ਦੁਸ਼ਿਹਰੇ ਮੌਕੇ ਕਿਸਾਨਾਂ ਨੇ ਫੂਕੇ ਮੋਦੀ ਦੇ ਪੁਤਲੇ , ਸਿੰਨ੍ਹ-ਸਿੰਨ੍ਹ ਕੇ ਛੱਡੇ ਸ਼ਬਦਾਂ ਦੇ ਤਿੱਖੇ ਤੀਰ

Advertisement
Spread information

ਕਿਸਾਨ ਸੰਘਰਸ਼ ਦੇ ਨਾਮ ਰਿਹਾ ਦੁਸ਼ਹਿਰੇ ਦਾ ਤਿਉਹਾਰ, ਨਾਅਰਿਆਂ ਨਾਲ ਗੂੰਜੇ ਸ਼ਹਿਰ ਦੇ ਬਜਾਰ


ਹਰਿੰਦਰ ਨਿੱਕਾ/ਕੁਲਵੰਤ ਰਾਏ ਗੋਇਲ , ਬਰਨਾਲਾ 25 ਅਕਤੂਬਰ 2020 

              ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਉਹਾਰ ,, ਅੱਜ ਪੂਰੀ ਤਰਾਂ ਕਿਸਾਨ ਸੰਘਰਸ਼ ਦੇ ਨਾਮ ਹੀ ਰਿਹਾ।  ਕਿਸਾਨਾਂ ਦਾ ਠਾਠਾਂ ਮਾਰਦਾ ਇਕੱਠ ਕੇਂਦਰ ਅਤੇ ਸੂਬਾ ਸਰਕਾਰ ਨੂੰ ਚੇਤਾਵਨੀ ਦੇ ਰਿਹਾ ਸੀ ਕਿ ਉਨਾਂ ਦੀ ਅਵਾਜ ਨੂੰ ਹੁਣ ਹੋਰ ਬਹੁਤੀ ਦੇਰ ਅਣਗੌਲਿਆ ਕਰਨਾ ਮੁਸ਼ਕਿਲਾਂ ਨੂੰ ਸੱਦਾ ਦੇਣ ਦੇ ਬਰਾਬਰ ਹੀ ਹੋਵੇਗਾ। ਪਿੰਡਾਂ ਤੋਂ ਸ਼ਹਿਰ ਵੱਲ ਆਉਣ ਵਾਲੇ ਸਾਰੇ ਹੀ ਰਸਤਿਆਂ ਤੋਂ ਕਿਸਾਨਾਂ ਨਾਲ ਭਰੀਆਂ ਆ ਰਹੀਆਂ ਟਰੈਕਟਰ-ਟਰਾਲੀਆਂ ਨੇ ਖੁਫੀਆ ਏਜੰਸੀਆਂ ਨੂੰ ਵੀ ਕਿਸਾਨਾਂ ਦੇ ਰੋਹ ਦੀਆਂ ਚਿਣਗਾਂ ਬਾਰੇ ਨਵੇਂ ਸਿਰਿਉਂ ਸੋਚਣ ਲਈ ਮਜਬੂਰ ਕਰ ਦਿੱਤਾ। ਸ਼ਹਿਰ ਅੰਦਰ ਬਸੰਤੀ ਅਤੇ ਹਰੇ ਰੰਗ ਦੀਆਂ ਚੁੰਨੀਆਂ ਅਤੇ ਪੱਗਾਂ ਹਰ ਕਿਸੇ ਦਾ ਧਿਆਨ ਆਪਣੀ ਤਰਫ ਖਿੱਚਦੀਆਂ ਰਹੀਆਂ।                                                                   

