ਜੇਤੂ ਟੀਮਾਂ ਬਲਾਕ ਪੱਧਰੀ ਮੁਕਾਬਲੇ ‘ਚ ਹਿੱਸਾ ਲੈਣਗੀਆਂ
ਕੁਲਵੰਤ ਰਾਏ ਗੋਇਲ , ਬਰਨਾਲਾ, 20 ਅਕਤੂਬਰ 2020
ਸੂਬੇ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਰਹਿਨੁਮਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਆਨਲਾਈਨ ਸਹਿ-ਵਿੱਦਿਅਕ ਗਤੀਵਿਧੀਆਂ ਨੂੰ ਵੀ ਵਿੱਦਿਅਕ ਗਤੀਵਿਧੀਆਂ ਦੇ ਨਾਲੋ ਨਾਲ ਜਾਰੀ ਰੱਖਿਆ ਜਾ ਰਿਹਾ ਹੈ।
ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰ ਸਰਬਜੀਤ ਸਿੰਘ ਤੂਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਹਰਕੰਵਲਜੀਤ ਕੌਰ ਨੇ ਦੱਸਿਆ ਕਿ ਸਰਕਾਰੀ ਸਕੂਲਾਂ ‘ਚ ਪੜ੍ਹਦੇ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਵਿਗਿਆਨ,ਗਣਿਤ, ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ਿਆਂ ਦੇ ਆਨਲਾਈਨ ਕੁਇਜ਼ ਮੁਕਾਬਲੇ ਦਸ ਅਕਤੂਬਰ ਤੱਕ ਕਰਵਾਏ ਜਾ ਚੁੱਕੇ ਪਾਠਕ੍ਰਮ ਵਿੱਚੋਂ ਕਰਵਾਏ ਜਾ ਰਹੇ ਹਨ।ਸ੍ਰੀ ਹਰੀਸ਼ ਕੁਮਾਰ ਪ੍ਰਿੰਸੀਪਲ ਜਿਲ੍ਹਾ ਮੈਂਟਰ ਵਿਗਿਆਨ, ਸ੍ਰ ਅਮਨਿੰਦਰ ਸਿੰਘ ਜਿਲ੍ਹਾ ਮੈਂਟਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਅਤੇ ਸ੍ਰੀ ਕਮਲਦੀਪ ਜਿਲ੍ਹਾ ਮੈਂਟਰ ਗਣਿਤ ਨੇ ਦੱਸਿਆ ਕਿ ਮੁਕਾਬਲੇ ਮਿਡਲ ਅਤੇ ਸੈਕੰਡਰੀ ਦੋ ਵਰਗਾਂ ਵਿੱਚ ਕਰਵਾਏ ਜਾ ਰਹੇ ਹਨ।ਮਿਡਲ ਵਰਗ ਵਿੱਚ ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤਾਂ ਦੇ ਵਿਦਿਆਰਥੀ ਭਾਗ ਲੈ ਰਹੇ ਹਨ।
ਜਦਕਿ ਸੈਕੰਡਰੀ ਵਰਗ ਵਿੱਚ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਭਾਗ ਲੈ ਰਹੇ ਹਨ।ਮਿਡਲ ਵਰਗ ਦੀ ਟੀਮ ਵਿੱਚ ਤਿੰਨ ਅਤੇ ਸੈਕੰਡਰੀ ਵਰਗ ਦੀ ਟੀਮ ਵਿੱਚ ਦੋ ਵਿਦਿਆਰਥੀ ਹਿੱਸਾ ਲੈ ਸਕਦੇ ਹਨ।ਪਹਿਲੇ ਗੇੜ ‘ਚ ਸਮੂਹ ਸਕੂਲਾਂ ਵੱਲੋਂ ਸਕੂਲ ਪੱਧਰ ‘ਤੇ ਮੁਕਾਬਲੇ ਕਰਵਾਏ ਗਏ। ਵਿਗਿਆਨ, ਗਣਿਤ ਅਤੇ ਅੰਗਰੇਜ਼ੀ/ਸਮਾਜਿਕ ਸਿੱਖਿਆ ਵਿਸ਼ਿਆਂ ਦੇ ਬਲਾਕ ਮੈਂਟਰਾਂ ਵੱਲੋਂ ਅਲਾਟਿਡ ਸਕੂਲਾਂ ਦੀਆਂ ਜੇਤੂ ਟੀਮਾਂ ਦੇ ਅੰਤਰ ਸਕੂਲ ਮੁਕਾਬਲੇ ਕਰਵਾਏ ਗਏ।ਅੰਤਰ ਸਕੂਲ ਮੁਕਾਬਲਿਆਂ ਦੀਆਂ ਜੇਤੂ ਟੀਮਾਂ ਬਲਾਕ ਪੱਧਰੀ ਮੁਕਾਬਲੇ ਵਿੱਚ ਭਾਗ ਲੈਣਗੀਆਂ।ਬਲਾਕਾਂ ਦੀਆਂ ਜੇਤੂ ਟੀਮਾਂ ਜਿਲ੍ਹਾ ਅਤੇ ਜਿਲ੍ਹਿਆਂ ਦੀਆਂ ਜੇਤੂ ਟੀਮ ਸੂਬਾ ਪੱਧਰ ਦੇ ਮੁਕਾਬਲੇ ਵਿੱਚ ਭਾਗ ਲੈਣਗੀਆਂ।