ਲੋਕ ਰੋਹ ਤੋਂ ਡਰਿਆ ਪ੍ਰਿੰਸੀਪਲ ਤੇ ਪ੍ਰਬੰਧਕ ਕਮੇਟੀ ਨਹੀਂ ਕਰ ਸਕੀ ਪ੍ਰਦਰਸ਼ਨਕਾਰੀਆਂ ਦਾ ਸਾਹਮਣਾ
ਭੜ੍ਹਕੇ ਲੋਕਾਂ ਨੇ ਪ੍ਰਿੰਸੀਪਲ ਅਤੇ ਪ੍ਰਬੰਧਕਾਂ ਖਿਲਾਫ ਕੀਤੀ ਨਾਰੇਬਾਜੀ, ਧਰਨਾ ਸ਼ੁਰੂ
ਕਹਿੰਦੇ ਡਿਵੈਲਪਮੈਂਟ ਫੰਡ ਕਾਹਦਾ, ਜਦੋਂ ਬੱਚੇ ਸਕੂਲ ਦੀ ਬਿਲਡਿੰਗ ਵਰਤਦੇ ਹੀ ਨਹੀਂ,,,
ਹਰਿੰਦਰ ਨਿੱਕਾ/ ਰਘਵੀਰ ਹੈਪੀ 10 ਸਤੰਬਰ 2020
ਪੰਜਾਬ ਸਕੂਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਨਿੱਜੀ ਸਕੂਲਾਂ ਨੂੰ ਬੱਚਿਆਂ ਤੋਂ ਸਕੂਲ ਬੰਦ ਰਹਿਣ ਦੇ ਸਮੇਂ ਦੀਆਂ ਫੀਸਾਂ ਨਾ ਵਸੂਲਣ ਦੇ ਐਲਾਨ ਦਾ ਮਦਰ ਟੀਚਰ ਸਕੂਲ ਦੇ ਪ੍ਰਿੰਸੀਪਲ ਅਤੇ ਪ੍ਰਬੰਧਕ ਕਮੇਟੀ ਦੇ ਕੋਈ ਅਸਰ ਨਹੀਂ ਹੈ। ਉਲਟਾ ਸਕੂਲ ਪ੍ਰਬੰਧਕਾਂ ਵੱਲੋਂ ਫੀਸਾਂ ਉਗਰਾਹੁਣ ਤੋਂ ਇਲਾਵਾ ਹੁਣ ਡਿਵੈਲਪਮੈਂਟ ਅਤੇ ਬਿਲਡਿੰਗ ਫੰਡ ਦੇ ਨਾਮ ਤੇ ਹਜਾਰਾਂ ਰੁਪਏ ਜਮਾਂ ਕਰਵਾਉਣ ਲਈ ਵਿਦਿਆਰਥੀਆਂ ਦੇ ਮਾਪਿਆਂ ਸਕੂਲ ਦੇ ਗਰੁੱਪ ਚ, ਮੈਸਜ ਪਾਇਆ ਜਾ ਰਿਹਾ ਹੈ। ਉਕਤ ਫੰਡ ਜਮ੍ਹਾਂ ਨਾ ਕਰਵਾਉਣ ਵਾਲੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ‘ਚ ਨਾ ਬੈਠਣ ਦੇਣ ਦਾ ਡਰਾਵਾ ਵੀ ਦਿੱਤਾ ਜਾ ਰਿਹਾ ਹੈ। ਸਕੂਲ ਪ੍ਰਬੰਧਕਾਂ ਦੇ ਅਜਿਹੇ ਰਵੱਈਏ ਤੋਂ ਤੰਗ ਆਏ ਮਾਪਿਆਂ ਨੇ ਅੱਜ ਸਕੂਲ ਅੱਗੇ ਇਕੱਠੇ ਹੋ ਕੇ ਨਾਰੇਬਾਜੀ ਕੀਤੀ ਅਤੇ ਧਰਨਾ ਸ਼ੁਰੂ ਕਰ ਦਿੱਤਾ।
ਜਦੋਂ ਬਿਲਡਿੰਗ ਨਹੀਂ ਵਰਤ ਰਹੇ, ਫਿਰ ਫੰਡ ਕਿਉਂ ਦੇਈਏ,,,,
