ਹਰਿੰਦਰ ਨਿੱਕਾ , ਬਰਨਾਲਾ 26 ਅਕਤੂਬਰ 2020
ਜਿਲ੍ਹੇ ਦੇ ਪਿੰਡ ਚੂੰਘਾ ,ਚ ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਨੂੰ ਨਸ਼ੇੜੀ ਪਤੀ ਨੇ ਆਪਣੀ ਪਤਨੀ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਕਮਲਪ੍ਰੀਤ ਕੌਰ ਪੁੱਤਰੀ ਭੋਲਾ ਸਿੰਘ ਨਿਵਾਸੀ ਪਿੰਡ ਗੰਗਾ ਨਜਦੀਕ ਪੂਹਲਾ ਦਾ ਵਿਆਹ ਕਰੀਬ 3 ਸਾਲ ਪਹਿਲਾਂ ਸੋਮਾ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਚੂੰਘਾ ,ਥਾਣਾ ਟੱਲੇਵਾਲ ਨਾਲ ਹੋਈ। ਵਿਆਹ ਤੋਂ ਬਾਅਦ ਕਮਲਪ੍ਰੀਤ ਕੌਰ ਨੇ ਮੁੰਡੇ ਨੂੰ ਜਨਮ ਦਿੱਤਾ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਮੁਤਾਬਿਕ ਸੋਮਾ ਸਿੰਘ ਸ਼ਰਾਬੀ ਕਿਸਮ ਦਾ ਵਿਅਕਤੀ ਹੈ,ਵਿਆਹ ਤੋਂ ਕੁੱਝ ਸਮਾਂ ਬਾਅਦ ਹੀ ਸੋਮਾ ਸਿੰਘ ਨੇ ਕਮਲਪ੍ਰੀਤ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਐਤਵਾਰ ਦੀ ਰਾਤ ਕਰੀਬ 11 ਵਜੇ ਸੋਮਾ ਸਿੰਘ ਨੇ ਕਮਲਪ੍ਰੀਤ ਕੌਰ ਨੂੰ ਕੁੱਟਮਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।