42 ਦਿਨ ਬੀਤ ਜਾਣ ਤੇ ਵੀ ਨਾ ਕੋਈ ਜੁਆਬ ਨਾ ਹੀ ਦਿੱਤੀ ਕੋਈ ਜਾਣਕਾਰੀ
ਹਰਿੰਦਰ ਨਿੱਕਾ ਬਰਨਾਲਾ 8 ਸਤੰਬਰ 2020
ਸ਼ਹਿਰ ਅੰਦਰ ਕਰੋੜਾਂ ਰੁਪਏ ਦੇ ਵਿਕਾਸ ਕੰਮਾਂ ‘ਚ ਕੀਤੇ ਕਥਿਤ ਘਪਲਿਆਂ ਅਤੇ ਬੇਨਿਯਮੀਆਂ ਨੂੰ ਫਾਇਲਾਂ ਵਿੱਚ ਹੀ ਦੱਬੀ ਰੱਖਣ ਦੀ ਮੰਸ਼ਾ ਨਾਲ ਨਗਰ ਕੌਂਸਲ ਦੇ ਅਧਿਕਾਰੀ ਆਰ.ਟੀ.ਆਈ. ਤਹਿਤ ਮੰਗੀ ਸੂਚਨਾ ਦੇਣ ਤੋਂ ਪਾਸਾ ਵੱਟ ਰਹੇ ਹਨ। ਆਰ.ਟੀ.ਆਈ. ਐਕਟ ਤਹਿਤ ਨਿਸਚਿਤ ਸਮੇਂ ਦੌਰਾਨ ਸਹੀ ਜਾਣਕਾਰੀ ਦੇਣਾ ਤਾਂ ਦੂਰ ਦੀ ਗੱਲ, ਅਧਿਕਾਰੀ ਕੋਈ ਜੁਆਬ ਦੇਣਾ ਵੀ ਜਰੂਰੀ ਨਹੀਂ ਸਮਝ ਰਹੇ। ਜਾਣਕਾਰੀ ਨਾ ਦੇਣ ਦਾ ਮਤਲਬ ਸਾਫ ਹੈ ਕਿ ਕੌਂਸਲ ਅਧਿਕਾਰੀ ਕਰੋੜਾਂ ਰੁਪਏ ਦੇ ਵਿਕਾਸ ਕੰਮਾਂ ਸਬੰਧੀ ਅਲਾਟ ਕੀਤੇ ਟੈਂਡਰਾਂ ਬਾਰੇ ਕੋਈ ਵੀ ਜਾਣਕਾਰੀ ਜਨਤਕ ਹੋਣ ਤੋਂ ਘਬਰਾ ਰਹੇ ਹਨ। ਤਾਂਕਿ ਕਰੋੜਾਂ ਰੁਪਏ ਦੇ ਕਥਿਤ ਘਪਲਿਆਂ ਅਤੇ ਟੈਂਡਰ ਅਲਾਟਮੈਂਟ ਸਮੇਂ ਗਹਿਰੀ ਸਾਜਿਸ਼ ਨਾਲ ਕੀਤੀਆਂ ਬੇਨਿਯਮੀਆਂ ਤੋਂ ਪਰਦਾ ਨਾ ਲਹਿ ਜਾਵੇ। ਆਰ.ਟੀ.ਆਈ. ਤਹਿਤ ਸੂਚਨਾ ਦੇਣ ਤੋਂ ਕੰਨੀ ਕਤਰਾਉਣਾ ਇਕੱਲਾ ਨਗਰ ਕੌਂਸਲ ਬਰਨਾਲਾ ਦੇ ਅਧਿਕਾਰੀਆਂ ਦੀ ਹੀ ਪ੍ਰਵਿਰਤੀ ਨਹੀਂ। ਸਗੋਂ ਅਧਿਕਾਰੀਆਂ ਦੀ ਇਹ ਪ੍ਰਵਿਰਤੀ ਨਗਰ ਕੌਂਸਲ ਧਨੌਲਾ ਤੇ ਨਗਰ ਪੰਚਾਇਤ ਹੰਡਿਆਇਆ ਦੀ ਵੀ ਹੈ। ਜਿਨ੍ਹਾਂ ਦਾ ਵਾਧੂ ਚਾਰਜ ਵੀ ਨਗਰ ਕੌਂਸਲ ਬਰਨਾਲਾ ਦੇ ਈ.ਉ. ਕੋਲ ਹੀ ਹੈ। ਆਰ.ਟੀ.ਆਈ. ਦੇਣ ਸਮੇਂ ਕੀਤੀ ਜਾ ਰਹੀ ਟਾਲਮਟੌਲ ਦਾ ਉਕਤ ਖੁਲਾਸਾ ਨਗਰ ਕੌਂਸਲ ਬਰਨਾਲਾ ਦੇ ਸਾਬਕਾ ਮੀਤ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਲੀਡਰ ਮਹੇਸ਼ ਕੁਮਾਰ ਲੋਟਾ ਨੇ ਬਰਨਾਲਾ ਟੂਡੇ ਕੋਲ ਰੱਖੇ ਤੱਥਾਂ ਸਹਿਤ ਕੀਤਾ ਹੈ।
30 ਦਿਨ ਤੋਂ ਵੱਧ ਸਮਾਂ ਬੀਤਿਆ, ਪਰ ਮੁਹੱਈਆਂ ਨਹੀਂ ਕਰਵਾਈ ਸੂਚਨਾ
ਆਰ.ਟੀ.ਆਈ. 1- ਮਹੇਸ਼ ਕੁਮਾਰ ਲੋਟਾ ਨੇ ਦੱਸਿਆ ਕਿ 30 ਜੁਲਾਈ 2020 ਨੂੰ ਉਨਾਂ ਨਗਰ ਪੰਚਾਇਤ ਹੰਡਿਆਇਆ ਵੱਲੋਂ 10 ਜੂਨ 2020 ਨੂੰ ਮੰਗੇ 9 ਟੈਂਡਰਾਂ ਦੀ ਜਾਣਕਾਰੀ ਲੈਣ ਲਈ MB ਨੰਬਰ 28/29/30/31/32 ਦੀਆਂ ਫੋਟੋ ਕਾਪੀਆਂ ਲੈਣ ਲਈ ਆਰ.ਟੀ.ਆਈ. ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਨੂੰ ਦਿੱਤੀ ਸੀ। ਕਿਉਂਕਿ ਉਸ ਨੂੰ ਭਰੋਸੇਮੰਦ ਸੂਚਨਾ ਮਿਲੀ ਸੀ ਕਿ ਟੈਂਡਰ ਅਲਾਟਮੈਂਟ ਚ, ਕਾਫੀ ਬੇਨਿਯਮੀਆਂ ਕੀਤੀਆਂ ਗਈਆਂ ਹਨ। ਜਿਸ ਜਗ੍ਹਾ ਤੇ ਵਿਕਾਸ ਕੰਮਾਂ ਦਾ ਟੈਂਡਰ ਕੀਤਾ ਗਿਆ, ਉਸ ਜਗ੍ਹਾ ਤੇ ਪਹਿਲਾਂ ਹੀ ਕੰਮ ਹੋ ਚੁੱਕੇ ਹਨ। ਇਸ ਤੋਂ ਇਲਾਵਾ ਕਾਰਜ ਸਾਧਕ ਅਧਿਕਾਰੀ ਮਨਪ੍ਰੀਤ ਸਿੰਘ ਦੀ ਉਸ ਦੇ ਵਾਧੂ ਚਾਰਜ ਦੇ ਕਾਰਜਕਾਲ ਦੌਰਾਨ ਕੀਤੀਆਂ ਅਦਾਇਗੀਆਂ ਦੇ ਬਿਲ, ਬਾਊਚਰ ਅਤੇ ਚੈਕਾਂ ਦੀ ਨੰਬਰਾਂ ਸਮੇਤ ਡਿਟੇਲ ਦੀਆਂ ਤਸਦੀਕਸ਼ੁਦਾ ਕਾਪੀਆਂ ਮੰਗੀਆਂ ਗਈਆਂ ਸਨ। ਪਰੰਤੂ ਆਰ.ਟੀ.ਆਈ. ਦੀ ਦੁਰਖਾਸਤ ਨੂੰ 30 ਦਿਨ ਤੋਂ ਵਧੇਰੇ ਸਮਾਂ ਲੰਘ ਚੁੱਕਿਆ ਹੈ। ਪਰ ਨਾ ਕੋਈ ਸੂਚਨਾ ਨਾ ਸੂਚਨਾ ਨਾ ਦੇਣ ਸਬੰਧੀ ਕੋਈ ਜੁਆਬ ਹੀ ਭੇਜਿਆ ਗਿਆ ਹੈ।
– ਆਰ.ਟੀ.ਆਈ. 2- ਮਹੇਸ਼ ਲੋਟਾ ਨੇ ਦੱਸਿਆ ਕਿ 17 ਜੁਲਾਈ 2020 ਨੂੰ ਨਗਰ ਕੌਂਸਲ ਬਰਨਾਲਾ ਵੱਲੋਂ ਵਿਕਾਸ ਕੰਮਾਂ ਦੇ ਟੈਂਡਰ ਲਗਾਏ ਗਏ। ਇਨ੍ਹਾਂ ਸਬੰਧੀ ਵੀ ਆਰ.ਟੀ.ਆਈ. ਰਾਹੀਂ ਵਿਕਾਸ ਕੰਮਾਂ ਦੇ ਜਾਰੀ ਵਰਕ ਆਰਡਰਾਂ ਅਤੇ ਈ.ਐਮ.ਡੀ. ਸਕਿਊਰਟੀ ਦੀਆਂ ਤਸਦੀਕਸ਼ੁਦਾ ਕਾਪੀਆਂ ਮੰਗੀਆਂ ਗਈਆਂ। ਇਹ ਸੂਚਨਾ ਵੀ ਹਾਲੇ ਤੱਕ ਨਹੀਂ ਦਿੱਤੀ ਗਈ। ਜਦੋਂ ਕਿ ਅਗਰ ਕੌਂਸਲ ਅਧਿਕਾਰੀ ਚਾਹੁੰਦੇ ਤਾਂ ਇਹ ਸਿਰਫ ਇੱਕ ਦੋ ਦਿਨ ਵਿੱਚ ਦਿੱਤੀ ਜਾ ਸਕਦੀ ਸੀ। ਉਨਾਂ ਕਿਹਾ ਕਿ ਇਹ ਸੂਚਨਾ ਤਾਂ ਕੌਂਸਲ ਵੱਲੋਂ ਆਪਣੀ ਸਾਈਟ ਤੇ ਹੀ ਪਾਉਣੀ ਲਾਜਿਮੀ ਹੁੰਦੀ ਹੈ।
ਆਰ.ਟੀ.ਆਈ. 3- ਮਹੇਸ਼ ਲੋਟਾ ਨੇ ਦੱਸਿਆ ਕਿ ਇੱਕ ਹੋਰ ਆਰ.ਟੀ.ਆਈ. ਉਨਾਂ ਨਗਰ ਕੌਂਸਲ ਦੇ ਈ.ਉ. ਤੋਂ ਮੰਗੀ ਗਈ। ਜਿਸ ਵਿੱਚ ਜਨਵਰੀ 2020 ‘ਚ 1 ਕਰੋੜ, 93 ਲੱਖ 35 ਹਜ਼ਾਰ ਰੁਪਏ ਦੇ ਵੱਖ ਵੱਖ ਕਲੋਨੀਆਂ ਦੇ ਵਿਕਾਸ ਕੰਮ ਕਰਵਾਉਣ ਲਈ ਮੰਗੇ ਗਏ ਸਨ। ਪਰ ਉਹ ਬਿਨਾਂ ਕੋਈ ਕਾਰਣ ਦੱਸੇ ਰੱਦ ਕਰ ਦਿੱਤੇ ਗਏ ਸਨ। ਟੈਂਡਰ ਰੱਦ ਕਰਨ ਦੇ ਆਰਡਰ ਦੀ ਫੋਟੋ ਕਾਪੀ ਅਤੇ ਬਰਨਾਲਾ ਕੌਂਸਲ ਵੱਲੋਂ ਮਤਾ ਨੰਬਰ 362 ਮਿਤੀ 24/10/2019 ਤਜਵੀਜ ਨੰਬਰ 15 ਮਿਤੀ 7/10/2019 ਨੂੰ ਪੂਹਲਾ ਸੋਸਾਇਟੀ ਤੇ ਦਿਨੇਸ਼ ਸੋਸਾਇਟੀ ਦੇ ਕੰਮ ਸਹੀ ਢੰਗ ਨਾਲ ਨਾ ਕਰਨ ਸਬੰਧੀ ਪਾਇਆ ਗਿਆ ਸੀ, ਬਾਅਦ ਵਿੱਚ ਇਹ ਤਜ਼ਵੀਜ਼ ਤੇ ਮਤੇ ਨੂੰ ਰੱਦ ਕਰਨ ਲਈ ਕੀ ਆਦੇਸ਼ ਜਾਂ ਮਤਾ ਪਾਇਆ ਗਿਆ ,ਉਸ ਦੀਆਂ ਫੋਟੋ ਕਾਪੀਆਂ ਉਪਲੱਭਧ ਕਰਵਾਉਣ ਲਈ ਦੁਰਖਾਸਤ ਦਿੱਤੀ ਗਈ ਸੀ।
