ਸਫਾਈ ਕਰਮਚਾਰੀਆਂ ਦੀਆਂ ਮੁਸਕਿਲਾਂ ਦੇ ਹੱਲ ਲਈ ਜ਼ਿਲੇ ਦੇ ਅਧਿਕਾਰੀਆਂ ਨਾਲ ਕੀਤੀ ਬੈਠਕ
ਬੀ.ਟੀ.ਐਨ. ਫਾਜ਼ਿਲਕਾ, 22 ਅਕਤੂਬਰ 2020
ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਗੇਜਾ ਰਾਮ ਨੇ ਅੱਜ ਫਾਜ਼ਿਲਕਾ ਜ਼ਿਲੇ ਦਾ ਦੌਰਾ ਕਰਕੇ ਸਫਾਈ ਕਰਮਚਾਰੀਆਂ ਦੀਆਂ ਮੁਸਕਿਲਾਂ ਦੇ ਹੱਲ ਲਈ ਜ਼ਿਲੇ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਤੋਂ ਬਿਨਾਂ ਉਹ ਪਿੰਡ ਚੱਕ ਜਾਨੀਸਰ ਵੀ ਗਏ ਜਿੱਥੇ ਉਨਾਂ ਨੇ ਮਾਰਕੁੱਟ ਦਾ ਸ਼ਿਕਾਰ ਹੋਏ ਇਕ ਨੌਜਵਾਨ ਦਾ ਹਾਲ ਚਾਲ ਜਾਣਿਆਂ। ਇਸ ਮੌਕੇ ਉਨਾਂ ਨੇ ਉਕਤ ਕੇਸ ਦੀ ਜਾਂਚ ਲਈ ਏ.ਡੀ.ਸੀ. ਜਨਰਲ, ਐਸ.ਪੀ.ਐਚ. ਅਤੇ ਜ਼ਿਲਾ ਭਲਾਈ ਅਫ਼ਸਰ ਦੀ ਤਿੰਨ ਮੈਂਬਰ ਵਿਸੇਸ਼ ਜਾਂਚ ਟੀਮ ਦੇ ਗਠਨ ਦਾ ਐਲਾਨ ਵੀ ਕੀਤਾ ਅਤੇ ਇਸ ਸਿਟ ਨੂੰ ਹਦਾਇਤ ਕੀਤੀ ਕਿ ਤੁਰੰਤ ਸਾਰੇ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਭੇਜੀ ਜਾਵੇ।
ਇਸ ਤੋਂ ਪਹਿਲਾਂ ਫਾਜ਼ਿਲਕਾ ਵਿਖੇ ਬੈਠਕ ਦੌਰਾਨ ਸ੍ਰੀ ਗੇਜਾ ਰਾਜ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਫਾਈ ਕਰਮਚਾਰੀਆਂ ਅਤੇ ਸਿਵਰਮੈਨਾਂ ਦੀਆਂ ਸਮੱਸਿਆਵਾਂ ਦੀਆਂ ਸ਼ਿਕਾਇਤਾਂ ਦਾ ਪਹਿਲ ਦੇ ਅਧਾਰ ਤੇ ਨਿਪਟਾਰਾ ਕੀਤਾ ਜਾਵੇ। ਉਨਾਂ ਨੇ ਹਦਾਇਤ ਕੀਤੀ ਕਿ ਸਫਾਈ ਕਰਮਚਾਰੀਆਂ ਅਤੇ ਸਿਵਰਮੈਨਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤਰੱਕੀ ਦਿੱਤੀ ਜਾਵੇ ਅਤੇ ਜੋ ਲੋਕ ਪੜੇ ਲਿੱਖੇ ਹਨ ਉਨਾਂ ਦੀ ਯੋਗਤਾ ਅਨੁਸਾਰ ਉਨਾਂ ਨੂੰ ਪ੍ਰੋਮੋਟ ਕੀਤਾ ਜਾਵੇ। ਉਨਾਂ ਨੇ ਕਿਹਾ ਕਿ ਸਾਰੇ ਵਿਭਾਗ ਇਹ ਯਕੀਨੀ ਬਣਾਉੁਣ ਕਿ ਜੋ ਸਟਾਫ ਆਉਟ ਸੋਰਸ਼ ਕੀਤਾ ਗਿਆ ਹੈ ਉਸਦਾ ਈਪੀਐਫ ਨਿਯਮਤ ਤੌਰ ਤੇ ਜਮਾ ਹੋਵੇ। ਉਨਾਂ ਨੇ ਕਿਹਾ ਕਿ ਜੋ ਵਿਭਾਗ ਇਹ ਯਕੀਨੀ ਨਹੀਂ ਬਣਾਏਗਾ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਨੇ ਕਿਹਾ ਕਿ ਕੱਚੇ ਸਫਾਈ ਕਰਮਚਾਰੀਆਂ ਦੀਆਂ ਮੁਸਕਿਲਾਂ ਦੇ ਹੱਲ ਲਈ ਪੰਜਾਬ ਸਰਕਾਰ ਨੇ 5 ਮੈਂਬਰੀ ਮੰਤਰੀ ਮੰਡਲ ਦੀ ਇਕ ਕਮੇਟੀ ਦਾ ਵੀ ਗਠਨ ਕੀਤਾ ਹੋਇਆ ਹੈ ਤਾਂ ਜੋ ਇੰਨਾਂ ਦੀਆਂ ਮੁਸਕਿਲਾਂ ਦਾ ਸਥਾਈ ਹੱਲ ਕੀਤਾ ਜਾ ਸਕੇ।
ਸ੍ਰੀ ਗੇਜਾ ਰਾਮ ਚੇਅਰਮੈਨ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਨੇ ਇਸ ਮੌਕੇ ਨਗਰ ਕੌਂਸਲਾਂ ਨੂੰ ਕਿਹਾ ਕਿ ਉਹ ਅਬਾਦੀ ਦੇ ਅਨੁਪਾਤ ਵਿਚ ਸਫਾਈ ਕਰਮਚਾਰੀਆਂ ਦੀ ਭਰਤੀ ਕਰਨ ਦੀ ਪ੍ਰਿਆ ਸ਼ੁਰੂ ਕਰਨ। ਇਸੇ ਤਰਾਂ ਉਨਾਂ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਦੀ ਰਿਟਾਇਰਮੈਂਟ ਤੋਂ ਬਾਅਦ ਕਰਮਚਾਰੀਆਂ ਨੂੰ ਸੇਵਾ ਨਵਿਰਤੀ ਲਾਭ ਦੇਣ ਵਿਚ ਦੇਰੀ ਨਾ ਕੀਤੀ ਜਾਵੇ।
ਸ੍ਰੀ ਗੇਜਾ ਰਾਮ ਨੇ ਇਸ ਮੌਕੇ ਜ਼ਿਲੇ ਵਿਚ ਅੰਬਦੇਕਰ ਭਵਨ ਅਤੇ ਬਿਰਧ ਆਸ਼ਰਮ ਦੇ ਨਿਰਮਾਣ ਲਈ ਸਥਾਨ ਦੀ ਭਾਲ ਕਰਨ ਦੇ ਹੁਕਮ ਵੀ ਜ਼ਿਲਾ ਪ੍ਰਸਾਸ਼ਨ ਨੂੰ ਦਿੱਤੇ। ਇਸੇ ਤਰਾਂ ਉਨਾਂ ਨੇ ਹਰ ਤਿੰਨ ਮਹੀਨੇ ਬਾਅਦ ਸਫਾਈ ਕਰਮਚਾਰੀਆਂ ਦਾ ਮੈਡੀਕਲ ਕਰਨ ਦੇ ਹੁਕਮ ਵੀ ਦਿੱਤੇ।
ਇਸ ਮੌਕੇ ਉਨਾਂ ਨਾਲ ਆਏ ਸ੍ਰੀ ਰਾਮ ਸਿੰਘ ਵਾਇਸ ਚੇਅਰਮੈਨ ਸਫਾਈ ਕਰਮਚਾਰੀ ਕਮਿਸ਼ਨ ਨੇ ਕਿਹਾ ਕਿ ਕਮਿਸ਼ਨ ਦਾ ਕੰਮ ਸਫਾਈ ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ। ਇਸ ਤੋਂ ਪਹਿਲਾਂ ਇੱਥੇ ਪੁੱਜਣ ਤੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਉਨਾਂ ਨੂੰ ਜੀ ਆਇਆਂ ਨੂੰ ਆਖਿਆ। ਇਸ ਮੌਕੇ ਐਸ.ਐਸ.ਪੀ. ਸ: ਹਰਜੀਤ ਸਿੰਘ, ਐਸ.ਪੀ. ਸ੍ਰੀ ਮੋਹਨ ਲਾਲ, ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ, ਜ਼ਿਲਾ ਭਲਾਈ ਅਫ਼ਸਰ ਸ: ਬਰਿੰਦਰ ਸਿੰਘ, ਤਹਿਸੀਲ ਭਲਾਈ ਅਫ਼ਸਰ ਸ੍ਰੀ ਅਸ਼ੋਕ ਕੁਮਾਰ, ਸਿਵਲ ਸਰਜਨ ਡਾ: ਕੁੰਦਨ ਕੇ ਪਾਲ ਵੀ ਹਾਜਰ ਸਨ।