ਪੁਲਿਸ ਵਾਲੇ ਕਹਿੰਦੇ ਸਾਨੂੰ ਤਾਂ ਡੀਸੀ ਦਾ ਹੁਕਮ ਦਿਖਾਉ , ਸਟੈਂਡਰਡ ਚੌਂਕ ਚ, ਦੁਕਾਨਦਾਰਾਂ ਨੇ ਨਾਰੇਬਾਜੀ ਕਰਕੇ ਬਰੰਗ ਮੋੜੀ ਪੁਲਿਸ
ਬਰਨਾਲਾ ਪੁਲਿਸ ਲਈ ਬੇਮਾਇਨਾ ਰਿਹਾ ਕੈਪਟਨ ਦਾ ਹੁਕਮ, ਵਪਾਰੀਆਂ ਨੇ ਕਿਹਾ ਮੁੱਖ ਮੰਤਰੀ ਤੋਂ ਵੀ ਵੱਡਾ ਹੋਇਆ ਡੀਸੀ !
ਜਬਰਦਸਤੀ ਸ਼ਾਮ 6:30 ਵਜੇ ਪੁਲਿਸ ਨੇ ਬੰਦ ਕਰਵਾਇਆ ਬਜਾਰ, ਦੁਕਾਨਦਾਰਾਂ ਚ, ਮੱਚੀ ਹਾਹਾਕਾਰ
ਹਰਿੰਦਰ ਨਿੱਕਾ ਬਰਨਾਲਾ 9 ਸਤੰਬਰ 2020
ਜਿਲ੍ਹੇ ਦੀ ਆਮ ਜਨਤਾ ਦੀਆਂ ਸ਼ਕਾਇਤਾ ਨਾ ਸੁਣਨ ਲਈ ਮਸ਼ਹੂਰ ਅਤੇ ਕੁਰਸੀ ਦੇ ਨਸ਼ੇ ‘ਚ ਮਗਰੂਰ ਬਰਨਾਲਾ ਪੁਲਿਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ ਦਾ ਸਮਾਂ ਬਦਲਣ ਲਈ ਦਿੱਤੇ ਹੁਕਮਾਂ ਨੂੰ ਮੰਨਣ ਤੋਂ ਮੰਗਲਵਾਰ ਸ਼ਾਮ ਪੂਰੀ ਤਰਾਂ ਇਨਕਾਰੀ ਹੋ ਗਈ। ਬਰਨਾਲਾ, ਤਪਾ, ਹੰਡਿਆਇਆ ਸਮੇਤ ਹੋਰ ਕਈ ਥਾਵਾਂ ਤੇ ਜਬਰਦਸਤੀ ਦੁਕਾਨਾਂ ਬੰਦ ਕਰਵਾਉਣ ਸਮੇਂ ਲੋਕਾਂ ਨੇ ਪੁਲਿਸ ਵਾਲਿਆਂ ਨੂੰ ਕੈਪਟਨ ਦੇ ਹੁਕਮਾਂ ਦਾ ਹਵਾਲਾ ਦਿੱਤਾ ਤਾਂ ਪੁਲਿਸ ਵਾਲਿਆਂ ਨੇ ਦੋ ਟੁੱਕ ਸ਼ਬਦਾਂ ‘ਚ ਕਹਿ ਦਿੱਤਾ ਕਿ ਸਾਨੂੰ ਨੀ ਪਤਾ ਕੈਪਟਨ ਨੇ ਕੀ ਕਿਹਾ, ਸਾਨੂੰ ਤਾਂ ਡੀਸੀ ਦਾ ਹੁਕਮ ਦਿਖਾਉ।
ਵਪਾਰੀਆਂ ਨੇ ਪੁਲਿਸ ਵਾਲਿਆਂ ਦੇ ਜੁਆਬ ‘ਚ ਕਿਹਾ ਕਿ ਮੁੱਖ ਮੰਤਰੀ ਤੋਂ ਵੀ ਵੱਡੇ ਹੋ ਗਏ ਡੀਸੀ ਸਾਬ੍ਹ । ਪਰ ਪੁਲਿਸ ਵਾਲੇ ਆਪਣੀ ਹੈਂਕੜ ਮੁਤਾਬਿਕ ਜਦੋਂ ਜਬਰਦਸਤੀ ਦੁਕਾਨਾਂ ਬੰਦ ਕਰਵਾਉਣ ਲੱਗੇ ਤਾਂ ਸਟੈਂਡਰਡ ਚੌਂਕ ਚ,ਹੰਡਿਆਇਆ ਦੇ ਦੁਕਾਨਦਾਰਾਂ ਨੇ ਪੁਲਿਸ ਖਿਲਾਫ ਜੰਮ ਕੇ ਨਾਰੇਬਾਜੀ ਕਰਕੇ ਪੁਲਿਸ ਕਰਮਚਾਰੀਆਂ ਨੂੰ ਉਨ੍ਹੀਂ ਪੈਰੀ ਵਾਪਿਸ ਬਰੰਗ ਮੁੜਨ ਨੂੰ ਮਜਬੂਰ ਕਰ ਦਿੱਤਾ। ਵਰਨਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕੈਬਨਿਟ ਦੇ ਮੰਤਰੀਆਂ ਅਤੇ ਕਾਂਗਰਸ ਪਾਰਟੀ ਦੇ ਵਿਧਾਇਕਾਂ ਦੇ ਸੁਝਾਅ ਤੇ ਅਮਲ ਕਰਦੇ ਹੋਏ। ਸੋਮਵਾਰ ਦੀ ਸ਼ਾਮ ਰਾਤ ਦੇ ਕਰਫਿਊ ‘ਚ ਢਿੱਲ ਵਧਾਉਂਦਿਆਂ ਕਰਫਿਊ ਦਾ ਸਮਾਂ ਸ਼ਾਮ 6:30 ਤੋਂ ਵਧਾ ਕੇ ਸ਼ਹਿਰੀ ਖੇਤਰਾਂ ਲਈ ਰਾਤ 9 ਵਜੇ ਅਤੇ ਪਿੰਡਾਂ ਕਸਬਿਆਂ ਦਾ ਸਮਾਂ ਰਾਤ 9 :30 ਤੱਕ ਕਰਨ ਦਾ ਫੈਸਲਾ ਕਰਕੇ ਲੋਕਾਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਦਫਤਰ ਵੱਲੋਂ ਬਕਾਇਦਾ ਮੁੱਖ ਮੰਤਰੀ ਦੇ ਨਵੇਂ ਐਲਾਨ ਦੀ ਸੂਚਨਾ ਮੀਡੀਆ ਨੂੰ ਲਿਖਤੀ ਰੂਪ ਵਿੱਚ ਭੇਜੀ। ਇੱਨ੍ਹਾਂ ਹੀ ਨਹੀਂ, ਮੁੱਖ ਮੰਤਰੀ ਦੀ ਨਵੇਂ ਫੈਸਲੇ ਦੀ ਜਾਣਕਾਰੀ ਦਿੰਦਿਆਂ ਵੀਡਿਉ ਵੀ ਮੀਡੀਆ ਨੂੰ ਦਿੱਤੀ। ਜਿਸ ਤੋਂ ਬਾਅਦ ਲੋਕਾਂ ਅੰਦਰ ਖੁਸ਼ੀ ਅਤੇ ਸਰਕਾਰ ਪ੍ਰਤੀ ਹਮਦਰਦੀ ਵੀ ਪੈਦਾ ਹੋਈ। ਪਰੰਤੂ ਲੋਕਾਂ ਦੀ ਖੁਸ਼ੀ ਨੂੰ ਪੁਲਿਸ ਦੀਆਂ ਬਜਾਰਾਂ ‘ਚ ਹੂਟਰ ਮਾਰਦੀਆਂ ਗੱਡੀਆਂ ਅਤੇ ਪੀਸੀਆਰ ਮੁਲਾਜਮਾਂ ਨੇ ਦੱਬਕਿਆਂ ਨੇ ਦਹਿਸ਼ਤ ਅਤੇ ਸਰਕਾਰ ਦੇ ਪ੍ਰਸ਼ਾਸ਼ਨ ਪ੍ਰਤੀ ਨਫਰਤ ‘ਚ ਬਦਲ ਧਰਿਆ।
ਬਰਨਾਲਾ , ਤਪਾ ਅਤੇ ਹੰਡਿਆਇਆ ਆਦਿ ਥਾਵਾਂ ਤੇ ਵਪਾਰੀਆਂ ‘ਚ ਰੋਹ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੁਕਮ ਮੰਨਣ ਤੋਂ ਆਕੀ ਹੋਈ ਬਰਨਾਲਾ ਜਿਲ੍ਹੇ ਦੀ ਪੁਲਿਸ ਦੇ ਕਰਮਚਾਰੀਆਂ ਨੇ ਸਰਕਾਰ ਦੇ ਪੁਰਾਣੇ ਫੈਸਲੇ ਅਨੁਸਾਰ ਸ਼ਾਮ 6:30 ਵਜੇ ਹੀ ਜਬਰਦਸਤੀ ਦੁਕਾਨਾਂ ਬੰਦ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ। ਕਈ ਥਾਵਾਂ ਤੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਪਾਰੀਆਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਵਪਾਰੀ ਆਗੂ ਭੁਪਿੰਦਰ ਜਿੰਦਲ ਨੇ ਕਿਹਾ ਕਿ ਉਨਾਂ ਡੀਸੀ ਦਫਤਰ ਨਾਲ ਹੁਕਮ ਲਾਗੂ ਨਾ ਹੋਣ ਬਾਰੇ ਗੱਲਬਾਤ ਕੀਤੀ। ਪਰੰਤੂ ਉੱਥੋਂ ਜੁਆਬ ਮਿਲਿਆ ਕਿ ਡੀਸੀ ਦਫਤਰ ‘ਚ ਸਰਕਾਰ ਵੱਲੋਂ ਕੋਈ ਨੋਟੀਫਿਕੇਸ਼ਨ ਦੀ ਕਾਪੀ ਪ੍ਰਾਪਤ ਨਹੀਂ ਹੋਈ।
