ਰੋਸ ਵੱਜੋਂ ਫੂਕੇ ਰਾਏਸਰ ਦੀ ਮੰਡੀ ‘ਚ ਸਰਕਾਰ ਵੱਲੋਂ ਲਾਏ ਬੋਰਡ, ਨੌਜਵਾਨ ਕਿਸਾਨਾਂ ਨੇ ਕਿਹਾ ਪਿੰਡਾਂ ‘ਚ ਨਹੀਂ ਲਾਉਣ ਦਿਆਂਗੇ ਬੋਰਡ
ਹਰਿੰਦਰ ਨਿੱਕਾ ਬਰਨਾਲਾ 9 ਅਕਤੂਬਰ 2020
ਕੇਂਦਰ ਦੀ ਨਰਿੰਦਰ ਮੋਦੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਦੇ ਖਿਲਾਫ ਪਿੰਡਾਂ ਦੇ ਕਿਸਾਨਾਂ ਅੰਦਰ ਰੋਸ ਵੱਧਦਾ ਹੀ ਜਾ ਰਿਹਾ ਹੈ। ਇਸ ਦਾ ਅਸਰ ਸ਼ੁਕਰਵਾਰ ਨੂੰ ਉਦੋਂ ਦੇਖਣ ਨੂੰ ਮਿਲਿਆ ,ਜਦੋਂ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਪਿੰਡ ਦੀ ਮੰਡੀ ਵਿੱਚ ਕੁਝ ਵਿਅਕਤੀ ਪਰਾਲੀ ਨਾ ਫੂਕਣ ਲਈ ਕਿਸਾਨਾਂ ਨੂੰ ਜਾਗ੍ਰਤਿ ਕਰਨ ਲਈ ਵੱਡੇ ਵੱਡੇ ਫਲੈਕਸ ਬੋਰਡ ਲਾਉਣ ਲਈ ਪਹੁੰਚ ਗਏ। ਜਿਵੇਂ ਹੀ ਇਸ ਦੀ ਭਿਣਕ ਨੌਜਵਾਨ ਕਿਸਾਨਾਂ ਨੂੰ ਪਈ, ਤਾਂ ਉਨਾਂ ਪਿੰਡ ਦੀ ਮੰਡੀ ਅੰਦਰ ਅਜਿਹੇ ਬੋਰਡ ਲਾਉਣ ਦਾ ਵਿਰੋਧ ਸ਼ੁਰੂ ਕਰ ਦਿੱਤਾ। ਬੋਰਡ ਲਾਉਣ ਵਾਲਿਆਂ ਵਿੱਚੋਂ , ਇੱਕ ਵਿਅਕਤੀ ਨੇ ਜਦੋਂ ਵਿਰੋਧ ਕਰ ਰਹੇ ਬੰਦਿਆਂ ਚੋਂ ਇੱਕ ਨਾਲ ਹੱਥੋਪਾਈ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ਦਾ ਗੁੱਸਾ ਅਜਿਹਾ ਭੜਕਿਆ ਕਿ ਉਹ ਬੋਰਡ ਲੱਦੇ ਟੈਂਪੂ ਛੋਟੇ ਹਾਥੀ ਦੇ ਪਿੱਛੇ ਮੋਟਰ ਸਾਇਕਲਾਂ ਤੇ ਭੱਜ ਨਿੱਕਲੇ। ਆਖਿਰ ਉਨਾਂ ਰਾਏਸਰ ਦੀ ਮੰਡੀ ਵਿੱਚ ਬੋਰਡ ਲਾ ਰਹੇ ਬੰਦਿਆਂ ਨੂੰ ਘੇਰ ਕੇ ਉੱਥੋਂ ਭਜਾ ਦਿੱਤਾ ਅਤੇ ਮੰਡੀ ਅੰਦਰ ਲਾਇਆ ਬੋਰਡ ਪਾੜ ਕੇ ਫੂਕ ਦਿੱਤਾ। ਨੌਜਵਾਨ ਕਿਸਾਨਾਂ ਨੇ ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਅਤੇ ਮੋਦੀ ਸਰਕਾਰ ਦੇ ਖਿਲਾਫ ਜੰਮ ਕੇ ਨਾਰੇਬਾਜੀ ਵੀ ਕੀਤੀ।
ਇਸ ਮੌਕੇ ਨੌਜਵਾਨ ਕਿਸਾਨਾਂ ਨੇ ਸਰਕਾਰ ਦੀ ਇਸ ਮੁਹਿੰਮ ਦਾ ਵਿਰੋਧ ਕਰਦਿਆਂ ਕਿਹਾ ਕਿ ਜਦੋਂ ਸਰਕਾਰ , ਉਨਾਂ ਦੀ ਗੱਲ ਨਹੀ ਮੰਨ ਰਹੀ ਤਾ ਅਸੀ ਬੋਰਡ ਇੱਥੇ ਕਿਉ ਲਗਾਉਣ ਦੇਈਏ । ਬੋਰਡ ਲਾਉਣ ਵਾਲਿਆ ਨੇ ਗੱਡੀ ਭਜਾ ਕੇ ਆਪਣਾ ਖਹਿੜਾ ਛੁਡਾਇਆ ।।ਲੋਕਾਂ ਨੇ ਮੌਕੇ ਤੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਕਿਸਾਨਾਂ ਨੇ ਦੱਸਿਆ ਕਿ ਅਸੀ ਠੀਕਰੀਵਾਲ ਪਿੰਡ ਤੋਂ ਇੰਨਾ ਦੇ ਪਿੱਛੇ ਲੱਗੇ ਹੋਏ ਸੀ। ਪਰ ਜਦੋ ਰਾਏਸਰ ਦੀ ਮੰਡੀ ਵਿੱਚ ਬੋਰਡ ਲਗਾਉਣ ਲੱਗੇ ਤਾਂ ਅਸੀ ਰੋਕ ਕੇ ਬੋਰਡ ਨੂੰ ਅੱਗ ਲਗਾਉਣੀ ਸ਼ੂਰੁ ਕਰ ਦਿੱਤੀ । ਫਿਰ ਉਸ ਤੋ ਬਾਅਦ ਉਹ ਗੱਡੀ ਲੈ ਕੇ ਭੱਜ ਗਏ । ਉਨ੍ਹਾਂ ਕਿਹਾ ਕਿ ਅਸੀ ਪੰਜਾਬ ਸਰਕਾਰ ਦੇ ਬੋਰਡ ਮੰਡੀਆ ਦੇ ਵਿਚ ਨਹੀ ਲੱਗਣ ਦੇਵਾਂਗੇ। ਇਸ ਤਰ੍ਹਾਂ ਅਸੀ ਪੰਜਾਬ ਸਰਕਾਰ ਦੀ ਵਿਰੋਧਤਾ ਕਰਦੇ ਰਹਾਂਗੇ।