ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਅਤੇ ਕਿਸਾਨ ਵਿਰੋਧੀ ਬਿਲਾਂ ਨੂੰ ਰੱਦ ਕਰਕੇ ਇੱਕ ਨਵਾਂ ਇਤਿਹਾਸ ਸਿਰਜਿਆ- ਕੇਵਲ ਸਿੰਘ ਢਿੱਲੋਂ
ਮੱਖਣ ਸ਼ਰਮਾ ਨੇ ਕਿਹਾ, ਖੇਤੀ ਅਤੇ ਕਿਸਾਨਾਂ ਦਾ ਰਾਖਾ ਕੈਪਟਨ ਅਮਰਿੰਦਰ ਸਿੰਘ
________________________________________
ਹਰਿੰਦਰ ਨਿੱਕਾ /ਰਘਵੀਰ ਹੈਪੀ ਬਰਨਾਲਾ 20 ਅਕਤੂਬਰ 2020
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਭਰੋਸੇ ਵਿੱਚ ਲੈਣ ਤੋਂ ਬਿਨਾਂ ਹੀ ਪਾਸ ਕੀਤੇ ਖੇਤੀ ਅਤੇ ਕਿਸਾਨ ਵਿਰੋਧੀ ਬਿਲਾਂ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਪੂਰੀ ਤਰਾਂ ਰੱਦ ਕਰ ਦੇਣ ਦੀ ਖੁਸ਼ੀ ਵਿੱਚ ਅੱਜ ਮਹਾਰਿਸ਼ੀ ਵਾਲਮੀਕਿ ਚੌਂਕ ਵਿੱਚ ਨਗਰ ਸੁਧਾਰ ਟਰਸਟ ਬਰਨਾਲਾ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਮੱਖਣ ਸ਼ਰਮਾ ਦੀ ਅਗਵਾਈ ਵਿੱਚ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਾਂਗਰਸੀਆਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ। ਇਸ ਮੌਕੇ ਕਾਂਗਰਸੀਆਂ ਨੇ ਖੇਤੀ ਅਤੇ ਕਿਸਾਨਾਂ ਦਾ ਰਾਖਾ ,ਕੈਪਟਨ ਅਮਰਿੰਦਰ ਸਿੰਘ,, ਦੇ ਅਕਾਸ਼ ਗੂੰਜਾਉ ਨਾਅਰੇ ਵੀ ਲਾਏ ।
ਮੀਡੀਆ ਨਾਲ ਫੋਨ ਤੇ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹ ਮਹਾਨ ਲੀਡਰ ਹੈ, ਜਿਸ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਪਾਣੀਆਂ ਦੇ ਸਮਝੌਤੇ ਰੱਦ ਕਰਕੇ ਇੱਕ ਇਤਹਾਸਿਕ ਕੰਮ ਕੀਤਾ ਸੀ । ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪਾਣੀਆਂ ਦਾ ਰਾਖਾ,, ਖਿਤਾਬ ਦਿੱਤਾ। ਸਰਦਾਰ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਅਤੇ ਕਿਸਾਨ ਵਿਰੋਧੀ ਬਿਲਾਂ ਤੋਂ ਚਿੰਤਾ ‘ਚ ਡੁੱਬੇ ਅਤੇ ਸੜ੍ਹਕਾਂ ਤੇ ਉੱਤਰੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਦੇ ਹੋਏ ਅੱਜ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਅਤੇ ਕਿਸਾਨ ਵਿਰੋਧੀ ਬਿਲਾਂ ਨੂੰ ਰੱਦ ਕਰਕੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਢਿੱਲੋਂ ਨੇ ਕਿਹਾ ਕਿ ਅੱਜ ਹਰ ਪੰਜਾਬੀ ਤੇ ਪੰਜਾਬ ਅਤੇ ਕਿਸਾਨ ਹਿਤੈਸ਼ੀ ਵਿਅਕਤੀ ਦੇ ਦਿਲ ਵਿੱਚੋਂ ਇੱਕੋ ਹੀ ਅਵਾਜ਼ ਨਿਕਲ ਰਹੀ ਹੈ, ਖੇਤੀ ਅਤੇ ਕਿਸਾਨਾਂ ਦਾ ਰਾਖਾ, ਕੈਪਟਨ ਅਮਰਿੰਦਰ ਸਿੰਘ ।
ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕੁਰਸੀ ਦੀ ਪਰਵਾਹ ਨਾ ਕਰਦਿਆਂ, ਇਹ ਕਿਸਾਨ ਹਿਤੈਸ਼ੀ ਕਦਮ ਚੁੱਕਿਆ ਹੈ। ਢਿੱਲੋਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੁਆਰਾ ਕਿਸਾਨਾਂ ਦੇ ਹਿੱਤਾਂ ਦੀ ਖਾਤਰ ਆਪਣੀ ਕੁਰਸੀ ਨੂੰ ਵੀ ਦਾਅ ਤੇ ਲਾ ਦਿੱਤਾ ਹੈ, ਉਨਾਂ ਕਿਸਾਨਾਂ ਦੇ ਹਿੱਤਾਂ ਲਈ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਤੱਕ ਦੇਣ ਦੀ ਪੇਸ਼ਕਸ਼ ਕਰਕੇ ਕਿਸਾਨਾਂ ਅਤੇ ਪੰਜਾਬੀਆਂ ਦਾ ਮਨ ਮੋਹ ਲਿਆ ਹੈ।
ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਇਸ ਦਲੇਰਾਨਾ ਕਦਮ , ਤਿਆਗ ਦੀ ਭਾਵਨਾ ਅਤੇ ਕਿਸਾਨ ਹਿਤੈਸ਼ੀ ਫੈਸਲਾ ਲੈਣ ਲਈ, ਉਨਾਂ ਦਾ ਧੰਨਵਾਦ ਕੀਤਾ। ਸ਼ਰਮਾ ਨੇ ਕਿਹਾ ਕਿ ਕਿਸਾਨਾਂ ਦੇ ਵਲੂੰਧਰੇ ਦਿਲਾਂ ਤੇ ਮੁੱਖ ਮੰਤਰੀ ਦੇ ਬਿਲਾਂ ਨੂੰ ਰੱਦ ਕਰਕੇ ਮੱਲ੍ਹਮ ਲਾਉਣ ਦਾ ਕੰਮ ਕੀਤਾ ਹੈ। ਉਨਾਂ ਕਿਹਾ ਕਿ ਹਲਕਾ ਇੰਚਾਰਜ ਅਤੇ ਵਿਕਾਸ ਪੁਰਸ਼ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ ਮੁਤਾਬਿਕ ਜਿਲ੍ਹੇ ਦੇ ਲੋਕ ਜਲਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ,, ਖੇਤੀ ਅਤੇ ਕਿਸਾਨਾਂ ਦਾ ਰਾਖਾ, ਖਿਤਾਬ ਨਾਲ ਸਨਮਾਨਿਤ ਕਰਨ ਦਾ ਪ੍ਰੋਗਰਾਮ ਉਲੀਕਣਗੇ।
