਉ ਕੱਦ ਪੁਤਲੇ ਜਫੂਕਕੇ ਕੇਂਦਰ ਸਰਕਾਰ ਖਿਲਾਫ ਆਪਣੇ ਗੁੱਸੇ ਦਾ ਤਿੱਖਾ ਇਜਹਾਰ ਕੀਤਾ ਹੈ। ਕਿਸਾਨੀ ਸੰਘਰਸ਼ ਤੋਂ ਘਬਰਾਈ ਹੋਈ ਕੇਂਦਰ ਦੀ ਮੋਦੀ ਹਕੂਮਤ ਕਦੇ ਕਹਿ ਰਹੀ ਹੈ ਕਿ ਖੇਤੀ ਬਿਲਾਂ ਨੂੰ ਲਾਗੂ ਕਰਨ ਤੋਂ ਇੱਕ ਇੰਚ ਵੀ ਪਿੱਛੇ ਨਹੀਂ ਹਟੇਗੀ। ਹੁਣ ਪੰਜਾਬ ਅੰਦਰ ਮਾਲ ਗੱਡੀਆਂ ਰੋਕ ਦਿੱਤੀਆਂ ਹਨ,ਕਿਉਂਕਿ ਕਣਕ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ। ਮੋਦੀ ਨੇ ਭਰਮ ਪਾਲਿਆਂ ਹੈ ਕਿ ਕਿਸਾਨ ਡੀ.ਏ.ਪੀ ਅਤੇ ਯੂਰੀਆ ਦੀ ਥੁੜ ਕਾਰਨ ਆਪਣੇ ਸੰਘਰਸ਼ ਨੂੰ ਵਾਪਸ ਲੈ ਲੈਣਗੇ। ਕਿਸਾਨਾਂ ਨੇ ਪਹਿਲਾਂ ਵੀ ਸਰਕਾਰਾਂ ਦੇ ਭਰਮ ਜਥੇਬੰਦਕ ਸੰਘਰਸ਼ ਰਾਹੀਂ ਤੋੜੇ ਹਨ, ਹੁਣ ਵੀ ਕਿਸਾਨ ਜਥੇਬੰਦੀਆਂ ਸਰਕਾਰ ਦਾ ਇਹ ਭੁਲੇਖਾ ਵੀ ਤੋੜ ਦੇਣਗੀਆਂ।
ਮੋਰਚੇ ਵਿੱਚ ਔਰਤਾਂ ਅਤੇ ਨੌਜਵਾਨਾਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਅੱਜ ਹੋਰ ਵੀ ਵਧ ਨਜਰ ਆਈ । ਮੋਰਚੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ 27 ਅਕਤੂਬਰ ਨੂੰ ਕੁੱਲ ਹਿੰਦ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਖੇਤੀ ਬਿਲਾਂ ਖਿਲ਼ਾਫ ਮੁਲਕ ਭਰ ਦੀਆਂ 250 ਤੋਂ ਵਧੇਰੇ ਕਿਸਾਨ ਜਥੇਬੰਦੀਆਂ ਵੱਲੋਂ ਜੋ ਵੀ ਸੰਘਰਸ਼ ਦਾ ਫੈਸਲਾ ਕੀਤਾ ਜਾਵੇਗਾ । ਉਸ ਨੂੰ ਵੀ ਪੂਰੀ ਤਨਦੇਹੀ ਨਾਲ ਲਾਗੂ ਕਰਕੇ ਕੇਂਦਰ ਨੂੰ ਕਾਲੇ ਕਾਨੂੰਂਨ ਵਾਪਿਸ ਲੈਣ ਲਈ ਮਜਬੂਰ ਕੀਤਾ ਜਾਵੇਗਾ। ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਗੁਰਦੇਵ ਸਿੰਘ ਮਾਂਗੇਵਾਲ, ਬੀਕੇਯੂ ਕਾਦੀਆਂ ਦੇ ਜਗਸੀਰ ਸੀਰਾ, ਸਿਕੰਦਰ ਸਿੰਘ, ਬੀਕੇਯੂ ਸਿੱਧੂਪੁਰ ਦੇ ਨਛੱਤਰ ਸਿੰਘ ਸਹੌਰ, ਜਸਪਾਲ ਸਿੰਘ ਕਲਾਲਮਾਜਰਾ, ਪੰਜਾਬ ਕਿਸਾਨ ਯੂਨੀਅਨ ਦੇ ਜੱਗਾ ਸਿੰਘ ਬਦਰਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪਵਿੱਤਰ ਸਿੰਘ ਲਾਲੀ, ਗੁਰਪ੍ਰੀਤ ਗੋਪੀ, ਰਾਜੇਵਾਲ ਦੇ ਨਿਰਭੈ ਸਿੰਘ ਗਿਆਨੀ, ਸਾਧੂ ਸਿੰਘ, ਕੁਲ ਹਿੰਦ ਕਿਸਾਨ ਸਭਾ (ਸਾਂਬਰ) ਦੇ ਉਜਾਗਰ ਸਿੰਘ ਬੀਹਲਾ, ਕੁਲ ਹਿੰਦ ਕਿਸਾਨ ਸਭਾ ਦੇ ਨਿਰੰਜਣ ਸਿੰਘ ਠੀਕਰੀਵਾਲ, ਬੀਕੇਯੂ ਏਕਤਾ ਡਕੌਂਦਾ ਦੀਆਂ ਕਿਸਾਨ ਆਗੂ ਔਰਤਾਂ ਅਮਰਜੀਤ ਕੌਰ, ਪ੍ਰੇਮਪਾਲ ਕੌਰ, ਨੌਜਵਾਨ ਕਿਸਾਨ ਆਗੂ ਹਰਮੰਡਲ ਸਿੰਘ ਜੋਧਪੁਰ, ਮੋਹਣ ਸਿੰਘ ਰੂੜੇਕੇ, ਜਗਰਾਜ ਸਿੰਘ ਹਰਦਾਸਪੁਰਾ, ਭੋਲਾ ਸਿੰਘ ਛੰਨਾਂ, ਕੁਲਵੰਤ ਸਿੰਘ ਭਦੌੜ, ਪਰਮਿੰਦਰ ਸਿੰਘ ਹੰਢਿਆਇਆ, ਕੁਲਵਿੰਦਰ ਸਿੰਘ ਉਪਲੀ ਅਤੇ ਬਾਬੂ ਸਿੰਘ ਖੁੱਡੀਕਲਾਂ ਨੇ ਵਿਚਾਰ ਪੇਸ਼ ਕਰਦਿਆਂ ਕਿਸਾਨ ਕਾਫਲਿਆਂ ਨੂੰ ਹੁੰਮ ਹੁਮਾਕੇ ਪੁੱਜਣ ਦੀ ਜੋਰਦਾਰ ਅਪੀਲ ਕੀਤੀ। ਰੇਲਵੇ ਸਟੇਸ਼ਨ ਬਰਨਾਲਾ ਤੋਂ ਇਲਾਵਾ ਰਿਲਾਇੰਸ-ਐਸਾਰ ਪਟਰੋਲ ਪੰਪ, ਮਹਿਲਕਲਾਂ ਟੋਲ ਪਲਾਜਾ, ਰਿਲਾਇੰਸ ਅਤੇ ਡੀ ਮਾਰਟ ਮਾਲ (ਛੇ ਥਾਵਾਂ) ਅੱਗੇ ਸੈਂਕੜੇ ਕਿਸਾਨਾਂ ਦੀ ਰੋਹਲੀ ਗਰਜ ਹੋਰ ਵਧੇਰੇ ਜੋਸ਼ ਨਾਲ ਸੁਣਾਈ ਦਿੰਦੀ ਰਹੀ।