ਸਿੱਖਿਆ ਮੰਤਰੀ ਸਿੰਗਲਾ ਦੀਆਂ ਹਦਾਇਤਾਂ ‘ਤੇ ਸਰਕਾਰੀ ਸਕੂਲਾਂ ‘ਚ ਕੈਂਸਰ ਵਿਰੁੱਧ ਜਾਗਰੂਕਤਾ ਮਹਿੰਮ ਜਾਰੀ

Advertisement
Spread information

*ਹੋਮੀ ਭਾਭਾ ਕੈਂਸਰ ਹਸਪਤਾਲ ਦੀ ਟੀਮ ਵੱਲੋਂ ਵਿਦਿਆਰਥਣਾਂ ਨੂੰ ਔਰਤਾਂ ‘ਚ ਪਾਏ ਜਾਣ ਵਾਲੇ ਕੈਂਸਰ ਨੂੰ ਵੇਲੇ ਸਿਰ ਪਛਾਣਨ ਦੀ ਦਿੱਤੀ ਜਾ ਰਹੀ ਹੈ ਸਿਖਲਾਈ


ਹਰਪ੍ਰੀਤ ਕੌਰ, ਸੰਗਰੂਰ 14 ਅਕਤੂਬਰ:2020
                ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਦੀਆਂ ਹਦਾਇਤਾਂ ‘ਤੇ ਸਥਾਨਕ ਹੋਮੀ ਭਾਭਾ ਕੈਂਸਰ ਹਸਪਤਾਲ ਦੇ ਡਾਕਟਰਾਂ ਵੱਲੋਂ ਸੰਗਰੂਰ ਦੇ ਸਰਕਾਰੀ ਸਕੂਲਾਂ ਵਿਚ ਜਾ ਕੇ ਵਿਦਿਆਰਥਣਾਂ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ। ਟਾਟਾ ਮੈਮੋਰੀਅਲ ਸੈਂਟਰ ਦੀ ਸੰਗਰੂਰ ਸਥਿਤ ਇਸ ਇਕਾਈ ਵੱਲੋਂ 30 ਅਕਤੂਬਰ 2020 ਤੱਕ ਔਰਤਾਂ ‘ਚ ਛਾਤੀ ਦੇ ਕੈਂਸਰ ਦੀ ਵੇਲੇ ਸਿਰ ਪਛਾਣ ਕਰਵਾਉਣ ਦੇ ਮਕਸਦ ਨਾਲ ਜਾਗਰੂਕਤਾ ਅਤੇ ਮੁਫ਼ਤ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਆਗ਼ਾਜ਼ ਮੌਕੇ ਹੀ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਹਸਪਤਾਲ ਦੇ ਡਾਇਰੈਕਟਰ ਡਾ. ਰਾਕੇਸ਼ ਕਪੂਰ ਨੂੰ ਹਦਾਇਤ ਕੀਤੀ ਸੀ ਕਿ ਇਸ ਮੁਹਿੰਮ ਤਹਿਤ ਸਰਕਾਰੀ ਸਕੂਲਾਂ ‘ਚ ਪੜ੍ਹਦੀਆਂ ਵਿਦਿਆਰਥਣਾਂ ਨੂੰ ਇਸ ਨਾਮੁਰਾਦ ਬਿਮਾਰੀ ਦੇ ਲੱਛਣਾਂ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਸ਼੍ਰੀ ਸਿੰਗਲਾ ਨੇ ਤਾਕੀਦ ਕੀਤੀ ਸੀ ਕਿ ਵਿਦਿਆਰਥਣਾਂ ਨੂੰ ਇਸ ਬਿਮਾਰੀ ਨੂੰ ਪਛਾਣਨ ਲਈ ਆਪਣੇ ਸਰੀਰ ਦੀ ਜਾਂਚ ਲਈ ਪੂਰੀ ਸਿਖਲਾਈ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਸਕੇ-ਸਬੰਧੀਆਂ ਨੂੰ ਵੀ ਕੈਂਸਰ ਦੀ ਬਿਮਾਰੀ ਦੇ ਲੱਛਣਾਂ ਤੇ ਇਸਨੂੰ ਸ਼ੁਰੂਆਤੀ ਪੱਧਰ ‘ਤੇ ਹੀ ਪਛਾਣ ਕੇ ਇਸਦਾ ਇਲਾਜ ਕਰਵਾ ਸਕਣ।