ਨਗਰ ਕੌਸਲ ਦੇ ਸਾਬਕਾ ਮੀਤ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਮਹੇਸ਼ ਕੁਮਾਰ ਲੋਟਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਖੇਤੀ ਅਤੇ ਕਿਸਾਨ ਵਿਰੋਧੀ 3 ਬਿਲਾਂ ਨੇ ਪੰਜਾਬੀਆਂ ,ਖਾਸਕਰ ਕਿਸਾਨਾਂ ਨੂੰ ਸੜ੍ਹਕਾਂ ਤੇ ਨਿੱਕਲ ਕੇ ਸੰਘਰਸ਼ ਕਰਨ ਨੂੰ ਮਜਬੂਰ ਕੀਤਾ ਹੋਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਿਲ ਰੱਦ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਹੈ। ਆਪਣੀ ਸਰਕਾਰ ਨੂੰ ਦਾਅ ਤੇ ਲਾ ਕੇ ਬਿਲਾਂ ਨੂੰ ਰੱਦ ਕੀਤਾ ਹੈ। ਬਰਨਾਲਾ ਕਲੱਬ ਦੇ ਸੈਕਟਰੀ ਅਤੇ ਕਾਂਗਰਸੀ ਆਗੂ ਐਡਵੋਕੇਟ ਰਾਜੀਵ ਲੂਬੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਕਿਸਾਨੀ ਅਤੇ ਖੇਤੀ ਨੂੰ ਬਚਾਉਣ ਲਈ ਵਿਧਾਨ ਸਭਾ ਵਿੱਚ ਅੱਜ ਪਾਸ ਕੀਤੇ ਬਿਲਾਂ ਦੀ ਸ਼ਲਾਘਾਂ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਔਖੀ ਘੜੀ ‘ਚ ਕਿਸਾਨਾਂ ਨਾਲ ਖੜ੍ਹ ਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ। ਇਸ ਮੌਕੇ ਜਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਸਰਬਜੀਤ ਕੌਰ ਖੁੱਡੀ ਕਲਾਂ, ਮਾਰਕੀਟ ਕਮੇਟੀ ਦੇ ਚੇਅਰਮੈਨ ਅਸ਼ੋਕ ਮਿੱਤਲ, ਕਾਂਗਰਸ ਦੇ ਜਿਲ੍ਹਾ ਸਕੱਤਰ ਹਰਵਿੰਦਰ ਸਿੰਘ ਚਹਿਲ, ਮਹਿਲਾ ਆਗੂ ਸੁਖਜੀਤ ਕੌਰ ਸੁੱਖੀ, ਕੈਪਟਨ ਭੁਪਿੰਦਰ ਸਿੰਘ ਝਲੂਰ ,ਜਸਮੇਲ ਸਿੰਘ ਡੇਅਰੀ ਵਾਲਾ,ਐਮ.ਸੀ. ਕੁਲਦੀਪ ਧਰਮਾਂ, ਵਿਨੋਦ ਚੋਬਰ ,ਸੂਰਤ ਸਿੰਘ ਬਾਜਵਾ, ਯੂਥ ਆਗੂ ਜੌਂਟੀ ਮਾਨ, ਬਲਾਕ ਪ੍ਰਧਾਨ ਸਤੀਸ਼ ਜੱਜ,, ਕ੍ਰਿਸ਼ਨ ਚੰਣਨਵਾਲੀਆ, ਸ਼ਹਿਰੀ ਪ੍ਰਧਾਨ ਮਨੀਸ਼ ਕਾਕਾ, ਯੂਥ ਆਗੂ ਜੱਗਾ ਸਿੰਘ ਸੰਧੂ, ਯੂਥ ਕਾਂਗਰਸ ਦੇ ਜਿਲ੍ਹਾ ਵਾਈਸ ਪ੍ਰਧਾਨ ਡਿੰਪਲ ਉਪਲੀ, ਮਹਿਲਾ ਕਾਂਗਰਸ ਦੀ ਜਿਲ੍ਹਾ ਮੀਤ ਪ੍ਰਧਾਨ ਹਰਵਿੰਦਰ ਕੌਰ, ਯੂਥ ਕਾਂਗਰਸ ਵਿਧਾਨ ਸਭਾ ਹਲਕਾ ਬਰਨਾਲਾ ਦੇ ਪ੍ਰਧਾਨ ਵਿੱਕੀ ਢੋਲੀ ਆਦਿ ਕਾਂਗਰਸੀ ਨੇਤਾ ਵੀ ਮੌਜੂਦ ਰਹੇ।