ਉੱਧਰ ਪੁਲਿਸ ਵਾਲਿਆਂ ਨੇ ਕਿਹਾ ਕਿ ਜਿੰਨ੍ਹੀ ਦੇਰ ਤੱਕ ਜਿਲ੍ਹਾ ਮਜਿਸਟ੍ਰੇਟ ਦਾ ਹੁਕਮ ਜਾਰੀ ਨਹੀਂ ਹੁੰਦਾ, ਉਨੀਂ ਦੇਰ ਤੱਕ ਉਹ ਦੁਕਾਨਾਂ ਦਾ ਸਮਾਂ ਸ਼ਾਮ 6:30 ਤੱਕ ਹੀ ਮੰਨਣਗੇ। ਵਪਾਰੀ ਆਗੂ ਜਿੰਦਲ ਨੇ ਅਫਸਰਸ਼ਾਹੀ ਦੀ ਕਾਰਜ਼ਸ਼ੈਲੀ ਤੇ ਵਿਅੰਗ ਕਸਦਿਆਂ ਕਿਹਾ ਕਿ ਨੋਟੀਫਿਕੇਸ਼ਨ ਦੀ ਕਾਪੀ ਮੰਗਵਾਉਣਾ ਜਿਲ੍ਹਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਹੈ। ਹੁਣ ਦੇ ਅਤਿ ਅਧੁਨਿਕ ਯੁੱਗ ਅੰਦਰ ਤਾਂ ਹੁਕਮ ਜਾਰੀ ਹੁੰਦਿਆਂ ਹੀ ਕਾਪੀ ਈਮੇਲ ਜਾਂ ਵਟਸਅੱਪ ਤੇ ਭੇਜੀ ਜਾਂ ਮੰਗਵਾਈ ਜਾ ਸਕਦੀ ਹੈ। ਉੱਧਰ ਸਟੈਂਡਰਡ ਚੌਂਕ ਬਰਨਾਲਾ- ਹੰਡਿਆਇਆ ਵਿਖੇ ਦੁਕਾਨਾਂ ਬੰਦ ਕਰਵਾਉਣ ਆਈ ਪੁਲਿਸ ਨੂੰ ਲੋਕਾਂ ਦੇ ਰੋਹ ਨੂੰ ਦੇਖਦਿਆਂ ਨਾਰੇਬਾਜੀ ਅੱਗੇ ਝੁਕਦਿਆਂ ਉੱਥੋਂ ਬਰੰਗ ਮੁੜਨਾ ਪਿਆ। ਰੋਸ ਪ੍ਰਦਰਸ਼ਨ ਕਰ ਰਹੇ ਦੁਕਾਨਦਾਰਾਂ ਰਵੀ ਖਾਂ, ਗੁਰਸੇਵਕ ਸਿੰਘ, ਜੋਗਿੰਦਰ ਸਿੰਘ, ਅਮਨ ਸਿੰਘ, ਮਦਨ ਲਾਲ ਤੇ ਰਣਜੀਤ ਸਿੰਘ ਆਦਿ ਨੇ ਕਿਹਾ ਕਿ ਜਦੋਂ ਮੀਡੀਆ ‘ਚ ਮੁੱਖ ਮੰਤਰੀ ਦਾ ਬਿਆਨ ਉਹ ਖੁਦ ਦੇ ਚੁੱਕੇ ਹਨ ਤਾਂ ਹੁਣ ਫਿਰ ਮੁੱਖ ਮੰਤਰੀ ਦੇ ਬਿਆਨ ਤੇ ਲੋਕਾਂ ਨੇ ਤਾਂ ਭਰੋਸਾ ਕਰ ਲਿਆ। ਪਰੰਤੂ ਕੈਪਟਨ ਦੇ ਹੁਕਮ ਤੇ ਬਰਨਾਲਾ ਪੁਲਿਸ ਨੂੰ ਹੀ ਯਕੀਨ ਯਕੀਨ ਨਹੀਂ। ਉਨਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਲੋਕਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਨਾ ਕਰੇ।