ਬਰਨਾਲਾ ਸਮੇਤ ਪੰਜਾਬ ‘ਚ 5 ਥਾਵਾਂ ‘ਤੇ ਹੋਣਗੀਆਂ ਲਲਕਾਰ-ਰੈਲੀਆਂ
ਪੰਜਾਬ ਦੀਆਂ 10 ਤੇ ਦੇਸ਼ ਦੀਆਂ 250 ਕਿਸਾਨ ਜਥੇਬੰਦੀਆਂ ਪਾਰਲੀਮੈਂਟ ਦੇ ਮੌਨਸੂਨ-ਸ਼ੈਸ਼ਨ ਮੌਕੇ ਅੱਜ ਖੇਤੀ-ਆਰਡੀਨੈਂਸਾਂ ਖ਼ਿਲਾਫ਼ ਦੇਸ਼ ਭਰ ‘ਚਕਰਨਗੀਆਂ ਪ੍ਰਦਰਸ਼ਨ
ਹਰਿੰਦਰ ਨਿੱਕਾ ਬਰਨਾਲਾ 14 ਸਤੰਬਰ 2020
ਪੰਜਾਬ ਦੀਆਂ 10 ਅਤੇ ਦੇਸ਼ ਭਰ ਦੀਆਂ 250 ਕਿਸਾਨ ਜਥੇਬੰਦੀਆਂ ਅੱਜ ਪਾਰਲੀਮੈਂਟ ਦੇ ਮੌਨਸੂਨ ਸ਼ੈਸ਼ਨ ਦੀ ਸ਼ੁਰੂਆਤ ਮੌਕੇ ਸਾਂਝੀ ‘ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ’ ਦੇ ਸੱਦੇ ਤੇ ਲੱਖਾਂ ਦੀ ਸੰਖਿਆ ‘ਚ ਕਿਸਾਨ ਰੋਸ ਜਾਹਿਰ ਕਰਨ ਲਈ ਆਪਣੇ ਘਰਾਂ ਤੋਂ ਸੜ੍ਹਕਾਂ ਵੱਲ ਵਹੀਰਾਂ ਘੱਤ ਕੇ ਤੁਰ ਪਏ ਹਨ। ਪੰਜਾਬ ਅੰਦਰ ਵੀ ਬਰਨਾਲਾ ਸਮੇਤ 5 ਵੱਖ ਵੱਖ ਥਾਵਾਂ ਤੇ ਕਿਸਾਨ ਯੂਨੀਅਨਾਂ ਸਰਕਾਰ ਨੂੰ ਲਲਕਾਰਾ ਮਾਰਨ ਲਈ ਲਲਕਾਰ ਰੈਲੀਆਂ ‘ਚ ਸ਼ਾਮਿਲ ਹੋਣ ਲਈ ਉਤਸਾਹ ਨਾਲ ਘਰਾਂ ਤੋਂ ਟ੍ਰਾਲੀਆਂ ਟ੍ਰੈਕਟਰਾਂ ਤੇ ਨਿੱਕਲ ਪਏ ਹਨ। ਜਿਨ੍ਹਾਂ ਨਾਲ ਨਜਿੱਠਣ ਲਈ ਪ੍ਰਸ਼ਾਸ਼ਨ ਨੇ ਵੀ ਪੈਣੀ ਨਜ਼ਰ ਰੱਖੀ ਹੋਈ ਹੈ। ਇਹ ਜਾਣਕਾਰੀ ਤਾਲਮੇਲ ਕਮੇਟੀ ਦੇ ਬੁਲਾਰਿਆਂ ਨੇ ਦਿੱਤੀ। ਉਨਾਂ ਦੱਸਿਆ ਕਿ ਕਮੇਟੀ ‘ਚ ਸ਼ਾਮਿਲ ਪੰਜਾਬ ਦੀਆਂ 10 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਪੰਜਾਬ ਵਿੱਚ 5 ਥਾਵਾਂ ਬਰਨਾਲਾ, ਅੰਮ੍ਰਿਤਸਰ, ਫਗਵਾੜਾ, ਪਟਿਆਲਾ ਅਤੇ ਮੋਗਾ ਵਿਖੇ ਕੇਂਦਰ ਸਰਕਾਰ ਖ਼ਿਲਾਫ਼ ਲਲਕਾਰ-ਰੈਲੀਆਂ ਕਰਨਗੀਆਂ ਅਤੇ 3 ਖੇਤੀ-ਆਰਡੀਨੈਂਸਾਂ ਸਮੇਤ ਬਿਜਲੀ-ਐਕਟ-2020 ਤੁਰੰਤ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ।
ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਤਿਆਰੀਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ‘ਚ ਸ਼ਾਮਿਲ 10 ਕਿਸਾਨ ਜਥੇਬੰਦੀਆਂ ਨੇ ਪਿਛਲੇ ਦਿਨਾਂ ਤੋਂ ਕਰੀਬ 530 ਪਿੰਡਾਂ ‘ਚ ਇਹਨਾਂ ਰੈਲੀਆਂ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ‘ਤੇ ਕੀਤੀਆਂ ਹਨ, ਪਿੰਡਾਂ ਵਿੱਚ ਢੋਲ-ਮਾਰਚ, ਨੁੱਕੜ-ਮੀਟਿੰਗ ਅਤੇ ਮਸ਼ਾਲ-ਮਾਰਚਾਂ ਰਾਹੀਂ ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਨੂੰ ਲਾਮਬੰਦ ਕਰਦਿਆਂ ਹਰੇਕ ਪਿੰਡ ਤੋਂ ਵੱਡੀ ਗਿਣਤੀ ‘ਚ ਕਿਸਾਨਾਂ ਦੀ ਸ਼ਮੂਲੀਅਤ ਕਰਵਾਉਣ ਲਈ ਮੁਹਿੰਮਾਂ ਵਿੱਢੀਆਂ ਹੋਈਆਂ ਹਨ। ਅੱਜ ਵੀ ਬਰਨਾਲਾ ਦੇ ਨੇੜਲੇ ਪਿੰਡਾਂ ਚ ਢੋਲ ਮਾਰਚ ਖੁੱਡੀ ਕਲਾਂ, ਜੋਧਪੁਰ, ਚੀਮਾ, ਨਾਈਵਾਲਾ, ਠੀਕਰੀਵਾਲਾ, ਸੰਘੇੜਾ,ਕਰਮਗੜ੍ਹ,ਨੰਗਲ,ਉੱਪਲੀ, ਧਨੌਲਾ ਵਿਖੇ ਨੁੱਕੜ-ਮੀਟਿੰਗਾਂ ਅਤੇ ਢੋਲ-ਮਾਰਚਾਂ ਰਾਹੀਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ ਹਨ।
ਕਮੇਟੀ ‘ਚ ਸ਼ਾਮਿਲ ਭਾਰਤੀ ਕਿਸਾਨ ਯੂਨੀਅਨ-ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ. ਦਰਸ਼ਨਪਾਲ, ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਅਜਨਾਲਾ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਜਿੰਦਰ ਟਾਂਡਾ, ਕੁੱਲ ਹਿੰਦ ਕਿਸਾਨ ਸਭਾ-ਅਜੈ ਭਵਨ ਦੇ ਪ੍ਰਧਾਨ ਭੁਪਿੰਦਰ ਸਿੰਘ ਸਾਂਬਰ, ਪੰਜਾਬ ਕਿਸਾਨ ਸਭਾ ਦੇ ਮੇਜਰ ਸਿੰਘ ਪੁੰਨਾਂਵਾਲ, ਜੈ ਕਿਸਾਨ ਅੰਦੋਲਨ ਦੇ ਗੁਰਬਖਸ਼ ਸਿੰਘ ਬਰਨਾਲਾ ਅਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਹਰਜੀਤ ਰਵੀ ਨੇ ਕਿਹਾ ਕਿ ਦੇਸ਼ ਦਾ ਕਿਸਾਨ-ਅੰਦੋਲਨ ਹੁਣ ਫੈਸਲਾਕੁੰਨ ਮੋੜ ‘ਤੇ ਪਹੁੰਚ ਗਿਆ ਹੈ।