ਇਸ ਤੋਂ ਇਲਾਵਾ ਆਰ.ਟੀ.ਆਈ. ਵਿੱਚ ਨਗਰ ਕੌਂਸਲ ਦੀ MB ਨੰਬਰ 333/335 ਦੇ ਰਿਕਾਰਡ ਵਿੱਚ ਕਿਹੜੇ ਠੇਕੇਦਾਰਾਂ ਅਤੇ ਸੋਸਾਇਟੀਆਂ ਨੂੰ ਪੇਮੈਂਟ ਕੀਤੀ ਗਈ, ਉਨਾਂ ਦੇ ਬਿਲ / ਬਾਊਚਰ ਦੀਆਂ ਕਾਪੀਆਂ , ਨਗਰ ਕੌਂਸਲ ਦੇ ਰਿਕਾਰਡ ‘ਚੋਂ ਖੁਰਦ-ਬੁਰਦ ਹੋਈਆਂ MB ਨੰਬਰ 333/335 ਸਬੰਧੀ ਦਰਜ਼ ਕਰਵਾਈ ਐਫ.ਆਈ.ਆਰ. ਦੀ ਫੋਟੋ ਕਾਪੀ, ਬਰਨਾਲਾ ਨਗਰ ਕੌਂਸਲ ਵਿੱਚ ਕੰਮ ਕਰਦੀਆਂ ਪੂਹਲਾ ਸੋਸਾਇਟੀ, ਤੁੰਗਵਾਲੀ ਸੋਸਾਇਟੀ, ਦਿਨੇਸ਼ ਸੋਸਾਇਟੀਜ਼ ਨੂੰ ਅਲਾਟ ਟੈਂਡਰਾਂ ਅਤੇ ਟੈਂਡਰ ਅਲਾਟ ਨਾ ਹੋਏ ਆਰਡਰਾਂ ਦੀਆਂ ਫੋਟੋ ਕਾਪੀਆਂ, ਪੂਹਲਾ ਸੋਸਾਇਟੀ, ਤੁੰਗਵਾਲੀ ਸੋਸਾਇਟੀ, ਦਿਨੇਸ਼ ਸੋਸਾਇਟੀਜ਼ ਦੀ ਵਰਕਸ ਦੇ ਕੰਮ ਕਰਨ ਲਈ ਪੇਸ਼ ਕੀਤੇ ਕਪੈਸਟੀ ਸਰਟੀਫਿਕੇਟਾਂ, ਹਲਫੀਆਂ ਬਿਆਨਾਂ, ਸਵੈ ਘੋਸ਼ਣਾ ਪੱਤਰਾਂ ਦੀਆਂ ਫੋਟੋ ਕਾਪੀਆਂ ਮੰਗੀਆਂ ਗਈਆਂ ਹਨ। ਪਰੰਤੂ ਇਹ ਆਰ.ਟੀ.ਆਈ. ਦਾ ਵੀ ਕੋਈ ਜੁਆਬ ਜਾਂ ਸੂਚਨਾ ਨਹੀਂ ਦਿੱਤੀ ਗਈ। ਮਹੇਸ਼ ਲੋਟਾ ਨੇ ਕਿਹਾ ਕਿ ਆਰ.ਟੀ.ਆਈ. ਐਕਟ ਤਹਿਤ ਮੰਗੀ ਸੂਚਨਾ ਨਾ ਦੇਣਾ ਕਮੇਟੀ ਦੇ ਕੰਮਾਂ ‘ਚ ਹੋਈਆਂ ਗੜਬੜੀਆਂ ਨੂੰ ਫਾਇਲਾਂ ਅੰਦਰ ਹੀ ਦੱਬ ਕੇ ਰੱਖਣ ਦੀ ਕੋਸ਼ਿਸ਼ ਹੈ। ਜਿਸ ਨੂੰ ਉਹ ਕਾਮਯਾਬ ਨਹੀਂ ਹੋਣ ਦੇਣਗੇ। ਭਾਂਵੇ ਉਸ ਨੂੰ ਇਹ ਸੂਚਨਾ ਲੈਣ ਲਈ ਸੂਚਨਾ ਕਮਿਸ਼ਨ ਪੰਜਾਬ ਜਾਂ ਹਾਈਕੋਰਟ ਤੱਕ ਵੀ ਕਿਉਂ ਨਾ ਜਾਣਾ ਪਵੇ।