ਬਰਨਾਲਾ – ਥਾਣਾ ਸਿਟੀ 2 ਦੇ ਥਾਣੇਦਾਰ ਮਨੋਹਰ ਸਿੰਘ ਨੂੰ 15 ਹਜ਼ਾਰ ਰਿਸ਼ਵਤ ਲੈਂਦਿਆ ਵਿਜੀਲੈਂਸ ਟੀਮ ਨੇ ਰੰਗੇ ਹੱਥ ਫੜ੍ਹਿਆ
ਹਰਿੰਦਰ ਨਿੱਕਾ , ਬਰਨਾਲਾ 21 ਅਕਤੂਬਰ 2020
ਪੁਲਿਸ ਵਿਭਾਗ ਅੰਦਰ ਫੈਲੇ ਕਥਿਤ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਲਈ ਸਿੰਘਮ ਦੇ ਦਾਅਵਿਆਂ ਦੀ ਪੋਲ ਵਿਜੀਲੈਂਸ ਬਿਊਰੋ ਦੀ ਟੀਮ ਨੇ ਉਦੋਂ ਚੌਰਾਹੇ ਖੋਲ੍ਹ ਕੇ ਰੱਖ ਦਿੱਤੀ। ਜਦੋਂ ਪੁਲਿਸ ਜਿਲ੍ਹਾ ਹੈਡਕੁਆਟਰ ਦੇ ਨੱਕ ਥੱਲੇ, ਥਾਣਾ ਸਿਟੀ 2 ਬਰਨਾਲਾ ਦੇ ਦੋ ਥਾਣੇਦਾਰਾਂ ਮਨੋਹਰ ਸਿੰਘ ਅਤੇ ਹਾਕਮ ਸਿੰਘ ਵੱਲੋਂ ਮੁਦਈ ਨੂੰ ਇਨਸਾਫ ਦੇਣ ਦੇ ਨਾਂ ਤੇ ਹੀ ਰਿਸ਼ਵਤ ਦੇਣ ਲਈ ਮਜਬੂਰ ਕੀਤਾ ਗਿਆ। ਆਖਿਰ ਪੀੜਤ ਵਿਅਕਤੀ ਨੇ ਇਹ ਮਾਮਲਾ ਵਿਜੀਲੈਂਸ ਟੀਮ ਦੇ ਧਿਆਨ ਵਿੱਚ ਲਿਆਂਦਾ ਅਤੇ ਜਿਨ੍ਹਾ ਮੁਦਈ ਗੁਰਜੀਤ ਸਿੰਘ ਤੋਂ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈ ਰਹੇ ਥਾਣੇਦਾਰ ਮਨੋਹਰ ਸਿੰਘ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਜਦੋਂ ਕਿ ਦੂਸਰਾ ਦੋਸ਼ੀ ਹਾਕਮ ਸਿੰਘ ਵਿਜੀਲੈਂਸ ਟੀਮ ਦੇ ਹੱਥ ਨਹੀਂ ਲੱਗਿਆ। ਵਿਜੀਲੈਂਸ ਟੀਮ ਨੇ ਦਾਵਾ ਕੀਤਾ ਕਿ ਛੇਤੀ ਹੀ ਦੂਜੇ ਨਾਮਜਦ ਦੋਸ਼ੀ ਏ.ਐਸ.ਆਈ. ਹਾਕਮ ਸਿੰਘ ਨੂੰ ਵੀ ਗਿਰਫਤਾਰ ਕਰ ਲਿਆ ਜਾਵੇਗਾ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡੀਐੱਸਪੀ ਵਿਜੀਲੈਂਸ ਬਿਊਰੋ ਬਰਨਾਲਾ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸ਼ਕਾਇਤ ਕਰਤਾ ਗੁਰਜੀਤ ਸਿੰਘ ਦਾ ਅਮਰ ਸਿੰਘ ਨਾਲ ਜ਼ਮੀਨੀ ਝਗੜਾ ਹੋ ਚੱਲ ਰਿਹਾ ਸੀ, ਜਿਸ ਦੇ ਸਬੰਧ ‘ਚ ਗੁਰਜੀਤ ਸਿੰਘ ਨੇ ਥਾਣਾ ਸਿਟੀ 2 ਦੇ ਥਾਣੇਦਾਰ ਮਨੋਹਰ ਸਿੰਘ ਤੇ ਥਾਣੇਦਾਰ ਹਾਕਮ ਸਿੰਘ ਕੋਲ ਦਰਖਾਸਤ ਦਿੱਤੀ ਸੀ, ਉਲਟਾ ਦੋਵੇਂ ਥਾਣੇਦਾਰਾਂ ਨੇ ਮੁਦੱਈ ਗੁਰਜੀਤ ਸਿੰਘ ਦਾ ਹੀ ਟਰੈਕਟਰ ਫੜ੍ਹ ਕੇ ਥਾਣੇ ਬੰਦ ਕਰ ਦਿੱਤਾ। ਟਰੈਕਟਰ ਛੱਡਣ ਬਦਲੇ ਦੋਵੇਂ ਥਾਣੇਦਾਰਾਂ ਨੇ 50 ਹਜ਼ਾਰ ਰੁਪਏ ਦੀ ਮੰਗ ਕੀਤੀ। ਆਖ਼ਿਰ ‘ਸੌਦਾ 25 ਹਜ਼ਾਰ ਰੁਪਏ ‘ਚ ਟਰੈਕਟਰ ਛੱਡਣ ਅਤੇ ਮਾਮਲੇ ਨੂੰ ਰਫ਼ਾ-ਦਫ਼ਾ ਕਰ ਦੇਣ ਲਈ ਤੈਅ ਹੋ ਗਿਆ। ਤੈਅ ਕੀਤੇ ਰਿਸ਼ਵਤ ਦੇ ਸੌਦੇ ਤਹਿਤ ਹੀ 25 ਹਜ਼ਾਰ ਰੁਪਏ ‘ਚੋਂ ਪਹਿਲੀ ਕਿਸ਼ਤ 15 ਹਜ਼ਾਰ ਰੁਪਏ ਗੁਰਜੀਤ ਸਿੰਘ ਧਿਰ ਵੱਲੋਂ ਥਾਣਾ ਸਿਟੀ 2 ਦੇ ਥਾਣੇਦਾਰ ਮਨੋਹਰ ਸਿੰਘ ਨੂੰ ਦਿੱਤੀ ਗਈ ਤਾਂ ਵਿਜੀਲੈਂਸ ਟੀਮ ਬਰਨਾਲਾ ਨੇ ਉਸ ਨੂੰ ਰੰਗੇ ਹੱਥੀਂ 15 ਹਜ਼ਾਰ ਰੁਪਏ (500-500ਦੇ ਨੋਟ) ਸਮੇਤ ਗਿ੍ਫ਼ਤਾਰ ਕਰ ਲਿਆ।
ਇਸ ਮਾਮਲੇ ‘ਚ ਡੀਐੱਸਪੀ ਵਿਜੀਲੈਂਸ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਏਐੱਸਆਈ ਮਨੋਹਰ ਸਿੰਘ ਨੂੰ ਰਿਸ਼ਵਤ ਦੇ ਮਾਮਲੇ ‘ਚ ਗਿ੍ਫ਼ਤਾਰ ਕੀਤਾ ਹੈ ,ਜਦੋਂ ਕਿ ਹਾਕਮ ਸਿੰਘ ਏਐੱਸਆਈ ਦੀ ਗਿ੍ਫ਼ਤਾਰੀ ਹਾਲੇ ਬਾਕੀ ਹੈ, ਜਿਸ ਦੀ ਭੂਮਿਕਾ ਦੀ ਤਲਾਸ਼ ਕੀਤੀ ਜਾ ਰਹੀ ਹੈ। ਜੇ ਉਹ ਵੀ ਇਸ ਮਾਮਲੇ ‘ਚ ਸ਼ਾਮਿਲ ਪਾਇਆ ਜਾਂਦਾ ਹੈ ਤਾਂ ਉਸ ਦੀ ਵੀ ਗਿ੍ਫ਼ਤਾਰੀ ਜਲਦ ਹੀ ਕਰ ਲਈ ਜਾਵੇਗੀ। ਇਸ ਮੌਕੇ ਵਿਜੀਲੈਂਸ ਦੀ ਟਰੈਪ ਲਾਉਣ ਵਾਲੀ ਟੀਮ ‘ਚ ਏ.ਐੱਸ.ਆਈ. ਸਤਿਗੁਰ ਸਿੰਘ, ਏਐੱਸਆਈ ਰਾਜਿੰਦਰ ਸਿੰਘ, ਏਐੱਸਆਈ ਭਗਵੰਤ ਸਿੰਘ, ਹੌਲਦਾਰ ਗੁਰਦੀਪ ਸਿੰਘ, ਸੀਨੀਅਰ ਸਿਪਾਹੀ ਅਮਨਦੀਪ ਸਿੰਘ, ਰਾਜਕੁਮਾਰ , ਗੁਰਜਿੰਦਰ ਸਿੰਘ ਤੇ ਮਹਿਲਾ ਸਿਪਾਹੀ ਮਨਜੀਤ ਕੌਰ ਆਦਿ ਵੀ ਹਾਜ਼ਰ ਸਨ।
-ਹਾਕਮ ਸਿੰਘ ਨੂੰ ਬਚਾਉਣ ਲਈ ਇੱਕ ਪੁਲਿਸ ਇੰਸਪੈਕਟਰ ਸਰਗਰਮ !
ਭਰੋਸੇਯੋਗ ਸੂਤਰਾਂ ਅਨੁਸਾਰ ਏ.ਐਸ.ਆਈ. ਹਾਕਮ ਸਿੰਘ ਦੇ ਅਤਿ ਕਰੀਬੀ ਇੱਕ ਪੁਲਿਸ ਇੰਸਪੈਕਟਰ ਦੀ ਪੰਜਾਬ ਪੁਲਿਸ ਵਿੱਚ ਪੂਰੀ ਤੂਤੀ ਬੋਲਦੀ ਹੈੇ। ਇਸ ਲਈ ਹਾਕਮ ਸਿੰਘ ਨੂੰ ਵਿਜੀਲੈਂਸ ਦੀ ਕੁੜਿੱਕੀ ‘ਚੋਂ ਬਚਾਉਣ ਲਈ ਉਸ ਦੇ ਕਰੀਬੀ ਪੁਲਿਸ ਇੰਸਪੈਕਟਰ ਦਾ ਪੂਰਾ ਜੋਰ ਲੱਗਿਆ ਹੋਇਆ ਹੈ। ਹੁਣ ਦੇਖਣਾ ਹੋਵੇਗਾ ਕਿ ਵਿਜੀਲੈਂਸ ਟੀਮ ਹਾਕਮ ਸਿੰਘ ਨੂੰ ਵੀ ਗਿਰਫਤਾਰ ਕਰਦੀ ਹੈ ਜਾਂ ਉਸ ਦੇ ਕਰੀਬੀ ਪੁਲਿਸ ਇੰਸਪੈਕਟਰ ਦੇ ਪ੍ਰਭਾਵ ਸਦਕਾ ਕਿਸੇ ਕਾਨੂੰਨੀ ਚੋਰ ਮੋਰੀ ਦਾ ਲਾਭ ਦੇ ਕੇ ਹਾਕਮ ਸਿੰਘ ਨੂੰ ਬਚਾਉਣ ਲਈ ਯਤਨਸ਼ੀਲ ਹੋਵੇਗੀ। ਕੁਝ ਵੀ ਹੋਵੇ,ਆਉਣ ਵਾਲੇ ਦਿਨਾਂ ਵਿੱਚ ਲੋਕਾਂ ਦੀਆਂ ਨਜ਼ਰਾਂ ਬਰਨਾਲਾ ਵਿਜੀਲੈਂਸ ਦੀ ਟੀਮ ਦੀ ਤਫਤੀਸ਼ ਤੇ ਟਿਕੀਆਂ ਰਹਿਣਗੀਆਂ। ਵਰਣਨਯੋਗ ਹੈ ਕਿ ਮਨੋਹਰ ਸਿੰਘ ਦੇ ਕਥਿਤ ਭ੍ਰਿਸ਼ਟਾਚਾਰ ਦੀ ਚਰਚਾ, ਕਾਫੀ ਤੋਂ ਚੱਲ ਰਹੀ ਸੀ।