ਤਿਉਹਾਰ ਦੇ ਮੌਕੇ ਵੀ ਸ਼ਹਿਰ ਦੇ ਬਜਾਰਾਂ ਅੰਦਰ ਗੂੰਜਦੇ ਰਹੇ ਮੋਦੀ ਖਿਲਾਫ ਨਾਅਰੇ,,,,
ਹਰਿੰਦਰ ਨਿੱਕਾ/ ਰਘਵੀਰ ਹੈਪੀ , ਬਰਨਾਲਾ 25 ਅਕਤੂਬਰ 2020
ਮੋਦੀ ਸਰਕਾਰ ਵਲੋਂ ਖੇਤੀ ਵਿਰੁੱਧ ਕਾਨੂੰਨਾਂ ਨੂੰ ਰੱਦ ਕਰਨ ਤੋਂ ਕੋਰੀ ਨਾਂਹ ਕਰਨ ‘ਤੇ ਕਿਸਾਨਾਂ ਵਿਚ ਪਹਿਲਾਂ ਨਾਲੋਂ ਗੁੱਸਾ ਹੋਰ ਵਧ ਗਿਆ ਹੈ। ਕੇਂਦਰ ਸਰਕਾਰ ਦੇ ਰਵੱਈਏ ਤੋਂ ਲੋਹਾ-ਲਾਖਾ ਹੋਏ ਕਿਸਾਨਾਂ ਨੇ ਦੁਸ਼ਹਿਰੇ ਦੇ ਮੌਕੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦਾ ਪੁਤਲਾ ਫੂਕ ਕੇ ਗੁੱਸੇ ਦਾ ਪ੍ਰਗਟਾਵਾ ਕੀਤਾ। ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਹਿਟਲਰੀ ਫੁਰਮਾਨ ਜਾਰੀ ਕੀਤਾ ਹੋਇਆ ਹੈ। ਇਸ ਨਾਲ ਇਕੱਲੇ ਕਿਸਾਨ ਹੀ ਪ੍ਰਭਾਵਿਤ ਨਹੀਂ ਹੋਣਗੇ, ਸਗੋਂ ਪੰਜਾਬ ਦਾ ਹਰ ਵਰਗ ਭਾਵੇਂ ਉਹ ਮੰਡੀ ਮਜ਼ਦੂਰ , ਛੋਟਾ ਦੁਕਾਨਦਾਰ , ਛੋਟਾ ਵਪਾਰੀ ਹੋਵੇ, ਹਰ ਇਕ ਵਰਗ ਦੇ ਰੁਜਗਾਰ ‘ਤੇ ਬੁਰਾ ਅਸਰ ਪਵੇਗਾ।
ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵਲੋਂ ਸਾਂਝੇ ਤੌਰ ‘ਤੇ 1 ਅਕਤੂਬਰ ਤੋਂ ਪੱਕੇ ਤੌਰ ਤੇ ਅਣਮਿਥੇ ਸਮੇਂ ਲਈ ਸ਼ੁਰੂ ਕੀਤਾ ਮੋਰਚਾ ਅੱਜ 25 ਵੇਂ ਦਿਨ ਵਿਚ ਦਾਖਿਲ ਹੋ ਗਿਆ । ਬਰਨਾਲੇ ਵਿਚ ਮਾਲ, ਟੌਲ ਪਲਾਜ਼ੇ, ਅੰਬਾਨੀਆਂ-ਅੰਡਾਨੀਆਂ ਦੇ ਪਟਰੌਲ ਪੰਪ ਵੀ ਬੰਦ ਕੀਤੇ ਹੋਏ ਹਨ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਬੁਖਲਾਹਟ ਵਿਚ ਆ ਕੇ ਕਿਸਾਨਾਂ/ਮਜ਼ਦੂਰਾਂ ਦੇ ਸੰਘਰਸ਼ ਨੂੰ ਵਿਚੋਲਿਆਂ ਦਾ ਸੰਘਰਸ਼ ਕਿਹਾ ਜਾ ਰਿਹਾ ਹੈ। ਅਸਲ ਵਿਚ ਮੋਦੀ ਖੁਦ ਆਪ ਕਾਰਪੋਰੇਟ ਘਰਾਣਿਆਂ ਦਾ ਵਿਚੋਲਾ ਬਣ ਕੇ ਅੰਬਾਨੀ,ਅੰਡਾਨੀ ਤੇ ਮੋਹਲ ਚੌਕਸੀ ਵਰਗੇ ਹੋਰ ਕਾਰਪੋਰੇਟਾਂ ਨੂੰ ਦੇਸ਼ ਦਾ ਖਜ਼ਾਨਾ ਲੁਟਾਇਆ ਜਾ ਰਿਹਾ ਹੈ।
ਕਿਸਾਨਾਂ ਨੇ ਤਾਂ ਸੱਪਾਂ ਦੀਆਂ ਸਿਰੀਆਂ ਮਿੱਧ-2 ਕੇ ਭਾਰਤ ਨੂੰ ਅਨਾਜ ਪੱਖ ਤੋਂ ਆਤਮ ਨਿਰਭਰ ਬਣਾਇਆ ਹੈ ਅਤੇ ਆਪਦਾ ਸਭ ਕੁਝ ਬਰਬਾਦ ਕਰ ਲਿਆ ਹੈ ਜਿਵੇਂ ਧਰਤੀ ਹੇਠਲਾ ਪਾਣੀ, ਪੰਜਾਬ ਦੀ ਧਰਤੀ ਨੂੰ ਜ਼ਹਿਰੀਲੀ ਬਣਾ ਲਿਆ ਹੈ ਸਮੁੱਚੇ ਦੇਸ਼ ਦਾ ਢਿੱਡ ਭਰਨ ਲਈ। ਇਸੇ ਕਾਰਨ ਅੱਜ ਜਿਸ ਤਰ੍ਹਾਂ ਬੀ.ਜੇ.ਪੀ ਵਲੋਂ ਪੰਜਾਬ ਦਾ ਮਾਹੌਲ ਬਣਾਇਆ ਜਾ ਰਿਹਾ ਹੈ, ਉਸਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੇ ਹੱਕੀ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਪਰ ਪੰਜਾਬ ਦੇ ਕਿਸਾਨ ਆਪਣੇ ਸੰਘਰਸ਼ ਨੂੰ ਸਹੀ ਦਿਸ਼ਾ ਵਿਚ ਲਿਜਾਣ ਲਈ ਜਮਹੂਰੀ ਢੰਗ ਨਾਲ ਚੱਲਦੇ ਹੋਏ ਕਿਸੇ ਵੀ ਹਾਲਤ ਵਿਚ ਤਾਰਪੀਡੋ ਨਹੀਂ ਹੋਣ ਦੇਣਗੇ।
ਅੱਜ ਜਿਥੇ ਮੁਲ਼ਕ ਵਿਚ ਰਾਵਣ ਦੇ ਪੁਤਲੇ ਗਏ ਹਨ, ਉੱਥੇ ਕਿਸਾਨਾਂ ਵਲੋਂ ਵੀ ਭਾਜਪਾ ਦੀ ਮੋਦੀ ਹਕੂਮਤ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਗਏ ਅਤੇ ਸਮੂਹ ਪੰਜਾਬੀਆਂ ਨੂੰ ਇਸ ਸੰਘਰਸ਼ ਦਾ ਹਰ ਪੱਖ ਤੋਂ ਹਿੱਸਾ ਬਣਾਉਣ ਲਈ ਸ਼ਹਿਰ ਵਿਚ ਔਰਤਾਂ,ਮਰਦਾਂ ਤੇ ਨੌਜਵਾਨਾਂ ਦਾ ਵੱਡਾ ਮਾਰਚ ਵੀ ਕੀਤਾ ਗਿਆ। ਜਿਸ ਵਿੱਚ ਭਾਰਤੀ ਕਿਸਾਨ ਯੁਨੀਅਨ ਏਕਤਾ ਡਕੌਂਦਾ ਦੇ ਜ਼ਿਲਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ, ਸੂਬਾ ਆਗੂ ਬਲਵੰਤ ਸਿੰਘ ਉੱਪਲੀ, ਭਾਰਤੀ ਕਿਸਾਨ ਯੁਨੀਅਨ ਸਿੱਧੂਪੁਰ ਦੇ ਨਛੱਤਰ ਸਿੰਘ ਸਹੌਰ, ਕਰਨੈਲ ਸਿੰਘ, ਬੀ.ਕੇ.ਯੂ ਕਾਦੀਆਂ ਦੇ ਜਗਸੀਰ ਸਿੰਘ ਸੀਰਾ, ਸ਼ਿਕੰਦਰ ਸਿੰਘ , ਬੀ.ਕੇ.ਯੂ ਰਾਜੇਵਾਲ ਦੇ ਗਿਆਨੀ ਨਿਰਭੈ ਸਿੰਘ, ਸਾਧੂ ਸਿੰਘ, ਕ੍ਰਾਂਤੀਕਾਰੀ ਕਿਸਾਨ ਯੁਨੀਅਨ ਦੇ ਪਵਿੱਤਰ ਸਿੰਘ ਲਾਲੀ, ਗੁਰਪ੍ਰੀਤ ਸਿੰਘ ਗੋਪੀ, ਕੁੱਲ ਹਿੰਦ ਕਿਸਾਨ ਸਭਾ (ਸਾਂਬਰ) ਦੇ ਉਜ਼ਾਗਰ ਸਿੰਘ ਬੀਹਲਾ, ਕੁੱਲ ਹਿੰਦ ਕਿਸਾਨ ਸਭਾ ਮਾਸਟਰ ਨਿਰੰਜਣ ਸਿੰਘ, ਜੈ ਕਿਸਾਨ ਅੰਦੋਲਨ ਦੇ ਗੁਰਬਖਸ਼ ਸਿੰਘ ਕੱਟੂ,ਪੰਜਾਬ ਕਿਸਾਨ ਯੁਨੀਅਨ ਦੇ ਜੱਗਾ ਸਿੰਘ ਬਦਰਾ, ਮੋਹਣ ਸਿੰਘ ਰੂੜੇਕੇ ਤੋਂ ਇਲਾਵਾ ਔਰਤ ਆਗੂ ਪ੍ਰੇਮਪਾਲ ਕੌਰ, ਅਮਰਜੀਤ ਕੌਰ, ਲੰਗਰ ਕਮੇਟੀ ਦੇ ਬਾਰੂ ਸਿੰਘ ਖੁੱਡੀ ਕਲਾਂ, ਗੁਰਮੀਤ ਸੁਖਪੁਰ,ਕੁਲਵੀਰ ਔਲਖ, ਭਾਗ ਸਿੰਘ, ਜ਼ਮਹੂਰੀ ਅਧਿਕਾਰ ਸਭਾ ਦੇ ਮਾਸਟਰ ਹਰਚਰਨ ਸਿੰਘ ਚੰਨਾ, ਗੁਰਦੇਵ ਸਿੰਘ ਮਾਂਗੇਵਾਲ, ਮਲਕੀਤ ਸਿੰਘ, ਸ਼ਿਗਾਰਾਂ ਸਿੰਘ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਕਾਰਵਾਈ ਜਸਪਾਲ ਸਿੰਘ ਕਲਾਲ ਮਾਜਰਾ ਨੇ ਨਿਭਾਈ। ਸੰਘਰਸ਼ ਨੂੰ ਆਮ ਲੋਕਾਂ ਵਲੋਂ ਬਹੁਤ ਹੰਗਾਰਾਂ ਮਿਲਿਆ।