ਬੇਨਿਯਮੀਆਂ ਅਤੇ ਆਰ.ਟੀ.ਏ. ਦਫਤਰ ਦਾ ਨੌਂਹ ਮਾਸ ਦਾ ਰਿਸ਼ਤਾ
ਨੇੜਲੇ ਜਿਲ੍ਹਿਆਂ ‘ਚ ਮੁੰਨੀ ਤੋਂ ਵੀ ਵੱਧ ਬਦਨਾਮ ਹੋਇਆ ਦਫਤਰ ਦਾ ਇੱਕ ਅਧਿਕਾਰੀ
ਹਰਿੰਦਰ ਨਿੱਕਾ ਬਰਨਾਲਾ 10 ਸਤੰਬਰ 2020
ਬੇਨਿਯਮੀਆਂ ਅਤੇ ਆਰ.ਟੀ.ਏ. ਦਫਤਰ ਸੰਗਰੂਰ ਦਾ ਆਪਸੀ ਰਿਸ਼ਤਾ ਨੌਂਹ ਮਾਸ ਦੀ ਤਰਾਂ ਜੁੜਿਆ ਹੋਇਆ ਹੈ। ਟਰਾਂਸਪੋਰਟ ਨਾਲ ਜੁੜਿਆ ਕੋਈ ਵੀ ਨਜਾਇਜ਼ ਕੰਮ ਕਰਵਾਉਣ ਲਈ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਸੰਗਰੂਰ ਦਫਤਰ ਹੀ ਬਣਿਆ ਹੋਇਆ ਹੈ । ਇਸ ਦੀ ਤਾਜ਼ਾ ਮਿਸਾਲ ਦਫਤਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਇੱਕ ਕਮਰਸ਼ੀਅਲ ਵਹੀਕਲ ਟੈਂਪੂ ਦਾ ਵੀ.ਆਈ.ਪੀ. ਨੰਬਰ ਟੈਂਪੂ ਮਾਲਿਕ ਦੀ ਸਹਿਮਤੀ ਤੋਂ ਬਿਨਾਂ ਹੀ ਇੱਕ ਘਰੇਲੂ ਵਹੀਕਲ ਨੂੰ ਅਲਾਟ ਕਰਨ ਲਈ ਅਪਣਾਈ ਪ੍ਰਕਿਰਿਆ ਤੋਂ ਖੁੱਲ੍ਹ ਕੇ ਸਾਹਮਣੇ ਆਈ ਹੈ। ਜਦੋਂ ਕਿ ਟਰਾਂਸਪੋਰਟ ਨਿਯਮਾਂ ਮੁਤਾਬਿਕ ਅਜਿਹਾ ਕਰਨਾ ਕਿਸੇ ਵੀ ਸੂਰਤ ਵਿੱਚ ਸੰਭਵ ਹੀ ਨਹੀਂ ਹੈ। ਪਰੰਤੂ ਅਸੰਭਵ ਕੰਮ ਨੂੰ ਹਰ ਢੰਗ ਅਪਣਾ ਕੇ ਸੰਭਵ ਕਰ ਦੇਣ ਦੀ ਕਲਾ ਕਾਰਣ ਹੀ ਆਰ.ਟੀ.ਏ. ਦਫਤਰ ਸੰਗਰੂਰ ਦੇ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਨਾਂ ਪੂਰੇ ਸੂਬੇ ਵਿੱਚ ਗੂੰਜਦਾ ਹੈ। ਟਰਾਂਸਪੋਰਟ ਦੇ ਧੰਦੇ ਨਾਲ ਜੁੜੇ ਸੂਤਰਾਂ ਅਨੁਸਾਰ ਇੱਥੋਂ ਦੇ ਇੱਕ ਅਧਿਕਾਰੀ ਦਾ ਨਾਮ ਉਸ ਦੇ ਕੀਤੇ ਨਜਾਇਜ ਕੰਮਾਂ ਕਰਕੇ ਨੇੜਲੇ ਜਿਲ੍ਹਿਆਂ ਦੇ ਲੋਕਾਂ ‘ਚ ਮੁੰਨੀ ਤੋਂ ਵੀ ਵੱਧ ਬਦਨਾਮ ਹੋ ਚੁੱਕਿਆ ਹੈ।
ਟੈਂਪੂ ਤੋਂ ਲਾਹ ਕੇ ਨੰਬਰ ਕਾਰ ਨੂੰ ਜੜਿਆ,,,