           ਇਸ ਮੁਹਿੰਮ ਤਹਿਤ ਡਾ. ਸੁਪਰੀਆ ਅਤੇ ਸਟਾਫ਼ ਨਰਸ ਅਮਨਦੀਪ ਕੌਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਸੰਗਰੂਰ ਵਿਖੇ ਵਿਦਿਆਰਥਣਾਂ ਨੂੰ ਔਰਤਾਂ ‘ਚ ਆਮ ਪਾਏ ਜਾਣ ਵਾਲੇ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਦੇ ਲੱਛਣਾਂ ਬਾਰੇ ਜਾਗਰੂਕ ਕੀਤਾ। ਇਸ ਤੋਂ ਇਲਾਵਾ ਡਾ. ਸੁਪਰੀਆ ਅਤੇ ਨਰਸ ਗੀਤਾਂਜਲੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਕੁੜੀਆਂ) ਭਵਾਨੀਗੜ੍ਹ ਵਿਖੇ ਵੀ ਵਿਦਿਆਰਥਣਾਂ ਨੂੰ ਕੈਂਸਰ ਦੀ ਬਿਮਾਰੀ ਨੂੰ ਵੇਲੇ ਸਿਰ ਪਛਾਣਨ ਲਈ ਪ੍ਰੈਕਟੀਕਲ ਜਾਣਕਾਰੀ ਦਿੱਤੀ। ਵਿਦਿਆਰਥਣਾਂ ਨੂੰ ਸਹਿਜ ਮਹਿਸੂਸ ਕਰਵਾਉਣ ਲਈ ਇਨ੍ਹਾਂ ਜਾਗਰੂਕਤਾ ਪ੍ਰੋਗਰਾਮਾਂ ਦੌਰਾਨ ਸਿਰਫ਼ ਮਹਿਲਾ ਅਧਿਆਪਕਾਂ ਨੂੰ ਹੀ ਸਕੂਲ ਅਹਾਤੇ ਅੰਦਰ ਰਹਿਣ ਦੀ ਆਗਿਆ ਦਿੱਤੀ ਗਈ ਸੀ। ਇਸ ਮੌਕੇ ਮਾਹਿਰਾਂ ਨੇ ਵਿਦਿਆਰਥਣਾਂ ਤੇ ਮਹਿਲਾ ਅਧਿਆਪਕਾਂ ਨੂੰ ਛਾਤੀ ਦੇ ਕੈਂਸਰ ਦੇ ਮੁੱਢਲੇ ਲੱਛਣਾਂ ਕਾਰਨਾਂ ਅਤੇ ਇਸਦੇ ਇਲਾਜ ਬਾਰੇ ਵਿਸਥਾਰ ‘ਚ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥਣਾਂ ਤੇ ਮਹਿਲਾ ਅਧਿਆਪਕਾਂ ਨੂੰ ਛਾਤੀ ਦੇ ਕੈਂਸਰ ਦੀ ਜਾਂਚ ਲਈ ਆਪਣੀ ਜਾਂਚ ਆਪ ਕਰਨ ਦੀ ਵੀ ਸਿਖਲਾਈ ਦਿੱਤੀ ਤਾਂ ਜੋ ਉਹ ਆਪ ਅਤੇ ਆਪਣੇ ਨਾਲ ਜੁੜੀਆਂ ਹੋਰਨਾਂ ਔਰਤਾਂ ਨੂੰ ਇਸ ਨਾਮੁਰਾਦ ਬਿਮਾਰੀ ਵਿਰੁੱਧ ਜਾਗਰੂਕ ਕਰ ਸਕਣ। ਮਾਹਿਰਾਂ ਨੇ ਦੱਸਿਆ ਕਿ ਜੇਕਰ ਕੈਂਸਰ ਦੀ ਬਿਮਾਰੀ ਦਾ ਇਲਾਜ ਮੁੱਢਲੇ ਪੱਧਰ ‘ਤੇ ਸ਼ੁਰੂ ਕਰ ਦਿੱਤਾ ਜਾਵੇ ਤਾਂ ਇਸਦੇ ਘਾਤਕ ਰੂਪ ਤੋਂ ਬਹੁਤ ਹੱਦ ਤੱਕ ਬਚਿਆ ਜਾ ਸਕਦਾ ਹੈ।
               ਇਨ੍ਹਾਂ ਜਾਗਰੂਕਤਾ ਪ੍ਰੋਗਰਾਮਾਂ ਦੌਰਾਨ ਸਕੂਲਾਂ ਵਿਚ ਵਿਦਿਆਰਥਣਾਂ ਅਤੇ ਹੋਰ ਸਟਾਫ਼ ਨੂੰ ਕੈਂਸਰ ਵਿਰੁੱਧ ਜਾਗਰੂਕਤਾ ਲਈ ਸਾਹਿਤ ਵੀ ਵੰਡਿਆ ਗਿਆ। ਇਸ ਮੌਕੇੇ ਹੋਮੀ ਭਾਭਾ ਕੈਂਸਰ ਹਸਪਤਾਲ ਦੇ ਪ੍ਰਬੰਧਕ ਡਾ. ਡਿੰਪਲ ਕਾਕੜਾ ਵੀ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!