ਫੇਸਬੁੱਕ ਪੋਸਟ ‘ਚ ਲਿਖਿਆ ਸੀ , ਕੋਰੋਨਾ ਦਾ ਬਹਾਨਾ ਲਾ ਕੇ ਗੁਰਦੇ, ਕਿਡਨੀ, ਗੋਡੇ ਸਭ ਕੱਢ ਲਏ ਸ਼ਰਮ ਕਰੋ,,,
ਹਰਿੰਦਰ ਨਿੱਕਾ ਬਰਨਾਲਾ 5 ਸਤੰਬਰ 2020
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੋਸ਼ਲ ਮੀਡੀਆ ਤੇ ਕੋਰੋਨਾ ਸਬੰਧੀ ਝੂਠੀਆਂ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਸ਼ਿਕੰਜਾ ਕੱਸਣ ਦੀਆਂ ਪ੍ਰਸ਼ਾਸ਼ਨ ਨੂੰ ਦਿੱਤੀਆਂ ਸਖਤ ਹਦਾਇਤਾਂ ਦਾ ਅਸਰ ਹੁਣ ਜਿਲ੍ਹਾ ਪ੍ਰਸ਼ਾਸ਼ਨ ਤੇ ਵੀ ਸਾਫ ਦਿਖਣਾ ਸ਼ੁਰੂ ਹੋ ਗਿਆ ਹੈ। ਇੱਨ੍ਹਾ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਥਾਣਾ ਸਿਟੀ ਬਰਨਾਲਾ ਪੁਲਿਸ ਨੇ ਵੀ ਫੇਸਬੁੱਕ ਤੇ ‘’ ਕੋਰੋਨਾ ਦਾ ਬਹਾਨਾ ਲਾ ਕੇ ਗੁਰਦੇ, ਕਿਡਨੀ, ਗੋਡੇ ਸਭ ਕੱਢ ਲਏ ਸ਼ਰਮ ਕਰੋ,,,ਲਿਖ ਕੇ ਪੋਸਟ ਪਾਉਣ ਵਾਲੇ ਲਵਪ੍ਰੀਤ ਸਿੰਘ ਨਿਵਾਸੀ ਪਟੇਲ ਨਗਰ ਵਾਰਡ ਨੰਬਰ 15 ਦੇ ਖਿਲਾਫ ਆਈ.ਟੀ.ਅਤੇ ਡਿਜਾਸਟਰ ਐਕਟ ਤੋਂ ਇਲਾਵਾ ਸਮੂਹ ਵਿੱਚ ਦੰਗੇ ਭੜਕਾਉਣ ਦਾ ਕੇਸ ਦਰਜ਼ ਕਰ ਲਿਆ ਹੈ। ਪੁਲਿਸ ਨੇ ਨਾਮਜ਼ਦ ਦੋਸ਼ੀ ਨੂੰ ਲੱਭਣ ਲਈ ਯਤਨ ਵੀ ਤੇਜ਼ ਕਰ ਦਿੱਤੇ ਹਨ।
ਸਿਹਤ ਵਿਭਾਗ ਦੇ ਅਮਲੇ ਤੇ ਲਾਏ ਬੇਬੁਨਿਆਦ ਇਲਜ਼ਾਮ
ਥਾਣਾ ਸਿਟੀ ਬਰਨਾਲਾ ਵਿਖੇ ਏ.ਐਸ.ਆਈ. ਜਰਨੈਲ ਸਿੰਘ ਦੇ ਬਿਆਨਾਂ ਤੇ ਦਰਜ਼ ਐਫ.ਆਈ.ਆਰ. ਨੰਬਰ 388 ‘ਚ ਕਿਹਾ ਗਿਆ ਹੈ ਕਿ ਲਵਪ੍ਰੀਤ ਸਿੰਘ ਪੁੱਤਰ ਜਗਜੀਤ ਸਿੰਘ ਨਿਵਾਸੀ ਪਟੇਲ ਨਗਰ ਬਰਨਾਲਾ ਨੇ ਆਪਣੇ ਫੇਸਬੁੱਕ ਪੇਜ https: //www.facebook.com/ AIMAMEDIAbarnala ਤੇ 6 ਅਗਸਤ 2020 ਨੂੰ ਇੱਕ ਪੋਸਟ ਸ਼ੇਅਰ ਕੀਤੀ। ਜਿਸ ਵਿੱਚ ਕਿਸੇ ਵਿਅਕਤੀ ਦੇ ਗੁਰਦੇ,ਕਿਡਨੀ, ਗੋਡੇ ਸਭ ਕੱਢ ਲਏ ਹਨ। ਇਸ ਪੋਸਟ ਵਿੱਚ ਪੰਜਾਬੀ ‘ਚ ਲਾਈਨ ਲਿਖੀ ਹੈ ਕਿ ‘’ ਕੋਰੋਨਾ ਦਾ ਬਹਾਨਾ ਲਾ ਕੇ ਗੁਰਦੇ, ਕਿਡਨੀ, ਗੋਡੇ ਸਭ ਕੱਢ ਲਏ ਸ਼ਰਮ ਕਰੋ,,,। ਜਿਸ ਨਾਲ ਸਿਹਤ ਵਿਭਾਗ ਦੇ ਕਰਮਚਾਰੀਆਂ ਉੱਪਰ ਇਲਜ਼ਾਮ ਲਾਇਆ ਹੈ। ਲਵਪ੍ਰੀਤ ਸਿੰਘ ਨੇ ਝੂਠੀਆਂ ਅਫਵਾਹਾਂ ਤੇ ਭੜਕਾਊ ਪੋਸਟ ਤਿਆਰ ਸ਼ੇਅਰ ਕਰਕੇ ਲੋਕਾਂ ਵਿੱਚ ਸ਼ੋਸ਼ਲ ਮੀਡੀਆ ਰਾਹੀਂ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੈ। ਅਜਿਹਾ ਕਰਕੇ ਦੋਸ਼ੀ ਨੇ ਕੋਰੋਨਾ ਬੀਮਾਰੀ ਦੌਰਾਨ ਹੁਕਮਾਂ ਦੀ ਉਲੰਘਣਾ ਕੀਤੀ ਹੈ।
ਡੀਐਸਪੀ ਢੀਂਡਸਾ ਨੂੰ ਸੌਂਪੀ ਤਫਤੀਸ਼
ਮਾਮਲੇ ਦੇ ਤਫਤੀਸ਼ ਅਧਿਕਾਰੀ ਡੀਐਸਪੀ ਕੰਟਰੋਲ ਰੂਮ ਰਛਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਪੁਲਿਸ ਨੇ ਏ.ਐਸ.ਆਈ. ਜਰਨੈਲ ਸਿੰਘ ਦੇ ਬਿਆਨ ਦੇ ਅਧਾਰ ਤੇ ਨਾਮਜਦ ਦੋਸ਼ੀ ਲਵਪ੍ਰੀਤ ਸਿੰਘ ਖਿਲਾਫ ਅਧੀਨ ਜੁਰਮ 66 ਆਈ.ਟੀ. ਐਕਟ, 153, 188 ਆਈ.ਪੀ.ਸੀ. ਅਤੇ 54 ਡਿਜਾਸਟਰ ਮੈਨੇਜਮੈਂਟ ਐਕਟ 2005 ਦੇ ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜਲਦ ਹੀ ਦੋਸ਼ੀ ਨੂੰ ਗਿਰਫਤਾਰ ਕਰ ਲਿਆ ਜਾਵੇਗਾ।