ਪੰਜਾਬ ਪੱਲੇਦਾਰ ਯੂਨੀਅਨ ਦੇ ਆਗੂ , ਢੋਅ-ਢੋਆਈ ਦਾ ਟੈਂਡਰ ਵਰਕਰ ਮੈਨੇਜਮੈਂਟ ਕਮੇਟੀ ਦੇ ਹੱਕ ‘ਚ ਹੋਣ ਤੋਂ ਬਾਅਦ ਕੰਮ ਨਾ ਚੱਲਣ ਦੇਣ ਲਈ ਬਜਿੱਦ
ਹਰਿੰਦਰ ਨਿੱਕਾ/ ਰਘਵੀਰ ਹੈਪੀ ਬਰਨਾਲਾ 14 ਸਤੰਬਰ 2020
ਜਿਲ੍ਹਾ ਫੂਡ ਸਪਲਾਈ ਵਿਭਾਗ ਤੋਂ ਸਾਲ 2020-21 ਦੇ ਸਮੇਂ ਦੌਰਾਨ ਮਾਲ ਦੀ ਢੋਅ-ਢੋਆਈ ਦਾ ਟੈਂਡਰ ਲੈਣ ਵਾਲੀ ਵਰਕਰ ਮੈਨੇਜਮੈਂਟ ਕਮੇਟੀ ਹੰਡਿਆਇਆ ਅਤੇ ਪੰਜਾਬ ਪੱਲੇਦਾਰ ਯੂਨੀਅਨ ਦਰਮਿਆਨ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਝਗੜੇ ਨੂੰ ਭਾਂਵੇ ਹੱਕਾਂ ਲਈ ਸੰਘਰਸ਼ ਸਮਝੋ ਜਾਂ ਫਿਰ ਦੋਵੇਂ ਧਿਰਾਂ ਦੇ ਹਿੱਤਾਂ ਦਾ ਟਕਰਾਅ। ਨਤੀਜਾਂ ਇੱਕੋ ਹੀ ਹੈ ਕਿ ਟੈਂਡਰ ਅਲਾਟ ਹੋਣ ਤੋਂ ਬਾਅਦ ਟੈਂਡਰ ਲੈਣ ਵਾਲੀ ਧਿਰ ਨੂੰ ਕੰਮ ਕਰਵਾਉਣ ਲਈ ਸੁਖਾਵਾਂ ਮਾਹੌਲ ਨਾ ਦੇਣਾ ਪ੍ਰਸ਼ਾਸ਼ਨ ਦੀ ਅਸਫਲਤਾ ਦੀ ਜਿਊਂਦੀ ਜਾਗਦੀ ਮਿਸਾਲ ਹੀ ਪੇਸ਼ ਕਰਦਾ ਹੈ। ਦੋਵੇਂ ਮਜਦੂਰ ਧਿਰਾਂ ਦੀ ਲੜਾਈ ਨੂੰ ਇੱਕ ਦੂਸਰੀ ਧਿਰ ਠੇਕੇਦਾਰਾਂ ਦੀ ਲੜਾਈ ਕਰਾਰ ਦੇ ਕੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਤੇ ਉਤਾਰੂ ਹੈ। ਪਰੰਤੂ ਪ੍ਰਸ਼ਾਸ਼ਨਿਕ ਅਧਿਕਾਰੀ ਤਮਾਸ਼ਬੀਨ ਦੀ ਭੂਮਿਕਾ ਵਿੱਚ ਹੀ ਨਜ਼ਰ ਆ ਰਹੇ ਹਨ।
ਪੱਲੇਦਾਰ ਮਜਦੂਰਾਂ ਦੀ ਕਹਾਣੀ, ਤੱਥਾਂ ਦੀ ਜੁਬਾਨੀ
ਜਿਲ੍ਹਾ ਖੁਰਾਕ ਤੇ ਸਪਲਾਈਜ ਕੰਟਰੋਲਰ , ਮੁੱਖ ਦਫਤਰ ਵੱਲੋਂ ਸਾਲ 2020-21 ਲਈ ਜਾਰੀ ਕੀਤੀ ਲੇਬਰ ਅਤੇ ਕਾਰਟੇਜ ਦੀ ਪਾਲਿਸੀ ਅਨੁਸਾਰ ਮਾਲ ਦੀ ਢੋਆ-ਢੁਆਈ ਲਈ ਲੇਬਰ ਅਤੇ ਟਰਾਂਸਪੋਰਟ ਦੇ ਟੈਂਡਰ ਮੰਗੇ ਗਏ। ਇਹ ਟੈਂਡਰ ਲੈਣ ਲਈ ਸਾਰੀਆਂ ਧਿਰਾਂ ਨੂੰ ਮੌਕਾ ਵੀ ਦਿੱਤਾ ਗਿਆ। ਕਲਸਟਰ ਬਰਨਾਲਾ-1 , ਸ੍ਰੀ ਕ੍ਰਿਸ਼ਨਾ ਪੀ.ਈ.ਜੀ. ਗੋਦਾਮ ਖੁੱਡੀ ਰੋਡ ਬਰਨਾਲਾ ਅਤੇ ਸਿੱਧੂ ਬ੍ਰਦਰਜ ਕੋ-ਆਨਰ ਪੀ.ਈ.ਜੀ. ਗੋਦਾਮ ਫਰਵਾਹੀ ਦਾ ਲੇਬਰ ਦਾ ਕੰਮ ਕਰਨ ਲਈ ਵਿੱਤੀ ਸਾਲ 2020-21 ਲਈ ਠੇਕਾ ਬੇਸਿਕ ਰੇਟ ਤੇ ਦੇ ਦਿੱਤਾ ਗਿਆ।
ਫਲੈਸ਼ਬੈਕ-ਟੈਂਡਰ ਅਲਾਟਮੈਂਟ ਤੋਂ ਪਹਿਲਾਂ ਵੀ ਹੋਈ ਖੂਨੀ ਲੜਾਈ, ਇਰਾਦਾ ਕਤਲ ਦਾ ਦਰਜ਼ ਹੋਇਆ ਕੇਸ
ਵਰਕਰ ਮੈਨੇਜਮੈਂਟ ਹੰਡਿਆਇਆ ਵੱਲੋਂ ਲੇਬਰ ਦਾ ਟੈਂਡਰ ਭਰਨ ਤੋਂ ਬਾਅਦ ਹੀ ਵਰਕਰ ਮੈਨੇਜਮੈਂਟ ਹੰਡਿਆਇਆ ਦੇ ਪ੍ਰਧਾਨ ਰੂਪ ਸਿੰਘ ਤੇ ਕੁਝ ਹਥਿਆਰਬੰਦ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਖੂਨ ਨਾਲ ਲੱਥਪੱਥ ਹਾਲਤ ‘ਚ ਰੂਪ ਸਿੰਘ ਨੂੰ ਪੀਜੀਆਈ ਰੈਫਰ ਕਰਨਾ ਪਿਆ। ਪੁਲਿਸ ਨੂੰ ਰੂਪ ਸਿੰਘ ਦੁਆਰਾ ਦਿੱਤੇ ਬਿਆਨ ਅਨੁਸਾਰ ਇਹ ਹਮਲਾ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਬਰਨਾਲਾ ਦੇ ਆਗੂ ਸਿੰਦਰ ਪਾਲ ਬੁਢਲਾਡਾ, ਸ਼ੰਭੂ ਯਾਦਵ ,ਲਖਵੀਰ ਸਿੰਘ ਲੱਖਾ, ਰਿੰਕੂ, ਬਲਦੇਵ ਸਿੰਘ, ਮੱਖਣ ਸਿੰਘ, ਜੰਗੀਰ ਸਿੰਘ, ਅਵਤਾਰ ਸਿੰਘ ਆਦਿ ਨੇ ਹੋਰਨਾਂ ਯੂਨੀਅਨ ਆਗੂਆਂ ਨਾਲ ਸਾਜਿਸ਼ ਕਰਕੇ ਉਨਾਂ ਨੂੰ ਟੈਂਡਰ ਲੈਣ ਤੋਂ ਡਰਾ ਕੇ ਰੋਕਣ ਲਈ ਕੀਤਾ ਗਿਆ। ਪੁਲਿਸ ਨੇ ਵੀ ਉਕਤ ਸਾਰੇ ਨਾਮਜ਼ਦ ਦੋਸ਼ੀਆਂ ਖਿਲਾਫ ਅਧੀਨ ਜੁਰਮ 307/323/341/324/148/149/120 ਬੀ/506/427 ਆਈਪੀਸੀ ਤਹਿਤ ਥਾਣਾ ਸਦਰ ਬਰਨਾਲਾ ਵਿਖੇ 24 ਜੁਲਾਈ ਨੂੰ ਦਰਜ਼ ਕੀਤਾ ਗਿਆ। ਕੁਝ ਦੋਸ਼ੀਆਂ ਨੂੰ ਗਿਰਫਤਾਰ ਕਰਕੇ ਜੇਲ੍ਹ ਭੇਜਿਆ ਗਿਆ। ਕੁਝ ਨੂੰ ਐਂਟੀਸਪੇਟਰੀ ਜਮਾਨਤ ਵੀ ਮਿਲ ਗਈ।
ਟੈਂਡਰ ਮਿਲਿਆ, ਪਰ ਕੰਮ ‘ਚ ਅੜਿੱਕਾ ਜਾਰੀ
3 ਦਿਨ ਪਹਿਲਾਂ 11 ਸਤੰਬਰ ਨੂੰ ਵੇਅਰ ਹਾਊਸ ਦੇ ਵਾਲੀਆ ਪੈਟ੍ਰੌਲ ਪੰਪ ਨੇੜਲੇ ਗੋਦਾਮ ਵਿੱਚ ਚੌਲਾਂ ਦੀ ਸਪੈਸ਼ਲ ਲੱਗੀ। ਵਰਕਰ ਮੈਨੇਜਮੈਂਟ ਕਮੇਟੀ ਹੰਡਿਆਇਆ ਦੀ ਲੇਬਰ ਮਾਲ ਦੀ ਢੋਆ-ਢੁਆਈ ਲਈ ਗੋਦਾਮ ਵਿੱਚ ਪਹੁੰਚ ਵੀ ਗਈ। ਝਗੜੇ ਦੀ ਆਸ਼ੰਕਾ ਕਾਰਣ ਵਰਕਰ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰਾਂ 10 ਸਤੰਬਰ ਨੂੰ ਜਿਲ੍ਹਾ ਮੈਨੇਜਰ ਵੇਅਰ ਹਾਊਸ ਬਰਨਾਲਾ ਨੂੰ ਸੁਰੱਖਿਆ ਲਈ ਪੁਲਿਸ ਦਾ ਪ੍ਰਬੰਧ ਕਰਵਾਉਣ ਲਈ ਦੁਰਖਾਸਤ ਵੀ ਦਿੱਤੀ ਗਈ। ਪੁਲਿਸ ਪਹੁੰਚੀ, ਪਰ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਬਰਨਾਲਾ ਦੇ ਆਗੂ ਸਿੰਦਰ ਪਾਲ ਬੁਢਲਾਡਾ ਦੀ ਅਗਵਾਈ ‘ਚ ਉਨਾਂ ਦੀ ਯੂਨੀਅਨ ਦੇ ਪੱਲੇਦਾਰਾਂ ਨੇ ਗੋਦਾਮ ਦਾ ਗੇਟ ਬੰਦ ਕਰਕੇ ਕਰੀਬ 3 ਘੰਟਿਆਂ ਤੱਕ ਕੰਮ ਰੋਕੀ ਰੱਖਿਆ। ਪ੍ਰਸ਼ਾਸ਼ਨ ਨੂੰ ਦਿੱਤੀ ਆਗਾਊਂ ਸੂਚਨਾ ਬੇਮਾਇਨੀ ਹੋ ਗਈ। ਜਿਲ੍ਹੇ ਅੰਦਰ ਦਫਾ 144 ਲਾਗੂ ਹੋਣ ਦੇ ਬਾਵਜੂਦ ਵੀ ਪ੍ਰਸ਼ਾਸ਼ਨ ਤਮਾਸ਼ਬੀਨ ਹੀ ਬਣਿਆ ਰਿਹਾ। ਪ੍ਰਦਰਸ਼ਨਕਾਰੀਆਂ ਨੇ ਮਾਸਕ ਲਾਉਣਾ ਵੀ ਜਰੂਰੀ ਨਹੀਂ ਸਮਝਿਆ। ਸਰਕਾਰੀ ਕੰਮ ‘ਚ ਪੈਦਾ ਕੀਤੀ ਰੁਕਾਵਟ ਨੂੰ ਵੀ ਪ੍ਰਸ਼ਾਸ਼ਨ ਅਤੇ ਸਬੰਧਿਤ ਮਹਿਕਮੇਂ ਦੇ ਅਧਿਕਾਰੀਆਂ ਨੇ ਗੰਭੀਰਤਾ ਨਾਲ ਨਹੀਂ ਲਿਆ। ਭਾਂਵੇ ਦੇਰੀ ਨਾਲ ਹੀ ਸਪੀ, ਇਹ ਸਪੈਸ਼ਲ ਦਾ ਕੰਮ ਬਿਨਾਂ ਖੂਨੀ ਝਗੜੇ ਦੇ ਨਿਬੜ ਗਿਆ।
ਪ੍ਰਸ਼ਾਸ਼ਨਿਕ ਅਧਿਕਾਰੀ ਕਰ ਰਹੇ ਵੱਡੀ ਲੜਾਈ ਦੀ ਉਡੀਕ
ਕਾਨੂੰਨੀ ਤਰੀਕੇ ਨਾਲ ਲੇਬਰ ਦਾ ਠੇਕਾ ਲੈਣ ਦੇ ਬਾਵਜੂਦ ਵੀ ਦੋਵੇਂ ਮਜਦੂਰ ਧਿਰਾਂ ਦਰਮਿਆਨ ਝਗੜੇ ਦਾ ਖਤਰਾ ਹਾਲੇ ਵੀ ਟਲਿਆ ਨਹੀਂ। ਕਿਸੇ ਵੀ ਸਮੇਂ ਕੰਮ ਨੂੰ ਲੈ ਕੇ ਦੋਵਾਂ ਧਿਰਾਂ ਦੇ ਮਜਦੂਰਾਂ ਚ, ਖੂਨੀ ਝੜਪ ਹੋ ਸਕਦੀ ਹੈ। ਪ੍ਰਸ਼ਾਸ਼ਨਿਕ ਅਧਿਕਾਰੀ ਵੀ ਲੱਗਦਾ ਹੈ ਜਿਵੇਂ, ਦੋਵਾਂ ਮਜਦੂਰ ਧਿਰਾਂ ਅੰਦਰ ਵੱਡੀ ਖੂਨੀ ਲੜਾਈ ਦੀ ਹੀ ਉਡੀਕ ਵਿੱਚ ਹੱਥ ਤੇ ਹੱਥ ਧਰੀ ਬੈਠੇ ਹਨ।
ਪ੍ਰਸ਼ਾਸ਼ਨ ਦਾ ਸਹਿਯੋਗ ਜਰੂਰੀ, ਕੰਮ ‘ਅੜਿੱਕਾ ਦੂਰ ਕਰੇ ਪ੍ਰਸ਼ਾਸ਼ਨ
ਵਰਕਰ ਮੈਨੇਜਮੈਂਟ ਕਮੇਟੀ ਹੰਡਿਆਇਆ ਦੀ ਵਰਕਿੰਗ ਕਮੇਟੀ ਦੇ ਮੈਂਬਰਾਂ ਬਲਵੀਰ ਸਿੰਘ ਅਤੇ ਰਜਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੇ ਬਕਾਇਦਾ ਟੈਂਡਰ ਪਾਲਿਸੀ ਦੇ ਤਹਿਤ ਹੀ ਲੇਬਰ ਦਾ ਠੇਕਾ ਲਿਆ ਹੈ। ਇਸ ਲਈ ਕੰਮ ਕਰਨਾ ਉਨਾਂ ਦੇ ਲੇਬਰ ਦਾ ਕਾਨੂੰਨੀ ਅਧਿਕਾਰ ਹੈ। ਉਨਾਂ ਕਿਹਾ ਕਿ ਸਾਡੀ ਕਮੇਟੀ ਮਜਦੂਰਾਂ ਦੇ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਹੀ ਬਣਾਈ ਗਈ ਹੈ। ਸਾਡੇ ਨਾਲ ਕੰਮ ਕਰਕੇ ਸਾਰੇ ਪੱਲੇਦਾਰ ਮਜਦੂਰ ਪੇਂਡੂ ਇਲਾਕਿਆਂ ਦੇ ਗਰੀਬ ਮਜਦੂਰ ਹਨ। ਉਨਾਂ ਨੂੰ ਕੰਮ ਕਰਨ ਤੋਂ ਰੋਕਣਾ ਕਿਸੇ ਵੀ ਤਰਾਂ ਠੀਕ ਨਹੀਂ। ਕੰਮ ਚ, ਅੜਿੱਕੇ ਪਾਉਣ ਵਾਲੇ ਪੰਜਾਬ ਲੇਬਰ ਯੂਨੀਅਨ ਦੇ ਆਗੂ ਆਪਣੀ ਲੇਬਰ ਯੂਨੀਅਨ ਦੇ ਮਜਦੂਰਾਂ ਨੂੰ ਗੁੰਮਰਾਹ ਕਰਕੇ ਪੰਜਾਬੀ ਪੇਂਡੂ ਮਜਦੂਰਾਂ ਨਾਲ ਬਿਨਾਂ ਵਜ੍ਹਾ ਆਪਣੇ ਹਿੱਤੇ ਪੂਰੇ ਕਰਨ ਲਈ ਲੜਾ ਰਹੇ ਹਨ। ਪ੍ਰਸ਼ਾਸ਼ਨ ਨੂੰ ਅਜਿਹੇ ਲੋਕਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਹੈ। ਤਾਂ ਕਿ ਅਸੀਂ ਸਰਕਾਰ ਅਤੇ ਮਹਿਕਮੇਂ ਦੇ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਕੰਮ ਪੂਰਾ ਕਰ ਸਕੀਏ। ਉਨਾਂ ਕਿਹਾ ਜਿਹੜੇ ਯੂਨੀਅਨ ਵਾਲੇ ਕੰਮ ਕਰਨ ਤੋਂ ਰੋਕ ਰਹੇ ਹਨ। ਇੱਨਾਂ ਨੇ ਵੀ ਬਕਾਇਦਾ ਟੈਂਡਰ ਭਰਿਆ ਸੀ। ਪਰੰਤੂ ਇੱਨਾਂ ਨੂੰ ਨਹੀਂ ਮਿਲਿਆ। ਉਨਾਂ ਸਵਾਲ ਕੀਤਾ ਕਿ ਜੇ ਟੈਂਡਰ ਇੱਨਾਂ ਨੂੰ ਮਿਲ ਜਾਂਦਾ ਤਾਂ ਕੀ ਇਹ ਸਾਡੀ ਪੇਂਡੂ ਲੇਬਰ ਨੂੰ ਕੰਮ ਦਿੰਦੇ? ਉਨਾਂ ਕਿਹਾ ਕਿ ਪੰਜਾਬ ਲੇਬਰ ਯੂਨੀਅਨ ਵਾਲੇ ਇਲਾਕੇ ਦੀ ਲੇਬਰ ਤੇ ਵੀ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ ਹਨ। ਉਨਾਂ ਕਿਹਾ ਕਿ ਪੰਜਾਬ ਲੇਬਰ ਵਾਲਿਆਂ ਵੱਲੋਂ ਕੰਮ ਵਿੱਚ ਅੜਿੱਕਾ ਪਾਉਣ ਨਾਲ ਉਨਾਂ ਨੂੰ ਕਾਫੀ ਆਰਥਿਕ ਨੁਕਸਾਨ ਵੀ ਹੋਇਆ ਹੈ।
40 ਸਾਲ ਤੋਂ ਕੰਮ ਕਰ ਰਹੀ ਪੰਜਾਬ ਪ੍ਰਦੇਸ਼ ਪੱਲੇਦਾਰ ਲੇਬਰ-ਗੁਰਮੇਲ ਸਿੰਘ