Advertisement

          ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੱਦੇ ਤੇ ਹਜਾਰਾਂ ਦੀ ਸੰਖਿਆ ਵਿੱਚ ਨੌਜਵਾਨ,ਔਰਤਾਂ ਅਤੇ ਪੁਰਸ਼ ਕਿਸਾਨ ਕਾਲਾ ਮਹਿਰ ਸਟੇਡੀਅਮ ਵਿਖੇ ਪਹੁੰਚੇ। ਵੱਡੀ ਗਿਣਤੀ ‘ਚ ਔਰਤਾਂ ਅਤੇ ਨੌਜਵਾਨ ਕਿਸਾਨਾਂ ਦੇ ਕਾਫਲਿਆਂ ਨੇ ਪ੍ਰਬੰਧਕਾਂ ਵੱਲੋਂ ਕੀਤੇ ਪ੍ਰਬੰਧ ਵੀ ਬੌਣੇ ਸਾਬਿਤ ਕਰ ਦਿੱਤੇ। ਜਿਨ੍ਹਾਂ ਇਕੱਠ , ਲਾਏ ਗਏ ਪੰਡਾਲ ਵਿੱਚ ਰਿਹਾ, ਉਸ ਤੋਂ ਕਈ ਗੁਣਾ ਜਿਆਦਾ ਲੋਕ ਸਟੇਡਿਅਮ ਦੀਆਂ ਪੌੜੀਆਂ ਅਤੇ ਆਸ ਪਾਸ ਘੁੰਮਦੇ ਰਹੇ। ਸਟੇਡੀਅਮ ਵਿੱਚ ਬਸੰਤੀ ਰੰਗ ਦੀਆਂ ਚੁੰਨੀਆਂ ਦਾ ਹੜ੍ਹ ਦੇਖਣ ਨੂੰ ਮਿਲਿਆ। ਲੱਗਭੱਗ ਅਜਿਹਾ ਹੀ ਦ੍ਰਿਸ਼ ਸੂਬੇ ਦੀਆਂ 30 ਕਿਸਾਨ ਜਥੇਬੰਦੀਆਂ ਦੇ ਉਸਰੇ ਸਾਂਝੇ ਮੰਚ ਦੇ ਸੱਦੇ ਤੇ 25 ਏਕੜ ਦੇ ਗਰਾਉਂਡ ਵਿੱਚ ਪਹੁੰਚੇ ਸੰਘਰਸ਼ੀਲ ਲੋਕਾਂ ਦਾ ਨਜ਼ਰ ਆਇਆ । ਫਰਕ ਸਿਰਫ ਇਹ ਰਿਹਾ ਕਿ ਇਸ ਜਗ੍ਹਾ ਤੇ ਚੁੰਨੀਆਂ ਅਤੇ ਪੱਗਾਂ ਦਾ ਰੰਗ ਹਰਾ ਹੀ ਹਰਾ ਵੇਖਣ ਨੂੰ ਮਿਲਿਆ। 30 ਕਿਸਾਨ ਜਥੇਬੰਦੀਆਂ ਦੇ ਸੱਦੇ ਉੱਤੇ ਰੇਲਵੇ ਸਟੇਸ਼ਨ ਬਰਨਾਲਾ ਤੇ ਇਕੱਠੇ ਹੋਏ ਕਿਸਾਨ ਵੱਡੇ ਰੋਸ ਮਾਰਚ ਰਾਹੀਂ ਮੋਦੀ ਸਰਕਾਰ ਵਿਰੋਧੀ ਨਾਅਰੇ ਮਾਰਦੇ ਹੋਏ, ਸ਼ਹਿਰ ਦੇ ਮੁੱਖ ਸਦਰ ਬਜਾਰ ਵਿੱਚੋਂ ਦੀ 25 ਏਕੜ ਗਰਾਉਂਡ ਵਿੱਚ ਇਕੱਠੇ ਹੋਏ। ਦੋਵਾਂ ਥਾਵਾਂ ਤੇ ਹੀ ਕਿਸਾਨਾਂ ਨੇ ਪ੍ਰਧਾਨਮੰਤਰੀ ਮੋਦੀ, ਗ੍ਹਹਿ ਮੰਤਰੀ ਸ਼ਾਹ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕ ਕੇ ਰੋਸ ਪ੍ਰਗਟ ਕੀਤਾ ਗਿਆ।

ਪ੍ਰਧਾਨਮੰਤਰੀ ਮੋਦੀ ਤੇ ਛੱਡੇ ਸ਼ਬਦਾਂ ਦੇ ਤਿੱਖੇ ਤੀਰ,,

ਦੋਵਾਂ ਥਾਂਵਾਂ ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂਆਂ ਨੇ ਰੋਹਲੀ ਅਵਾਜ ਤੇ ਤਿੱਖੀ ਸੁਰ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਸੀਨਾ ਛੱਲਣੀ ਕਰਦੇ ਸ਼ਬਦਾਂ ਦੇ ਤਿੱਖੇ ਤੀਰ ਵੀ ਛੱਡੇ। ਇੱਥੇ ਹੀ ਬੱਸ ਨਹੀਂ, ਕਿਸਾਨ ਔਰਤਾਂ ਨੇ ਮੋਦੀ ਦੇ ਵੈਣ ਪਾ ਕੇ ਪਿੱਟ ਸਿਆਪਾ ਕੀਤਾ, ਜਦੋਂ ਕਿ ਨੌਜਵਾਨ ਕਿਸਾਨਾਂ ਨੇ ਮੋਦੀ ਦੇ ਪੁਤਲੇ ਨੂੰ ਜੁੱਤੀਆਂ ਅਤੇ ਡਾਂਗਾਂ ਮਾਰ ਕੇ ਮਨ ‘ਚ ਪੈਦਾ ਹੋਇਆ ਗੁੱਸਾ ਬਾਹਰ ਕੱਢਿਆ। ਕਿਸਾਨ ਸੰਘਰਸ਼ ਵਿੱਚ ਔਰਤਾਂ ਅਤੇ ਨੌਜਵਾਨ ਵਰਗ ਦੀ ਵੱਧਵੀਂ ਸ਼ਮੂਲਿਅਤ ਨੇ ਪੰਜਾਬ ਅੰਦਰ ਪੈਦਾ ਹੋ ਰਹੀ , ਇਨਕਲਾਬੀ ਸੋਚ ਦੇ ਪੈਰ ਪਸਾਰ ਲੈਣ ਦਾ ਇਸ਼ਾਰਾ ਵੀ ਦੇ ਦਿੱਤਾ। ਇਸ ਵਰਤਾਰੇ ਨੂੰ ਖੁਫੀਆਂ ਏਜੰਸੀਆਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਕਾਫੀ ਗਹੁ ਨਾਲ ਵਾਚਦੇ ਦਿਖੇ। ਖੁਫੀਆਂ ਏਜੰਸੀਆਂ ਦੇ ਕਰਮਚਾਰੀਆਂ ਨੂੰ ਨੌਜਵਾਨ ਪੀੜੀ ਦੇ ਤਿੱਖੇ ਤੇਵਰਾਂ ਨੇ ਇਸ ਕਦਰ ਸੋਚਣ ਨੂੰ ਮਜਬੂਰ ਕਰ ਦਿੱਤਾ ਕਿ ਜੇਕਰ ਕੇਂਦਰ ਸਰਕਾਰ ਨੇ ਕਿਸਾਨ ਸੰਘਰਸ਼ ਦੇ ਮੌਜੂਦਾ ਰੂਪ ਨੂੰ ਭਾਂਪਦਿਆਂ ਕੋਈ ਉਚਿਤ ਪਹਿਲਕਦਮੀ ਕਰਕੇ, ਕਿਸਾਨਾਂ ਦੇ ਰੋਹ ਨੂੰ ਨਾ ਠੱਲ੍ਹਿਆਂ ਤਾਂ ਸੰਘਰਸ਼ ਦੇ ਉੱਗਰ ਰੂਪ ਧਾਰਨ ਕਰ ਜਾਣ ਦੀ ਸੰਭਾਵਨਾ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ।

ਕਿਸਾਨ ਤਾਂ ਵੱਟ ਪਿੱਛੇ ਮਰਨ ਮਾਰਨ ਨੂੰ ਤਿਆਰ ਰਹਿੰਦੈ ਫਿਰ,, 

             ਕਾਲਾ ਮਹਿਰ ਸਟੇਡੀਅਮ ‘ਚ ਮੁੱਛਾਂ ਨੂੰ ਤਾਅ ਦੇ ਰਹੇ ਇੱਕ ਬਜੁਰਗ ਨੇ ਕਿਹਾ ਕਿ ਕਿਸਾਨ ਤਾਂ ਵੱਟ ਪਿੱਛੇ ਮਰਨ ਅਤੇ ਮਾਰਨ ਨੂੰ ਤਿਆਰ ਰਹਿੰਦਾ ਹੈ, ਹੁਣ ਸਾਡੀ ਜਮੀਨ ਵੱਲ ਕੈਰੀ ਅੱਖ ਰੱਖਣ ਵਾਲੇ ਮੋਦੀ ਜਾਂ ਉਹਦੇ ਜੁੰਡੀ ਦਿਆਂ ਯਾਰਾਂ ਦੀਆਂ ਸਕੀਮਾਂ ਵੀ ਸਿਰੇ ਕਿਵੇਂ ਚੜ੍ਹਨ ਦੇ ਦਿਆਂਗੇ। ਗੁੱਸੇ ‘ਚ ਭਰੀ ਪੀਤੀ ਕਿਰਨਜੀਤ ਕੌਰ ਨੇ ਕਿਹਾ, ਭਾਂਵੇ ਸਾਨੂੰ ਜਾਨ ਦੇਣੀ ਜਾਂ ਲੈਣੀ ਕਿਉਂ ਨਾ ਪੈ ਜਾਵੇ, ਅਸੀਂ ਆਪਣੀਆਂ ਜਮੀਨਾਂ ਵਿੱਚ ਕਿਸੇ ਨੂੰ ਕਿਵੇਂ ਵੜ੍ਹਨ ਦਿਆਂਗੇ। ਇੱਕ ਲੱਤ ਅਤੇ ਹੱਥ ਤੋਂ ਆਹਰੀ, ਨਛੱਤਰ ਸਿਉਂ ਨੇ ਕਿਹਾ ਇਹ ਮੋਦੀ ਕਿਹੜੇ ਖੇਤ ਦੀ ਮੂਲੀ ਐ, ਪੰਜਾਬੀਆਂ ਤੇ ਸਿੱਖਾਂ ਨੇ ਤਾਂ ਮੁਗਲਾਂ ਦੇ ਆਹੂ ਲਾ ਲਾਹ ਕੇ ਸੁੱਟੇ ਸੀ, ਮੋਦੀ ਸਰਕਾਰ ਨੂੰ ਪੰਜਾਬੀਆਂ ਦੇ ਇਤਹਾਸ ਨੂੰ ਪੜ੍ਹ ਲੈਣਾ ਚਾਹੀਦਾ ਹੈ। ਕਿਸਾਨ ਆਗੂ ਚਮਕੌਰ ਸਿੰਘ ਨੈਣੇਵਾਲ, ਰੂਪ ਸਿੰਘ ਛੰਨਾਂ ਅਤੇ ਬਲੌਰ ਸਿੰਘ ਛੰਨਾ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ,ਕਿਸਾਨ ਵਿਰੋਧੀ ਬਿਲਾਂ ਨੂੰ ਵਾਪਿਸ ਨਾ ਲੈਣ ਦੀਆਂ ਬੜ੍ਹਕਾਂ ਹਰ ਦਿਨ ਮਾਰ ਕੇ ਕਿਸਾਨਾਂ ਨੂੰ ਹੋਰ ਤੇਜ਼ ਸੰਘਰਸ਼ ਕਰਨ ਲਈ ਵੰਗਾਰ ਰਿਹਾ ਹੈ। ਪਰੰਤੂ ਕਿਸਾਨਾਂ ਨੂੰ ਆਪਣੇ ਸੰਘਰਸ਼ ਅਤੇ ਪਹਿਲਾਂ ਦਰਜ਼ ਕੀਤੀਆਂ ਜਿੱਤਾਂ ਤੇ ਮਾਣ ਐ, ਕਿ ਅਸੀਂ ਜਿੱਤ ਤੋਂ ਘੱਟ ਕੁਝ ਵੀ ਕਬੂਲ ਨਹੀਂ ਕਰਦੇ। ਉਨਾਂ ਕਿਹਾ ਕਿ ਲੰਬਾ ਸੰਘਰਸ਼ ਜਾਰੀ ਰੱਖਣ ਲਈ, ਪੰਜਾਬ ਦੇ ਕਿਸਾਨ ਤਿਆਰ ਬਰ ਤਿਆਰ ਹਨ।

