ਸੁਪਰੀਮ ਕੋਰਟ ਦੁਆਰਾ ਜਾਰੀ ਸਟੇਟਸਕੋ ਨੂੰ ਟੰਗਿਆਂ ਛਿੱਕੇ , ਮੈਨੇਜਰ
ਨੇ ਅੱਜ ਰੱਖੀ ਦੁਕਾਨਾਂ ਅਤੇ ਖਾਲੀ ਪਲਾਟਾਂ ਦੀ ਬੋਲੀ
ਬੋਲੀ ਰੁਕਵਾਉਣ ਲਈ ਡੀ.ਸੀ. ਕੋਲ ਪਹੁੰਚਿਆ ਡੇਰਾ ਬਾਬਾ ਗਾਂਧਾ ਸਿੰਘ ਦਾ ਮਹੰਤ ਸੁਰਜੀਤ ਸਿੰਘ, ਕਿਹਾ ਗੁ: ਦੇ ਮੈਨੇਜਰ ਨੇ ਨੰਬਰੀ ਜਮੀਨ ਨੂੰ ਸਾਇਡਾਂ ਪਾ ਕੇ ਨੀਲਾਮ ਕਰਨ ਦੀ ਵਿੱਢੀ ਤਿਆਰੀ
14 ਸਤੰਬਰ 2020 ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਪੈਂਡਿੰਗ
ਹਰਿੰਦਰ ਨਿੱਕਾ ਬਰਨਾਲਾ 10 ਸਤੰਬਰ 2020
ਨਿਰਮਲੇ ਭੇਖ ਨਾਲ ਸਬੰਧਿਤ ਪ੍ਰਸਿੱਧ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਦੇ ਤਤਕਾਲੀ ਮਹੰਤ ਬਾਬਾ ਗੁਰਬਚਨ ਸਿੰਘ ਦੁਆਰਾ ਕਰੀਬ 45 ਵਰ੍ਹੇ ਪਹਿਲਾਂ ਡੇਰੇ ਦੀ ਕੁਝ ਜਮੀਨ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮ੍ਰਿਤਸਰ ਸਾਹਿਬ ਨੂੰ ਦੇਣ ਤੋਂ ਬਾਅਦ ਛਿੜਿਆ ਝਗੜਾ ਅੱਧੀ ਸਦੀ ਬੀਤ ਜਾਣ ਤੋਂ ਬਾਅਦ ਵੀ ਹਾਲੇ ਤੱਕ ਕਿਸੇ ਤਣ ਪੱਤਣ ਨਹੀਂ ਲੱਗ ਸਕਿਆ । ਜਦੋਂ ਕਿ ਇਸ ਸਬੰਧੀ ਨਿਚਲੀਆਂ ਅਦਾਲਤਾਂ ਤੋਂ ਸ਼ੁਰੂ ਹੋਏ ਕੇਸ ਸਿੱਖ ਗੁਰੂਦੁਆਰਾ ਜੁਡੀਸ਼ੀਅਲ ਕਮਿਸ਼ਨ ਵਿੱਚੋਂ ਦੀ ਹੁੰਦੇ ਹੋਏ ਹੁਣ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਤੱਕ ਵੀ ਪਹੁੰਚ ਚੁੱਕੇ ਹਨ। ਤਾਜ਼ਾ ਘਟਨਾਕ੍ਰਮ ਗੁ: ਬਾਬਾ ਗਾਂਧਾ ਸਿੰਘ ਬਰਨਾਲਾ ਦੇ ਮੈਨੇਜਰ ਦੁਆਰਾ ਸੁਪਰੀਮ ਕੋਰਟ ‘ਚ ਪੈਂਡਿੰਗ ਕੇਸ ਸਬੰਧੀ ਦਿੱਤੇ ਸਟੇਟਸਕੋ ਦੇ ਹੁਕਮ ਨੂੰ ਨਜਰਅੰਦਾਜ਼ ਕਰਕੇ ਬੱਸ ਅੱਡਾ ਬਰਨਾਲਾ ਦੇ ਨੇੜੇ 3 ਖਾਲੀ ਪਲਾਟਾਂ ਅਤੇ ਇੱਕ ਖਾਲੀ ਦੁਕਾਨ ਦੀ ਬੋਲੀ ਰੱਖ ਦੇਣ ਤੋਂ ਸ਼ੁਰੂ ਹੋਇਆ ਹੈ। ਇੱਨ੍ਹਾਂ ਪਲਾਟਾਂ ਅਤੇ ਦੁਕਾਨ ਦੀ ਬੋਲੀ ਲਈ ਜਿੱਥੇ ਮੈਨੇਜਰ ਨੇ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ। ਜਦੋਂ ਕਿ ਦੂਜੇ ਪਾਸੇ ਡੇਰਾ ਬਾਬਾ ਗਾਂਧਾ ਸਿੰਘ ਦੇ ਮਹੰਤ ਸੁਰਜੀਤ ਸਿੰਘ ਨੇ ਉਕਤ ਬੋਲੀ ਰੁਕਵਾਉਣ ਲਈ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਕਾਨੂੰਨੀ ਕਾਰਵਾਈ ਕਰਨ ਲਈ ਲਿਖਤੀ ਸ਼ਕਾਇਤ ਦੇ ਦਿੱਤੀ ਹੈ। ਡੀਸੀ ਨੇ ਇਹ ਸ਼ਕਾਇਤ ਬਣਦੀ ਕਾਨੂੰਨੀ ਕਾਰਵਾਈ ਲਈ ਪੁਲਿਸ ਨੂੰ ਭੇਜ ਦਿੱਤੀ ਹੈ।
ਬੋਲੀ ਨੂੰ ਲੈ ਕੇ ਭੰਬਲਭੂਸਾ ਬਰਕਰਾਰ, ਸੰਭਾਵੀ ਬੋਲੀਕਾਰਾਂ ‘ਚ ਸਹਿਮ
3 ਖਾਲੀ ਪਲਾਟਾਂ ਅਤੇ 1 ਦੁਕਾਨ ਦੀ ਗੁ: ਬਾਬਾ ਗਾਂਧਾ ਸਿੰਘ ਬਰਨਾਲਾ ਦੇ ਮੈਨੇਜਰ ਦੁਆਰਾ ਅੱਜ ਰੱਖੀ ਗਈ ਬੋਲੀ ਹੋਣ ਜਾਂ ਨਾ ਹੋਣ ਨੂੰ ਲੈ ਕੇ ਦੋ ਧਿਰਾਂ ਦੇ ਆਹਮਣੇ ਸਾਹਮਣੇ ਆ ਜਾਣ ਨਾਲ ਜਿੱਥੇ ਖਬਰ ਲਿਖੇ ਜਾਣ ਤੱਕ ਭੰਬਲਭੂਸਾ ਬਰਕਰਾਰ ਹੈ। ਉੱਥੇ ਹੀ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਵੀ ਸੰਭਾਵੀ ਝਗੜੇ ਨੂੰ ਟਾਲਣ ਲਈ ਪੱਬਾਂ ਭਾਰ ਹੋ ਚੁੱਕਿਆ ਹੈ। ਇੱਥੇ ਹੀ ਬੱਸ ਨਹੀਂ ਖਾਲੀ ਪਲਾਟ ਲੈ ਕੇ ਦੁਕਾਨਾਂ ਬਣਾਉਣ ਅਤੇ ਖਾਲੀ ਦੁਕਾਨ ਲੈਣ ਦੇ ਚਾਹਵਾਨਾਂ ‘ਚ ਵੀ ਆਪਣੇ ਪੈਸੇ ਡੁੱਬ ਜਾਣ ਦੀ ਸੰਭਾਵਨਾ ਕਾਰਣ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮਹੰਤ ਸੁਰਜੀਤ ਸਿੰਘ ਧਿਰ ਦੇ ਵਕੀਲ ਹਰਿੰਦਰ ਸਿੰਘ ਰਾਣੂ ਨੇ ਦੱਸਿਆ ਕਿ ਡੇਰੇ ਦੀ ਮਾਲਕੀ ਵਾਲੀ ਜਮੀਨ ਦੀ ਬੋਲੀ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਨਜਰਅੰਦਾਜ਼ ਕਰਕੇ ਗੈਰਕਾਨੂੰਨੀ ਢੰਗ ਨਾਲ ਕਰਨ ਦੇ ਯਤਨਾਂ ਵਿੱਚ ਰੁੱਝੇ ਗੁ: ਬਾਬਾ ਗਾਂਧਾ ਸਿੰਘ ਬਰਨਾਲਾ ਦੇ ਮੈਨੇਜਰ ਅਤੇ ਹੋਰ ਜਿੰਮੇਵਾਰ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਅਤੇ ਬੋਲੀ ਰੁਕਵਾਉਣ ਸਬੰਧੀ ਡੀ.ਸੀ. ਨੂੰ ਦਿੱਤੀ ਸ਼ਕਾਇਤ ਦੀ ਪੜਤਾਲ ਐਸ.ਪੀ. ਐਚ ਹਰਵੰਤ ਕੌਰ ਨੇ ਡੀ.ਐਸ.ਪੀ. ਸਬ ਡਿਵੀਜਨ ਬਰਨਾਲਾ ਲਖਵੀਰ ਸਿੰਘ ਟਿਵਾਣਾ ਨੂੰ ਸੌਂਪ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਸੁਮਰੀਮ ਕੋਰਟ ਦੇ ਹੁਕਮ ਦਾ ਉਲੰਘਣ ਰੋਕਣਾ ਹੁਣ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਹੈ। ਉਨਾਂ ਉਮੀਦ ਕੀਤੀ ਕਿ ਜਿਲ੍ਹਾ ਪ੍ਰਸ਼ਾਸ਼ਨ ਸੁਪਰੀਮ ਕੋਰਟ ਦੇ ਹੁਕਮ ਨੂੰ ਲਾਗੂ ਕਰਵਾਉਣ ‘ਚ ਕੋਈ ਢਿੱਲ ਨਹੀਂ ਵਰਤੇਗਾ।
ਮੈਨੇਜਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਡੇਰੇ ਦੀ ਦੀ ਜਮੀਨ ਨੂੰ ਦੱਸ ਰਿਹਾ ਗੁ: ਦੀ ਮਲਕੀਅਤ
ਡੇਰੇ ਦੇ ਮਹੰਤ ਸੁਰਜੀਤ ਸਿੰਘ ਨੇ ਕਿਹਾ ਕਿ ਗੁ: ਬਾਬਾ ਗਾਂਧਾ ਸਿੰਘ ਬਰਨਾਲਾ ਦਾ ਮੈਨੇਜਰ ਸੁਪਰੀਮ ਕੋਰਟ ਦੀ ਸਟੇਟਸਕੋ ਦੇ ਹੁਕਮ ਤੋਂ ਭਲੀਭਾਂਤ ਜਾਣੂ ਹੈ। ਉਹ ਇਹ ਵੀ ਚੰਗੀ ਤਰਾਂ ਜਾਣਦਾ ਹੈ ਕਿ ਡੇਰੇ ਅਤੇ ਗੁ: ਦਰਮਿਆਨ ਜਮੀਨ ਦੀ ਮਾਲਕੀ ਨੂੰ ਲੈ ਕੇ ਕਈ ਵਰ੍ਹਿਆਂ ਤੱਕ ਚੱਲੇ ਕੇਸ ਤੋਂ ਬਾਅਦ ਜਮੀਨ ਦੀ ਮਾਲਕੀ ਦਾ ਫੈਸਲਾ ਡੇਰੇ ਦੀ ਮਲਕੀਅਤ ਦੇ ਤੌਰ ਤੇ ਮਾਨਯੋਗ ਅਦਾਲਤਾਂ ਨੇ ਕਰ ਦਿੱਤਾ ਹੈ। ਹੁਣ ਸਿਰਫ ਗੁ: ਦੇ ਕਬਜੇ ਹੇਠਲੀ ਕੁਝ ਜਮੀਨ ਸਬੰਧੀ ਕੇਸ ਹੀ ਸੁਪਰੀਮ ਕੋਰਟ ‘ਚ ਪੈਂਡਿੰਗ ਹੈ। ਜਿਸ ਦੀ ਅਗਲੀ ਸੁਣਵਾਈ 14 ਸਤੰਬਰ 2020 ਨੂੰ ਹੀ ਨਿਸਚਿਤ ਹੈ। ਉਨਾਂ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਉਹ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਟਿੱਚ ਜਾਣ ਕੇ ਗੈਰਕਾਨੂੰਨੀ ਢੰਗ ਨਾਲ ਬੋਲੀ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ।
ਉਨਾਂ ਬੋਲੀ ਦੇਣ ਦੇ ਚਾਹਵਾਨਾਂ ਨੂੰ ਵੀ ਕਿਹਾ ਕਿ ਉਹ ਆਪਣੇ ਖੂਨ ਪਸੀਨੇ ਦੀ ਕਮਾਈ ਨੂੰ ਐਂਵੇ ਹੀ ਦਾਅ ਤੇ ਲਾ ਕੇ ਖੱਜਲ ਖੁਆਰੀ ਤੋਂ ਬਚ ਜਾਣ। ਉਨਾਂ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਨੇ ਬੋਲੀ ਨਾ ਰੁਕਵਾਈ ਤਾਂ ਉਹ ਆਪਣੇ ਵਕੀਲਾਂ ਨਾਲ ਰਾਇ ਕਰਕੇ ਮਾਨਯੋਗ ਸੁਪਰੀਮ ਕੋਰਟ ਦਾ ਹੁਕਮ ਲਾਗੂ ਕਰਵਾਉਣ ਲਈ ਅਦਾਲਤੀ ਮਾਣਹਾਨੀ ਦੀ ਕਾਰਵਾਈ ਕਰਨ ਨੂੰ ਮਜਬੂਰ ਹੋਣਗੇ। ਉੱਧਰ ਗੁ: ਬਾਬਾ ਗਾਂਧਾ ਸਿੰਘ ਬਰਨਾਲਾ ਦਾ ਮੈਨੇਜਰ ਦੇ ਇਸ਼ਤਿਹਾਰ ਤੇ ਸੰਪਰਕ ਕਰਨ ਲਈ ਦਿੱਤੇ ਮੋਬਾਇਲ ਨੰਬਰ 87250-08014 ਤੇ ਵਾਰ ਵਾਰ ਉਨਾਂ ਦਾ ਪੱਖ ਜਾਣਨ ਲਈ ਫੋਨ ਕੀਤਾ । ਪਰ ਉਨਾਂ ਫੋਨ ਰਿਸੀਵ ਨਹੀਂ ਕੀਤਾ। ਜਦੋਂ ਕਿ ਇਸ਼ਤਿਹਾਰ ਦੇ ਦਿੱਤੇ ਦੂਸਰੇ ਨੰਬਰ 99141-04876 ਤੇ ਸੰਪਰਕ ਕੀਤਾ ਤਾਂ ਬੋਲਣ ਵਾਲੇ ਨੇ ਕਿਹਾ ਕਿ ਮੈਂ ਤਾਂ ਕਿਰਾਇਆ ਵਸੂਲੀ ਸ਼ਾਖਾ ਤੋਂ ਬੋਲ ਰਿਹਾ ਹਾਂ। ਉਨਾਂ ਮੰਨਿਆ ਕਿ ਉਹ ਜਾਣਦੇ ਹਨ ਕਿ ਸੁਪਰੀਮ ਕੋਰਟ ਵੱਲੋਂ ਸਟੇਟਸਕੋ ਦਾ ਹੁਕਮ ਦਿੱਤਾ ਹੋਇਆ ਹੈ। ਪਰੰਤੂ ਬੋਲੀ ਕਰਵਾਉਣਾ ਮੈਨੇਜ਼ਰ ਦਾ ਕੰਮ ਹੈ। ਇਸ ਬਾਰੇ ਮੈਨੇਜਰ ਹੀ ਕੋਈ ਜੁਆਬ ਦੇ ਸਕਦਾ ਹੈ।