ਕੀਤੂ ਸਮਰਥਕਾਂ ਨੇ ਹੁਣੇ ਤੋਂ ਮੁਹਿੰਮ ਵਿੱਢੀ ,, ਨੈਕਸਟ ਐਮ.ਐਲ.ਏ 2022 ,, ਕੁਲਵੰਤ ਸਿੰਘ ਕੀਤੂ,,
ਜਿੱਤ ਤੋਂ ਪਹਿਲਾਂ ਅਕਾਲੀ ਦਲ ਦੀ ਟਿਕਟ ਲੈਣ ਲਈ ਵੀ ਹੋਊ ਕੀਤੂ ਤੇ ਬੀਹਲਾ ‘ਚ ਤਕੜਾ ਮੁਕਾਬਲਾ
ਹਰਿੰਦਰ ਨਿੱਕਾ ਬਰਨਾਲਾ 8 ਸਤੰਬਰ 2020
ਕਰੀਬ 23 ਵਰ੍ਹੇ ਪਹਿਲਾਂ ਵਿਧਾਨ ਸਭਾ ਹਲਕਾ ਬਰਨਾਲਾ ‘ਚ ਵੱਡੀਆਂ ਰਾਜਸੀ ਧਿਰਾਂ ਨੂੰ ਬੁਰੀ ਤਰਾਂ ਹਰਾ ਕੇ ਅਜ਼ਾਦ ਵਿਧਾਇਕ ਦੇ ਤੌਰ ਤੇ ਬਰਨਾਲਾ ਹਲਕੇ ਦਾ ਨਵਾਂ ਇਤਹਾਸ ਸਿਰਜ਼ਣ ਵਾਲੇ ਸਵਰਗੀ ਅਕਾਲੀ ਵਿਧਾਇਕ ਮਲਕੀਤ ਸਿੰਘ ਕੀਤੂ ਦੇ ਬੇਟੇ ਅਤੇ ਸਿਆਸੀ ਵਾਰਿਸ ਵੱਜੋਂ ਗੁਰਜ਼ ਸੰਭਾਲਣ ਵਾਲੇ ਕੁਲਵੰਤ ਸਿੰਘ ਕੀਤੂ ਨੂੰ ਹਲਕੇ ਤੋਂ ਵਿਧਾਇਕ ਬਣਾਉਣ ਲਈ ਕੀਤੂ ਦੇ ਸਮਰਥਕਾਂ ਨੇ ਹੁਣੇ ਤੋਂ ਹੀ ਕਮਰ ਕਸ ਲਈ ਹੈ। ਕੀਤੂ ਸਮਰਥਕਾਂ ਵੱਲੋਂ ਕੁਝ ਦਿਨਾਂ ਤੋਂ ‘’ ਨੈਕਸਟ ਐਮ.ਐਲ.ਏ. 2020, ਕੁਲਵੰਤ ਸਿੰਘ ਕੀਤੂ’’ ਅਤੇ ਮੇਰਾ ਹਲਕਾ ਮੇਰੀ ਪਹਿਚਾਣ,, ਸਾਡਾ ਕੀਤੂ ,ਸਾਡਾ ਮਾਣ, ਸਵਰਗੀ ਕੀਤੂ ਨੂੰ ਦਿਲ ਤੋਂ ਪਿਆਰ ਕਰਨ ਵਾਲਿਆਂ ਦੇ ਦਿਲ ਨੂੰ ਛੋਹ ਲੈਣ ਵਾਲੇ ਨਾਅਰਿਆਂ ਦੀ ਮੁਹਿੰਮ ਸ਼ੋਸ਼ਲ ਮੀਡੀਆ ਤੇ ਵੱਡੇ ਪੱਧਰ ਤੇ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੁਹਿੰਮ ਦਾ ਸਿਆਸੀ ਤੇ ਸਿੱਧਾ ਮਤਲਬ ਹੈ ਕਿ ਕੁਲਵੰਤ ਸਿੰਘ ਕੀਤੂ ਲਈ ਉਸ ਦੇ ਪਿਤਾ ਮਲਕੀਤ ਸਿੰਘ ਕੀਤੂ ਦੀ ਸਖਤ ਮਿਹਨਤ ਅਤੇ ਦਿਨ ਰਾਤ ਲੋਕ ਸੇਵਾ ਕਰਕੇ ਬਹਾਏ ਮੁੜਕੇ ਨਾਲ ਸਿੰਝੀ ਹਲਕੇ ਦੀ ਜਮੀਨ ਤੇ ਨਵਾਂ ਬੀਜ਼ ਕੁਲਵੰਤ ਕੀਤੂ ਦੇ ਰੂਪ ਚ, ਬੀਜਿਆ ਜਾਵੇ। ਜਿਸ ਤੋਂ ਪੁੰਘਰੇ ਬੀਜ ਦਾ ਰਾਜਸੀ ਫਲ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਤੱਕ ਪੱਕ ਕੇ ਪੂਰੀ ਤਰਾਂ ਤਿਆਰ ਹੋ ਜਾਵੇ। ਕੀਤੂ ਸਮਰਥਕਾਂ ਦੀਆਂ ਇਨਾਂ ਉਮੀਦਾਂ ਤੇ ਬੂਰ ਪੈਣਾ ਬੇਸ਼ੱਕ ਭਵਿੱਖ ਦੇ ਗਰਭ ਅੰਦਰ ਪਲ ਰਿਹਾ ਸਵਾਲ ਹੈ। ਜਿਸ ਦਾ ਸਹੀ ਜੁਆਬ ਤਾਂ 2022 ਦੀ ਚੋਣ ਸਮੇਂ ਇਲਾਕੇ ਦੀ ਫਿਜ਼ਾ ‘ਚ ਪੈਦਾ ਹੋਈਆਂ ਪ੍ਰਸਥਿਤੀਆਂ ਦੌਰਾਨ ਵਗਦੀ ਰਾਜਸੀ ਪੌਣ ਹੀ ਦੇਵੇਗੀ।
ਮਲਕੀਤ ਸਿੰਘ ਕੀਤੂ ਭਾਂਵੇ ਨਹੀਂ ਰਿਹਾ, ਪਰ ਉਹਦੀਆਂ ਪੈੜਾਂ ਦੇ ਨਿਸ਼ਾਨ ਹਾਲੇ ਵੀ ਮਿਟੇ ਨਹੀਂ
ਬਰਨਾਲਾ ਵਿਧਾਨ ਸਭਾ ਹਲਕਾ ਹੀ ਨਹੀਂ , ਬਲਿਕ ਲੋਕ ਸਭਾ ਹਲਕਾ ਸੰਗਰੂਰ ਦੇ 5/6 ਵਿਧਾਨ ਸਭਾ ਹਲਕਿਆਂ ਦੇ ਨਤੀਜਿਆਂ ਨੂੰ ਬਦਲਣ ਦੀ ਸਮਰੱਥਾ ਮਲਕੀਤ ਸਿੰਘ ਕੀਤੂ ਜਰੂਰ ਰੱਖਦਾ ਸੀ। ਸਵਰਗੀ ਕੀਤੂ ਨੂੰ ਇਹ ਮਾਣ ਮਹਿਜ ਵਿਰਾਸਤ ‘ਚੋਂ ਨਹੀਂ , ਬਲਕਿ ਉਸ ਵੱਲੋਂ ਇਲਾਕੇ ਦੀ ਰਾਜਸੀ ਜਮੀਨ ਵਿੱਚ ਘਾਲੀ ਘਾਲਣਾ ਕਰਕੇ ਪ੍ਰਾਪਤ ਹੋਇਆ ਸੀ। ਵੱਡੇ ਰਾਜਸੀ ਨੇਤਾਵਾਂ ਨੇ ਉਸ ਲਈ ਸੌਖਿਆਂ ਹੀ ਇਹ ਪਿੜ ਖਾਲੀ ਨਹੀਂ ਸੀ ਛੱਡਿਆ। ਸਗੋਂ ਕੀਤੂ ਨੇ ਸਾਲ 1997 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਚੱਲ ਰਹੀ ਸ੍ਰੋਮਣੀ ਅਕਾਲੀ ਦਲ- ਭਾਜਪਾ ਗੱਠਜੋੜ ਦੀ ਰਾਜਸੀ ਹਨ੍ਹੇਰੀ ਅੰਦਰ 24 ਹਜਾਰ ਤੋਂ ਵਧੇਰੇ ਵੋਟਾਂ ਨਾਲ ਅਜਾਦ ਚੋਣ ਜਿੱਤ ਕੇ ਹਲਕੇ ਦੀ ਜਮੀਨ ਤੇ ਝੰਡੇ ਗੱਡੇ ਸਨ। ਉਨਾਂ ਲਗਾਤਾਰ ਦੋ ਵਾਰ ਬਰਨਾਲਾ ਹਲਕੇ ਦੀ ਨੁਮਾਇੰਦਗੀ ਕੀਤੀ। ਜਦੋਂ ਕਿ ਲਗਾਤਾਰ 2 ਵਾਰ ਹੀ ਕੀਤੂ ਨੂੰ ਮਾਮੂਲੀ ਵੋਟਾਂ ਦੇ ਅੰਤਰ ਨਾਲ ‘’ ਕੀਤੂ ਬਨਾਮ ਆਲ ,, ਮੁਕਾਬਲੇ ‘ਚ ਹਾਰ ਦਾ ਮੂੰਹ ਵੀ ਦੇਖਣਾ ਪਿਆ। ਹਕੀਕਤ ਇਹ ਵੀ ਹੈ ਕਿ ਕੀਤੂ ਭਾਂਵੇ 2 ਚੋਣਾਂ 2 ਧਿਰੀ ਸਿੱਧੀ ਟੱਕਰ ‘ਚ ਕਾਂਗਰਸ ਨੇਤਾ ਕੇਵਲ ਸਿੰਘ ਢਿੱਲੋਂ ਤੋਂ ਹਾਰ ਗਿਆ ਸੀ । ਪਰੰਤੂ ਉਸ ਨੂੰ ਪਈਆਂ ਵੋਟਾਂ ਹਰ ਚੋਣ ਵਿੱਚ ਉਸਨੂੰ ਪ੍ਰਾਪਤ ਹੋਈਆਂ ਪਹਿਲੀਆਂ ਵੋਟਾਂ ਤੋਂ ਵੱਧਦੀਆਂ ਹੀ ਰਹੀਆਂ ਸਨ। ਜਿਹੜੀਆਂ ਉਸ ਦੀ ਇਲਾਕੇ ਅੰਦਰ ‘ਹਰਮਨ ਪਿਆਰਤਾ ਦਾ ਸਭ ਤੋਂ ਵੱਡਾ ਸਬੂਤ ਹੋ ਨਿਬੜੀਆਂ। ਕੀਤੂ ਦਾ ਨਾਮ ਉਨਾਂ ਦੀ ਮੌਤ ਤੋਂ ਬਾਅਦ ਵੀ ਇਲਾਕੇ ਅੰਦਰ ਬੱਚੇ ਬੱਚੇ ਦੀ ਜੁਬਾਨ ਤੇ ਚੜ੍ਹਿਆ ਹੋਇਆ ਹੈ ਤੇ ਗਰੀਬ ਲੋਕਾਂ ਦੇ ਜਿਹਨ ‘ਚ ਹਾਲੇ ਵੀ ਪਹਿਲਾਂ ਦੀ ਤਰਾਂ ਹੀ ਵੱਸਦਾ ਹੈ। ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਕੀਤੂ ਭਾਵੇਂ ਸ਼ਰੀਰਕ ਰੂਪ ਵਿੱਚ ਨਹੀਂ ਰਿਹਾ। ਪਰੰਤੂ ਉਨਾਂ ਦੀਆਂ ਪੈੜਾਂ ਦੇ ਨਿਸ਼ਾਨ ਹਾਲੇ ਵੀ ਇਲਾਕੇ ਦੀ ਰਾਜਸੀ ਜਮੀਨ ਤੋਂ ਮਿਟੇ ਨਹੀਂ।
ਕਿਸੇ ਵੀ ਵੱਡੇ ਤੋਂ ਵੱਡੇ ਅਕਾਲੀ ਨੇਤਾ ਨੂੰ ਨਹੀਂ ਮਿਲੀ ਕੀਤੂ ਜਿੰਨੀ ਵੋਟ
ਸਵਰਗੀ ਮਲਕੀਤ ਸਿੰਘ ਕੀਤੂ ਦੀ ਪਹਿਚਾਣ ਇਕੱਲਾ ਅਕਾਲੀ ਦਲ ਹੀ ਨਹੀਂ ਸੀ,ਅਕਾਲੀ ਦਲ ਤੋਂ ਬਿਨਾਂ ਹੀ ਉਸਦਾ ਵੱਖਰਾ ਜਨ ਅਧਾਰ ਰਿਹਾ ਹੈ। ਜਿਹੜਾ ਅੱਜ ਵੀ ਉਨਾਂ ਦੇ ਸਿਆਸੀ ਵਾਰਿਸ ਕੁਲਵੰਤ ਸਿੰਘ ਕੀਤੂ ਦੇ ਚਿਹਰੇ ‘ਚੋਂ ਮਲਕੀਤ ਸਿੰਘ ਕੀਤੂ ਦੀ ਰੂਹ ਹੀ ਦੇਖ ਰਿਹਾ ਹੈ। ਕੀਤੂ ਦੇ ਨਿੱਜੀ ਰਸੂਖ ਤੇ ਜਨ ਅਧਾਰ ਦੀ ਗਵਾਹੀ ਸਾਲ 1996 ਦੀਆਂ ਲੋਕ ਸਭਾ ਤੋਂ ਲੈ ਕੇ ਹਾਲੀਆ ਲੋਕ ਸਭਾ ਦੀਆਂ ਚੋਣ ਸਮੇਂ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਮਿਲੀਆਂ ਵੋਟਾਂ ਦਾ ਅੰਕੜਾ ਖੁਦ ਹੀ ਬਿਆਨ ਕਰਦਾ ਹੈ। ਹਕੀਕਤ ਇਹ ਹੈ ਕਿ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਦੇ ਅਹੁਦਿਆਂ ਤੇ ਬਿਰਾਜਮਾਨ ਰਹੇ ਦਰਵੇਸ਼ ਸਿਆਸਤਦਾਨ ਸਵਰਗੀ ਸੁਰਜੀਤ ਸਿੰਘ ਬਰਨਾਲਾ, ਸਾਬਕਾ ਕੇਂਦਰੀ ਮੰਤਰੀ ਤੇ ਮੌਜੂਦਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ,ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੀ ਕੀਤੂ ਨੂੰ ਬਰਨਾਲਾ ਹਲਕੇ ਵਿੱਚੋਂ ਮਿਲਦੀਆਂ ਵੋਟਾਂ ਦੀ ਬਰਾਬਰੀ ਤਾਂ ਦੂਰ ਉਸ ਦੇ ਨੇੜੇ ਦਾ ਅੰਕੜਾ ਵੀ ਨਹੀਂ ਪ੍ਰਾਪਤ ਕਰ ਸਕੇ। ਇਲਾਕੇ ਦੇ ਰਾਜਸੀ ਪਿੜ ‘ਚੋਂ ਕੀਤੂ ਦੇ ਕਦਮਾਂ ਦੀ ਆਹਟ ਨੂੰ ਨਜਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਸਾਬਕਾ ਵਿਧਾਇਕ ਸਿਬੀਆ ਤੱਕੜੀ ‘ਚ ਤੁੱਲ ਕੇ ਵੀ ਮੁੱਖ ਮੁਕਾਬਲੇ ਤੋਂ ਰਿਹਾ ਦੂਰ
2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਸ੍ਰੋਮਣੀ ਅਕਾਲੀ ਦਲ ਨੇ ਸਵਰਗੀ ਮਲਕੀਤ ਸਿੰਘ ਕੀਤੂ ਦੇ ਵਾਰਿਸ ਕੁਲਵੰਤ ਸਿੰਘ ਕੀਤੂ ਨੂੰ ਟਿਕਟ ਨਾ ਦੇ ਕੇ ਕਾਂਗਰਸ ਦੇ ਪੰਜੇ ‘ਚੋਂ ਨਿੱਕਲ ਕੇ ਚੋਣ ਸਮੇਂ ਹੀ ਰਾਜਸੀ ਪਾਲਾ ਬਦਲ ਕੇ ਤੱਕੜੀ ਵਿੱਚ ਤੁੱਲ ਜਾਣ ਵਾਲੇ ਸੰਗਰੂਰ ਦੇ ਸਾਬਕਾ ਕਾਂਗਰਸੀ ਵਿਧਾਇਕ ਸੁਰਿੰਦਰ ਪਾਲ ਸਿੰਘ ਸਿਬੀਆ ਨੂੰ ਟਿਕਟ ਦੇ ਕੇ ਮੈਦਾਨ ਵਿੱਚ ਉਤਾਰਿਆ। ਪਰੰਤੂ ਸਿਬੀਆ , ਟ੍ਰਾਈਡੈਂਟ ਗਰੁੱਪ ਉਦਯੋਗ ਦੇ ਮਾਲਿਕ ਰਜਿੰਦਰ ਗੁਪਤਾ ਦੇ ਥਾਪੜੇ ਦੇ ਬਾਵਜੂਦ ਵੀ ਮੁੱਖ ਮੁਕਾਬਲੇ ਵਿੱਚ ਵੀ ਨਹੀਂ ਆ ਸਕਿਆ। ਦੂਜੇ ਪਾਸੇ ਕੀਤੂ ਦੀ ਅਣਹੋਂਦ ‘ਚ ਆਪਣੀ ਜਿੱਤ ਨੂੰ ਵੱਟ ਤੇ ਪਈ ਸਮਝਣ ਵਾਲਾ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿੱਲੋਂ ਵੀ ਤਿੰਨ ਧਿਰੀ ਟੱਕਰ ਵਿੱਚ ਨਵੀਂ ਰਾਜਸੀ ਸੋਚ ਤੋਂ ਪੈਦਾ ਹੋਏ ਅਤੇ ਆਮ ਜਨਤਾ ‘ਚੋਂ ਲੀਡਰ ਬਣਕੇ ਉੱਭਰੇ ਆਪ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਤੋਂ ਹੀ ਹਾਰ ਗਿਆ। ਕੌੜਾ ਸੱਚ ਇਹ ਵੀ ਹੈ ਕਿ ਸਾਦਾ ਮਿਜਾਜ ਅਤੇ ਆਮ ਲੋਕਾਂ ਦੀ ਤਰਾਂ ਲੋਕਾਂ ਵਿੱਚ ਵਿਚਰਣ ਵਾਲੇ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦੇ ਸਮਰਥੱਕਾਂ ਨੇ ਕੀਤੂ ਜਾਂ ਉਸ ਦੇ ਵਾਰਿਸ ਦੀ ਅਣਹੋਂਦ ਵਿੱਚ ਆਮ ਆਦਮੀ ਪਾਰਟੀ ਦਾ ਝਾੜੂ ਫੜ੍ਹਕੇ ਅਕਾਲੀ ਤੇ ਕਾਂਗਰਸੀਆਂ ਦੀ ਇਲਾਕੇ ਚੋਂ ਸਫਾਈ ਕਰ ਦਿੱਤੀ।
ਅਕਾਲੀਆਂ ਦੀਆਂ ਬੇੜੀਆਂ ‘ਚ ਫਿਰ ਵੱਟੇ ਪਾ ਸਕਦੀ ਹੈ ਅਕਾਲੀਆਂ ਦੀ ਫੁੱਟ
2020 ਦੀਆਂ ਵਿਧਾਨ ਸਭਾ ਚੋਣਾਂ ਭਾਂਵੇ ਹਾਲੇ ਦੂਰ ਦੀ ਕੌੜੀ ਹੀ ਹਨ। ਪਰ ਸਾਰੀਆਂ ਹੀ ਰਾਜਸੀ ਪਾਰਟੀਆਂ ਨੇ ਰਾਜਸੀ ਜਮੀਨ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਬਰਨਾਲਾ ਹਲਕੇ ਅੰਦਰ ਆਪ ਦੇ ਬੇਦਾਗ ਵਿਧਾਇਕ ਮੀਤ ਹੇਅਰ ਦੀ ਰਾਜਸੀ ਪਕੜ ਉਨਾਂ ਦੀ ਕਾਰਜਸ਼ੈਲੀ ਤੇ ਮਿਲਾਪੜੇ ਸੁਭਾਅ ਕਾਰਣ ਪਹਿਲਾਂ ਤੋਂ ਵੀ ਵਧੀ ਹੈ। ਦੂਜੇ ਪਾਸੇ ਕਾਂਗਰਸੀ ਨੇਤਾ ਕੇਵਲ ਸਿੰਘ ਢਿੱਲੋਂ ਦੁਆਰਾ 2 ਵਰ੍ਹਿਆਂ ਦੇ ਅੰਦਰ ਅੰਦਰ ਹੀ ਆਪ ਦੀ ਝੁੱਲ ਰਹੀ ਹਨ੍ਹੇਰੀ ਕਾਰਣ ਲਗਾਤਾਰ 2 ਚੋਣਾ ਹਾਰਣ ਤੋਂ ਬਾਅਦ ਕਾਂਗਰਸੀ ਆਗੂ ਤੇ ਵਰਕਰ, ਸੱਤਾ ਧਿਰ ਹੋਣ ਦੇ ਬਾਵਜੂਦ ਵੀ ਚੋਣ ਮੈਦਾਨ ਵਿੱਚ ਉਤਰਨ ਦਾ ਹੀਆਂ ਵੀ ਨਹੀਂ ਜੁਟਾ ਪਾ ਰਹੇ। ਅਕਾਲੀ ਦਲ ਦੀ ਹਾਲਤ ਨਾ ਘਰ ਦੇ ਨਾ ਘਾਟ ਦੇ ਵਾਲੀ ਬਣੀ ਹੋਈ ਹੈ। ਸ੍ਰੋਮਣੀ ਅਕਾਲੀ ਦਲ ਨੇ ਹਲਕੇ ਦੀ ਕਮਾਂਡ ਅਤੇ ਜਿਲ੍ਹੇ ਦੀ ਪ੍ਰਧਾਨਗੀ ਕੁਲਵੰਤ ਸਿੰਘ ਕੀਤੂ ਨੂੰ ਦਿੱਤੀ ਹੋਈ ਹੈ। ਜਿਨ੍ਹਾਂ ਅਕਾਲੀ ਦਲ ਦੀ ਮਜਬੂਤੀ ਲਈ ਦਿਨ ਰਾਤ ਇੱਕ ਕਰ ਛੱਡਿਆ ਹੈ।
ਪਰੰਤੂ ਕੁਝ ਸਮਾਂ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪ ਅਤੇ ਸੁਖਪਾਲ ਸਿੰਘ ਖਹਿਰਾਂ ਦਾ ਹੱਥ ਫੜ੍ਹਕੇ ਰਾਜਸੀ ਪਿੜ ‘ਚ ਉਤਰਨ ਵਾਲੇ ਮਹਿਲ ਕਲਾਂ ਹਲਕੇ ਨਾਲ ਸਬੰਧਿਤ ਦਵਿੰਦਰ ਸਿੰਘ ਬੀਹਲਾ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਕਰਵਾ ਕੇ ਪਹਿਲਾਂ ਹੀ ਦਲ ਦਲ ‘ਚ ਫਸੇ ਅਕਾਲੀ ਦਲ ਦੀ ਫੁੱਟ ਵਿੱਚ ਹੋਰ ਵਾਧਾ ਕਰ ਦਿੱਤਾ। ਬੀਹਲਾ ਨੂੰ ਇਲਾਕੇ ਦੇ ਅਕਾਲੀ ਆਗੂ , ਸੁਰਿੰਦਰ ਪਾਲ ਸਿੰਘ ਸਿਬੀਆ ਦੀ ਤਰਾਂ ਹੀ ਦੇਖਦੇ ਹਨ ਕਿ ਸਿਬੀਏ ਦੀ ਤਰਾਂ ਹੀ ਬੀਹਲਾ ਵੀ ਚੋਣ ਤੋਂ ਬਾਅਦ ਦਲ ‘ਚੋਂ ਛਾਲ ਮਾਰਨ ਨੂੰ ਦੇਰ ਨਹੀਂ ਲਾਵੇਗਾ। ਦਵਿੰਦਰ ਬੀਹਲਾ ਵੱਲੋਂ ਬਰਨਾਲਾ ਹਲਕੇ ਅੰਦਰ ਵਿੱਢੀਆਂ ਰਾਜਸੀ ਸਰਗਰਮੀਆਂ ਅਤੇ ਉਸ ਵੱਲੋਂ ਹਲਕਾ ਬਰਨਾਲਾ ਦਾ ਸੰਭਾਵੀ ਉਮੀਦਵਾਰ ਹੋਣ ਦਾ ਪ੍ਰਚਾਰ ਦਲ ਦੀਆਂ ਬੇੜੀਆਂ ‘ਚ ਵੱਟੇ ਪਾ ਰਿਹਾ ਹੈ। ਦਵਿੰਦਰ ਬੀਹਲਾ ਅਤੇ ਕੁਲਵੰਤ ਸਿੰਘ ਕੀਤੂ ਦੀਆਂ ਵੱਖ ਵੱਖ ਚਲਦੀਆਂ ਸਰਗਰਮੀਆਂ ਆਉਣ ਵਾਲੇ ਦਿਨਾਂ ਵਿੱਚ ਕੀ ਗੁਲ ਖਿਲਾਉਣਗੀਆਂ , ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ। ਪਰੰਤੂ ਇੱਕ ਗੱਲ ਸਾਫ ਹੈ ਕਿ ਅਕਾਲੀ ਦਲ ਦੀ ਟਿਕਟ ਲੈ ਲੈਣ ਨੂੰ ਹੀ ਕੀਤੂ ਜਾਂ ਬੀਹਲੇ ਦੀ ਪਹਿਲੀ ਜਿੱਤ ਦੀ ਪੌੜੀ ਵਜੋਂ ਹੀ ਦੇਖਿਆ ਜਾਵੇਗਾ।