ਪੰਜਾਬ ਪ੍ਰਦੇਸ਼ ਪੱਲੇਦਾਰ ਲੇਬਰ ਯੂਨੀਅਨ ਦੇ ਆਗੂ ਗੁਰਮੇਲ ਸਿੰਘ ਨੇ ਕਿਹਾ ਕਿ ਸਾਡੀ ਯੂਨੀਅਨ ਦੇ ਪੱਲੇਦਾਰ ਪਿਛਲੇ 40 ਕਰੀਬ ਸਾਲਾਂ ਤੋਂ ਪੱਲੇਦਾਰੀ ਦਾ ਕੰਮ ਇਲਾਕੇ ਵਿੱਚ ਕਰ ਰਹੇ ਹਨ। ਹੁਣ ਠੇਕੇਦਾਰ ਅੰਗਰੇਜ ਸਿੰਘ ਗੇਜਾ ਨੇ ਕੰਮ ਲੈ ਕੇ ਲੇਬਰ ਨੂੰ ਭੁੱਖੇ ਮਰਨ ਲਈ ਮਜਬੂਰ ਕਰ ਦਿੱਤਾ ਹੈ। ਉਨਾਂ ਕਿਹਾ ਕਿ ਉਹ ਕਿਸੇ ਵੀ ਹਾਲਤ ਚ, ਕੰਮ ਨਹੀਂ ਚੱਲਣ ਦੇਣਗੇ। ਕੰਮ ਵਾਪਿਸ ਲੈਣ ਲਈ ਉਹ ਸੂਬਾ ਪੱਧਰੀ ਸੰਘਰਸ਼ ਤੋਂ ਗੁਰੇਜ ਨਹੀਂ ਕਰਨਗੇ।
ਨਾ ਮੇਰਾ ਠੇਕਾ ਤੇ ਨਾ ਹੀ ਮੇਰੀ ਲੇਬਰ-ਅੰਗਰੇਜ ਸਿੰਘ ਗੇਜਾ
ਪੰਜਾਬ ਪ੍ਰਦੇਸ਼ ਪੱਲੇਦਾਰ ਲੇਬਰ ਯੂਨੀਅਨ ਦੇ ਆਗੂਆਂ ਦੇ ਦੋਸ਼ਾਂ ਦਾ ਜੁਆਬ ਦਿੰਦਿਆਂ ਅੰਗਰੇਜ ਸਿੰਘ ਗੇਜਾ ਨੇ ਕਿਹਾ ਕਿ ਪੰਜਾਬ ਲੇਬਰ ਯੂਨੀਅਨ ਦੀ ਤਰਾਂ ਮੈਨੂੰ ਵੀ ਟੈਂਡਰ ਅਲਾਟ ਨਹੀਂ ਹੋਇਆ। ਕੰਮ ਵਰਕਰ ਮੈਨੇਜਮੈਂਟ ਕਮੇਟੀ ਹੰਡਿਆਇਆ ਨੂੰ ਅਲਾਟ ਹੋਇਆ ਹੈ। ਉਹੀ ਆਪਣੀ ਲੇਬਰ ਤੋਂ ਕੰਮ ਕਰਵਾ ਰਹੇ ਹਨ। ਉਨਾਂ ਕਿ ਮੇਰੀ ਤਰਾਂ ਪੰਜਾਬ ਲੇਬਰ ਵਾਲਿਆਂ ਨੂੰ ਵੀ ਟੈਂਡਰ ਲੈਣ ਵਾਲਿਆਂ ਨੂੰ ਮਿਲੇ ਕੰਮ ਨੂੰ ਮੰਨ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕੁਝ ਲੋਕ ਯੂਨੀਅਨ ਦੀ ਆੜ ‘ ਲੇਬਰ ਮਾਫੀਏ ਦੀ ਤਰਾਂ ਲੇਬਰ ਤੇ ਆਪਣਾ ਅਧਿਕਾਰ ਸਮਝ ਬੈਠੇ ਹਨ। ਜਦੋਂ ਉਨਾਂ ਨੂੰ ਠੇਕਾ ਮਿਲ ਜਾਂਦਾ ਹੈ, ਫਿਰ ਉਹ ਕਿਹੜਾ ਆਪਣੇ ਨਾਲ ਜੁੜੀ ਲੇਬਰ ਤੋਂ ਬਿਨਾਂ ਕਿਸੇ ਹੋਰ ਮਜਦੂਰ ਨੂੰ ਕੰਮ ਦਿੰਦੇ ਹਨ। ਉਨਾਂ ਕਿਹਾ ਕਿ ਮੇਰਾ ਲੇਬਰ ਦੇ ਮੌਜੂਦਾ ਠੇਕੇ ਨਾਲ ਕੋਈ ਸਬੰਧ ਨਹੀਂ ਹੈ।