     ਬੀਕੇਯੂ ਡਕੌਦਾ ਦੇ ਆਗੂ ਮਨਜੀਤ ਧਨੇਰ , ਮਹਿਲਾ ਆਗੂ ਪ੍ਰੇਮਪਾਲ ਕੌਰ ਨੇ ਕਿਹਾ ਕਿ ਮੋਦੀ ਅਤੇ ਕਾਰਪੋਰੋਟ ਘਰਾਣਿਆਂ ਦੀ ਵੰਗਾਰ ਨੂੰ ਕਿਸਾਨ ਖਿੜ੍ਹੇ ਮੱਥੇ ਕਬੂਲ ਕਰਦੇ ਹਨ। ਮੋਦੀ ਨੂੰ ਪੰਜਾਬੀਆਂ ਦੇ ਜੁਝਾਰੂ ਸੁਭਾਅ ਦੀ ਹਾਲੇ ਪੂਰੀ ਸਮਝ ਨਹੀਂ ਹੈ। ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਦਾ ਅਖਾਣ, ਹੁਣ ਵੀ ਪਹਿਲਾਂ ਦੀ ਤਰਾਂ ਹੀ ਕਾਇਮ ਹੈ। ਇੱਕ ਪੁਲਿਸ ਅਧਿਕਾਰੀ ਨੇ ਕਿਸਾਨੀ ਸੰਘਰਸ਼ ਨਾਲ ਇੱਕਜੁੱਟਤਾ ਪ੍ਰਗਟ ਕਰਦਿਆਂ ਕਿਹਾ ਕਿ ਮੈਂ ਕਿਸਾਨ ਦਾ ਪੁੱਤ ਹਾਂ, ਜੇ ਸਰਕਾਰ ਸੰਘਰਸ਼ ਕਰ ਰਹੇ ਕਿਸਾਨਾਂ ਤੇ ਲਾਲੀਚਾਰਜ਼ ਦਾ ਹੁਕਮ ਦਿਉ, ਤਾਂ ਮੈਂ ਡਾਂਗ ਵਰਾਉਣ ਦੀ ਥਾਂ, ਨੌਕਰੀ ਛੱਡਣ ਨੂੰ ਤਰਜੀਹ ਦਿਆਂਗਾ। ਉਨਾਂ ਕਿਹਾ ਕਿ ਹੁਣ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਜਮੀਨਾਂ ਤੇ ਅੱਖ ਰੱਖੀ ਹੋਈ ਹੈ, ਪਰ ਕੋਈ ਵੀ ਜੱਟ ਦਾ ਪੁੱਤ ਜੀਮੀਂ ਵੱਲ ਕਿਸੇ ਕਾਰਪੋਰੇਟ ਘਰਾਣੇ ਨੂੰ ਝਾਕਣ ਵੀ ਨਹੀਂ ਦਿਉਗਾ, ਇਹ ਕੋੜਾ ਸੱਚ ਹੈ, ਜਿਹੜਾ ਸਰਕਾਰ ਨੂੰ ਸਮਝਣ ਦੀ ਲੋੜ ਹੈ। ਕਿਸਾਨਾਂ ਦੇ ਇਕੱਠ ਨੂੰ ਵਪਾਰ ਮੰਡਲ ਦੇ ਆਗੂ ਅਨਿਲ ਨਾਣਾ ਨੇ ਵੀ ਸੰਬੋਧਨ ਕੀਤਾ। ਜਦੋਂ ਕਿ ਮਾਰਕਿਟ ਕਮੇਟੀ ਬਰਨਾਲਾ ਦੇ ਚੇਅਰਮੈਨ ਅਸ਼ੋਕ ਮਿੱਤਲ, ਵਪਾਰੀ ਆਗੂ ਨਾਇਬ ਸਿੰਘ ਕਾਲਾ ਤੇ ਹੋਰ ਆੜਤੀ ਅਤੇ ਵਪਾਰੀਆਂ ਨੇ ਮੰਚ ਤੇ ਹਾਜ਼ਰੀ ਭਰ ਕੇ ਕਿਸਾਨ ਸੰਘਰਸ਼ ਨੂੰ ਸਮਰਥਨ ਦਿੱਤਾ। 

-ਪੁਲਿਸ ਕਰਮਚਾਰੀਆਂ ਨੇ ਵੰਡੇ ਮਾਸਕ,,,

ਸ਼ਹਿਰ ਅੰਦਰ ਕਿਸਾਨਾਂ ਦੀਆਂ ਦੋ ਧਿਰਾਂ ਅਤੇ ਰਵਾਇਤੀ ਦੁਸ਼ਿਹਰੇ ਦੇ ਤਿਉਹਾਰ ਦੇ ਮੱਦੇਨਜ਼ਰ ਪੁਲਿਸ ਦੇ ਪੁਖਤਾ ਪ੍ਰਬੰਧ ਕੀਤੇ ਗਏ। ਸਭ ਤੋਂ ਜਿਆਦਾ ਪੁਲਿਸ ਦੀ ਨਫਰੀ, ਕਾਲਾ ਮਹਿਰ ਸਟੇਡੀਅਮ ਵਿੱਚ ਤਾਇਨਾਤ ਕੀਤੀ ਗਈ। ਸੁਰੱਖਿਆ ਪ੍ਰਬੰਧ ਤੋਂ ਇਲਾਵਾ ਪੰਡਾਲ ਵੱਲ ਜਾਣ ਵਾਲੇ ਰਾਹ ਤੇ ਮਹਿਲਾ ਪੁਲਿਸ ਕਰਮਚਾਰੀ ਮੇਜ਼ ਲਾ ਕੇ ਲੋਕਾਂ ਨੂੰ ਮਾਸਕ ਵੀ ਵੰਡਦੀਆਂ ਰਹੀਆਂ।

Advertisement
Advertisement
Advertisement
Advertisement
Advertisement
error: Content is protected !!