ਬਰਨਾਲਾ ਨੇੜਲੇ ਪਿੰਡ ਹੰਡਿਆਇਆ ਦੀ ਬੀਕਾ ਸੂਚ ਪੱਤੀ ਦੇ ਰਹਿਣ ਵਾਲੇ ਨਿੱਕਾ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਕਾਫੀ ਅਰਸਾ ਪਹਿਲਾਂ ਬਜਾਜ ਕੰਪਨੀ ਦਾ 1984 ਮਾਡਲ ਟੈਂਪੂ ਨੰਬਰ ਪੀ.ਏ.ਬੀ. 2000 ਖਰੀਦਿਆ ਸੀ। ਕੁਝ ਮਹੀਨੇ ਪਹਿਲਾਂ ਆਰ.ਟੀ.ਏ. ਦਫਤਰ ਵਾਲਿਆਂ ਨੇ ਇਸ ਟੈਂਪੂ ਦਾ ਚਲਾਣ ਕੱਟ ਕੇ ਆਰ.ਸੀ. ਆਪਣੇ ਕੋਲ ਕਬਜ਼ੇ ਵਿੱਚ ਲੈ ਲਈ। ਟੈਂਪੂ ਡਰਾਇਵਰ ਗੁਰਮੇਲ ਸਿੰਘ ਕਈ ਵਾਰ ਚਲਾਣ ਭਰ ਕੇ ਆਰ.ਸੀ. ਲੈਣ ਲਈ ਦਫਤਰ ਚੱਕਰ ਲਾ ਕੇ ਆਇਆ। ਪਰ ਨਾ ਕਿਸੇ ਨੇ ਉਸ ਤੋਂ ਚਲਾਨ ਭਰਵਾਇਆ ਅਤੇ ਨਾ ਹੀ ਮੰਗਣ ਦੇ ਬਾਵਜੂਦ ਟੈਂਪੂ ਦੀ ਆਰ.ਸੀ ਦਿੱਤੀ।
ਹੁਣ ਕੁਝ ਦਿਨ ਪਹਿਲਾਂ ਦਫਤਰ ਦਾ ਕਰਮਚਾਰੀ ਟੈਂਪੂ ਦੀ ਕਾਪੀ ਟੈਂਪੂ ਮਾਲਿਕ ਨਿੱਕਾ ਸਿੰਘ ਦੇ ਨਾਮ ਤੋਂ ਬਦਲ ਕੇ ਉਸ ਦੇ ਭਤੀਜੇ ਅਤੇ ਡਰਾਇਵਰ ਗੁਰਮੇਲ ਸਿੰਘ ਦੇ ਨਾਮ ਕਰਕੇ ਦੇ ਗਿਆ। ਇੱਨਾਂ ਹੀ ਨਹੀਂ, ਦਫਤਰ ਵਾਲਿਆਂ ਨੇ ਅਜਿਹੀ ਕਲਾਕਾਰੀ ਦਿਖਾਈ ਕਿ ਨਵੀਂ ਆਰ.ਸੀ. ਤੇ ਟੈਂਪੂ ਦਾ ਨੰਬਰ ਵੀ ਪੀ.ਏ.ਬੀ. 2000 ਦੀ ਥਾਂ ਪੀ.ਬੀ. 13 ਬੀ.ਕੇ. 3971 ਅਲਾਟ ਕਰ ਦਿੱਤਾ ਗਿਆ । ਪੜਤਾਲ ਦੌਰਾਨ ਪਤਾ ਲੱਗਿਆ ਕਿ ਟੈਂਪੂ ਦਾ ਪੁਰਾਣਾ ਵੀ.ਆਈ.ਪੀ. ਨੰਬਰ ਟੈਂਪੂ ਮਾਲਿਕ ਨਿੱਕਾ ਸਿੰਘ ਦੀ ਮਰਜੀ ਤੋਂ ਬਿਨਾਂ ਹੀ ਪਵਨਦੀਪ ਕੌਰ ਦੀ ਹੌਡਾ ਸਿਟੀ ਕਾਰ ਨੂੰ ਅਲਾਟ ਕਰ ਦਿੱਤਾ ਗਿਆ। ਜਦੋਂ ਕਿ ਨਿਯਮਾਂ ਅਨੁਸਾਰ ਅਜਿਹਾ ਕਰਨਾ ਸੰਭਵ ਹੀ ਨਹੀਂ ਹੈ। ਇਸ ਸਬੰਧੀ ਆਰ.ਟੀ.ਉ ਕਰਨਵੀਰ ਸਿੰਘ ਛੀਨਾ ਦਾ ਪੱਖ ਜਾਣਨ ਲਈ ਕਈ ਵਾਰ ਫੋਨ ਮਿਲਾਇਆ, ਪਰੰਤੂ ਫੋਨ ਆਉਟ ਆਫ ਕਵਰੇਜ ਏਰਿਆ ਹੀ ਆਉਂਦਾ ਰਿਹਾ।