ਪਿਛਲੇ ਦਿਨੀਂ ਹਰਿਆਣਾ ਦੇ ਕਿਸਾਨਾਂ ਨੇ ਵੀ ਕੇਂਦਰ ਸਰਕਾਰ ਨੂੰ ਇਹ ਦਿਖਾ ਦਿੱਤਾ ਹੈ ਕਿ ਕਿਸਾਨ ਖੇਤੀ-ਆਰਡੀਨੈਂਸਾਂ ਨੂੰ ਰੱਦ ਕਰਵਾਉਣ ਤੱਕ ਮੈਦਾਨ ‘ਚ ਡਟੇ ਰਹਿਣਗੇ, ਭਾਵੇਂ ਉਹਨਾਂ ਨੂੰ ਕਿੰਨੀਆਂ ਹੀ ਕੁਰਬਾਨੀਆਂ ਕਿਉਂ ਨਾ ਦੇਣੀਆਂ ਪੈਣ। ਆਗੂਆਂ ਨੇ ਕਿਹਾ ਕਿ ਤਿੰਨੇ ਆਰਡੀਨੈਂਸ ਲਾਗੂ ਹੋਣ ਤੋਂ ਬਾਅਦ ਖੁੱਲੀ ਮੰਡੀ ਦਾ ਸਿਧਾਂਤ ਲਾਗੂ ਕੀਤਾ ਗਿਆ ਤਾਂ ਸਰਕਾਰੀ ਖਰੀਦ ਬੰਦ ਹੋ ਜਾਵੇਗੀ ਜਿਸ ਦੀ ਮਿਸਾਲ ਇਹ ਹੈ ਕਿ ਹੁਣ ਜਦ ਨਰਮਾ ਮੰਡੀਆਂ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ ਤਾਂ ਸਰਕਾਰ ਵੱਲੋਂ ਮੁਕੱਰਰ ਕੀਤੇ ਰੇਟ ਤੋਂ500 ਰੁ. ਤੋਂ700 ਸੌ ਰੁ. ਪ੍ਰਤੀ ਕੁਇੰਟਲ ਘੱਟ ਰੇਟ ਤੇ ਖ੍ਰੀਦਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਕਾਟਨ ਕਾਰਪੋਰੇਸ਼ਨ ਮੰਡੀਆਂ ਵਿੱਚੋਂ ਭਾਲੀ ਵੀ ਨਹੀਂ ਲੱਭਦੀ ।
ਇਕ ਦੇਸ਼ ਇੱਕ ਮੰਡੀ ਦਾ ਕਾਨੂੰਨ ਲਾਗੂ ਹੋਣ ਨਾਲ ਇਹੀ ਹਾਲ ਕਣਕ ‘ਤੇ ਝੋਨੇ ਦਾ ਹੋਵੇਗਾ।ਆਰਡੀਨੈਂਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਿਸਾਨ ਆਪਣੀ ਜਿਣਸ ਨੂੰ ਭਾਰਤ ਵਿੱਚ ਕਿਤੇ ਵੀ ਵੇਚ ਸਕਦਾ ਹੈ ਅਤੇ ਕਿਸਾਨ ਸਟੋਰ ਵੀ ਕਰ ਸਕਦਾ ਹੈ। ਕਿਉਂਕਿ ਅਨਾਜ, ਦਾਲਾਂ‘ਤੇ ਤੇਲ ਬੀਜਾਂ ਨੂੰੰ ਜ਼ਰੂਰੀ ਵਸਤਾਂ ਵਿੱਚੋਂ ਬਾਹਰ ਕਰ ਦਿੱਤਾ ਹੈ। ਇੱਥੇ ਕਿਸਾਨਾਂ ਨੂੰ ਇਸ ਗੱਲ ਦਾ ਵੀ ਖਦਸ਼ਾ ਹੈ ਕਿਸਾਨਾਂ ਦੇ ਨਾਂ ਥੱਲੇ ਵਪਾਰੀਆਂ ਨੂੰ ਖੁੱਲੀਆਂ ਛੋਟਾਂ ਦਿੱਤੀਆਂ ਜਾ ਰਹੀਆਂ ਰਹੀਆਂ ਹਨ ਕਿਉਂਕਿ ਛੋਟੇ ਕਿਸਾਨ ਨਾ ਤਾਂ ਆਪਣੀ ਜਿਨਸ ਨੂੰ ਘਰ ‘ਚ ਸਟੋਰ ਕਰ ਸਕਦਾ ਹੈ ‘ਤੇ ਨਾ ਹੀ ਦੂਰ ਦੁਰਡੇ ਦੀਆਂ ਮੰਡੀਆਂ ‘ਚ ਜਾਕੇ ਵੇਚ ਸਕਦਾ ਹੈ ਕਿਸਾਨ ਪਹਿਲਾਂ ਹੀ ਆਰਥਿਕ ਪੱਖ ਤੋਂ ਕਮਜੋਰ ਹੋਣ ਕਾਰਨ ਕਰਜ਼ੇ ਦੀ ਮਾਰ ਨਾ ਝੱਲਦਾ ਹੋਇਆ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੈ।ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਇਆ ਜਾ ਰਿਹਾ ਹੈ । ਇਹ ਆਰਡੀਨੈਂਸ ਸਿੱਧੇ ਕਿਸਾਨਾਂ ਨੂੰ ਆਪਣੀ ਮੌਤ ਦੇ ਵਰੰਟ ਦਿਸ ਰਹੇ ਹਨ ।