ਸਕੂਲ ਅੱਗੇ ਪ੍ਰਦਰਸ਼ਨ ਕਰ ਰਹੇ ਮਾਪਿਆਂ ਨੇ ਬਰਨਾਲਾ ਟੂਡੇ ਨਾਲ ਗੱਲ ਕਰਦਿਆਂ ਕਿਹਾ ਕਿ ਸਕੂਲ ਪ੍ਰਿੰਸੀਪਲ ਅਤੇ ਪ੍ਰਬੰਧਕ ਕਮੇਟੀ ਉਨਾਂ ਨੂੰ ਵਿੱਦਿਆਰਥੀਆਂ ਨੂੰ ਪ੍ਰੀਖਿਆ ਨਾ ਦੇਣ ਦਾ ਭੈਅ ਦੇ ਕੇ ਹਜਾਰਾਂ ਰੁਪਏ ਡਿਵੈਲਪਮੈਂਟ ਅਤੇ ਬਿਲਡਿੰਗ ਫੰਡ ਦੇਣ ਲਈ ਮਜਬੂਰ ਕਰ ਰਹੇ ਹਨ। ਇਸ ਮੌਕੇ ਰੋਹਿਤ ਕੁਮਾਰ ਨੇ ਕਿਹਾ ਕਿ ਅਸੀਂ ਬੰਦ ਸਕੂਲਾਂ ਦੇ ਬਾਵਜੂਦ ਵੀ ਹਜਾਰਾਂ ਰੁਪਏ ਫੀਸਾਂ ਪਿਛਲੇ 6 ਮਹੀਨਿਆਂ ਤੋਂ ਭਰ ਚੁੱਕੇ ਹਾਂ। ਜਦੋਂ ਕਿ ਸਕੂਲਾਂ ਚ, ਕੋਈ ਪੜ੍ਹਾਈ ਹੋ ਹੀ ਨਹੀਂ ਰਹੀ। ਘਰਾਂ ’ਚ ਬੱਚੇ ਨਕਲਾਂ ਮਾਰ ਕੇ ਆਨਲਾਈਨ ਪੜ੍ਹਾਈ ਕਰ ਰਹੇ ਹਨ। ਉਨਾਂ ਕਿਹਾ ਕਿ ਅਸੀ ਹੁਣ ਸਕੂਲ ਪ੍ਰਬੰਧਕਾਂ ਦੀਆਂ ਜਿਆਦਤੀਆਂ ਦੇ ਖਿਲਾਫ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਮਾਮਲੇ ਦਾ ਹੱਲ ਨਾ ਹੋਣ ਤੱਕ ਸੰਘਰਸ਼ ਜਾਰੀ ਰਹੇਗਾ।
ਨਾ ਸਕੂਲ ਦੀ ਬਿਜਲੀ, ਨਾ ਕਮਰੇ ਤੇ ਵਰਤਦੇ ਹਾਂ, ਫਿਰ ਫੰਡ ਕਾਹਦੇ,,
ਨੀਸ਼ਾ ਰਾਣੀ, ਰਾਧਾ ਤੇ ਹੋਰਨਾਂ ਨੇ ਕਿਹਾ ਕਿ ਜਦੋਂ ਤੋਂ ਸਕੂਲ ਬੰਦ ਹਨ, ਉਦੋਂ ਤੋਂ ਵਿੱਦਿਆਰਥੀ ਨਾ ਬਿਲਡਿੰਗ, ਨਾ ਕਮਰੇ ਨਾ ਬਿਜਲੀ ਦੀ ਵਰਤੋਂ ਕਰਦੇ ਹਨ, ਫਿਰ ਡਿਵੈਲਪਮੈਂਟ ਤੇ ਬਿਲਡਿੰਗ ਫੰਡ ਕਿਸ ਚੀਜ ਦਾ, ਉਨਾਂ ਕਿਹਾ ਕਿ ਸਕੂਲ ਪ੍ਰਬੰਧਕ ਸ਼ਰੇਆਮ ਧੱਕੇਸ਼ਾਹੀ ਕਰ ਰਹੇ ਹਨ। ਜਸ ਨੂੰ ਕਿਸੇ ਵੀ ਹਾਲਤ ਚ, ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕੈਬਨਿਟ ਮੰਤਰੀ ਅਤੇ ਜਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਸਕੂਲ ਪ੍ਰਬੰਧਕਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉੱਧਰ ਸਕੂਲ ਪ੍ਰਬੰਧਕ ਅਤੇ ਪ੍ਰਿੰਸੀਪਲ ਮੀਡੀਆ ਅੱਗੇ ਆ ਕੇ ਆਪਣਾ ਪੱਖ ਰੱਖਣ ਅਤੇ ਪ੍ਰਦਰਸ਼ਨਕਾਰੀਆਂ ਦਾ ਸਾਹਮਣਾ ਕਰਨ ਤੋਂ ਟਲਦੇ ਹੀ ਰਹੇ।