ਬਰਨਾਲਾ ਟੂਡੇ ਦੀ ਖਬਰ ਦਾ ਅਸਰ, ਪੁਲਿਸ ਨੂੰ ਪਈਆਂ ਭਾਜੜਾਂ , ਪੀੜਤ ਨੂੰ ਨਾ ਮਿਲਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਪੈ ਗਿਆ ਪੀੜਤ ਨੂੰ ਲੱਭਣਾ, ਬੱਝੀ ਇਨਸਾਫ ਦੀ ਉਮੀਦ
ਦੋਸ਼ੀ ਕੱਲ੍ਹ ਰਾਤ ਫਿਰ ਪਹੁੰਚਿਆ ਪੀੜਤਾ ਦੇ ਘਰ, ਕਿਹਾ ਚੁੱਪ ਹੋ ਜਾਹ, ਜਾਂ ਅਸੀਂ ਕਰਵਾ ਦਿਆਂਗੇ ਸਦਾ ਲਈ ਚੁੱਪ !
ਐਸ.ਆਈ. ਰਾਜਪਾਲ ਕੌਰ ਨੂੰ ਸੌਂਪੀ ਮਾਮਲੇ ਦੀ ਜਾਂਚ, ਜਾਂਚ ਅਧਿਕਾਰੀ ਦੀ ਹਾਜ਼ਰੀ ਚ, ਵੀ ਦੋਸ਼ੀ ਨੇ ਫੋਨ ਤੇ ਕੱਢੀਆਂ ਪੀੜਤਾ ਨੂੰ ਗਾਲ੍ਹਾਂ
ਪੀੜਤਾ ਨੂੰ ਨੌਕਰੀ ਤੋਂ ਕਢਵਾਉਣ ਲਈ ਵੀ ਦੋਸ਼ੀ ਪਹੁੰਚ ਗਏ ਨਿੱਜੀ ਫਾਇਨਾਸ ਕੰਪਨੀ ਦੇ ਬੈਂਕ !
ਹਰਿੰਦਰ ਨਿੱਕਾ ਬਰਨਾਲਾ 29 ਅਗਸਤ 2020
ਪਿਛਲੇ 8 ਦਿਨਾਂ ਤੋਂ ਇਨਸਾਫ ਲੈਣ ਲਈ ਪੁਲਿਸ ਅਧਿਕਾਰੀਆਂ ਦੇ ਦਫਤਰਾਂ ਦੀ ਦਹਿਲੀਜ਼ ਤੱਕ ਪਹੁੰਚਣ ਲਈ ਹੀ ਦਰ ਦਰ ਠੋਕਰਾਂ ਖਾਂਦੀ ਫਿਰਦੀ ਇੱਕ ਬਲਾਤਕਾਰ ਪੀੜਤ ਲੜਕੀ ਨੂੰ ਹੁਣ ਇਨਸਾਫ ਮਿਲਣ ਦੀ ਥੋੜੀ ਮੱਧਮ ਜਿਹੀ ਉਮੀਦ ਜਰੂਰ ਬੱਝੀ ਹੈ। ਪਰੰਤੂ ਦੋਸ਼ੀਆਂ ਦੇ ਪੁਲਿਸ ਅਤੇ ਗੈਂਗਸਟਰਾਂ ਦੀ ਸ਼ਹਿ ਕਾਰਣ ਹੌਂਸਲੇ ਇੱਨੇਂ ਬੁਲੰਦ ਹਨ ਕਿ ਜਦੋਂ ਪੀੜਤ ਨੂੰ ਬਿਆਨ ਲਿਖਣ ਲਈ ਐਸ.ਆਈ. ਰਾਜਪਾਲ ਕੌਰ ਨੇ ਆਪਣੇ ਕੋਲ ਬੁਲਾਇਆ ਤਾਂ ਮੁੱਖ ਦੋਸ਼ੀ ਨੇ ਫੋਨ ਤੇ ਹੀ ਜਾਂਚ ਅਧਿਕਾਰੀ ਦੀ ਹਾਜ਼ਰੀ ਚ, ਵੀ ਪੀੜਤਾ ਨੂੰ ਗਾਲ੍ਹਾਂ ਕੱਢੀਆਂ ਤੇ ਸ਼ਕਾਇਤ ਵਾਪਿਸ ਲੈਣ ਲਈ ਦਬਾਅ ਬਣਾਇਆ । ਗੱਲ ਇੱਥੇ ਹੀ ਬੱਸ ਨਹੀਂ, ਸ਼ੁਕਰਵਾਰ ਦੇਰ ਰਾਤ ਕਰੀਬ 9 ਵਜੇ ਮਕਾਨ ਉਸਾਰੀ ਮੈਟੀਰੀਅਲ ਦਾ ਕੰਮ ਕਰਨ ਵਾਲਾ ਇੱਕ ਦੋਸ਼ੀ ਫਿਰ ਪੀੜਤਾ ਦੇ ਘਰ ਜਾ ਪਹੁੰਚਿਆ । ਪੀੜਤਾ ਅਨੁਸਾਰ ਉਸਨੇ ਧਮਕੀ ਦਿੱਤੀ ਕਿ ਤੂੰ ਚੁੱਪ ਹੋ ਜਾਹ, ਜਾਂ ਅਸੀਂ ਖੁਦ ਸਦਾ ਲਈ ਚੁੱਪ ਕਰਵਾ ਦਿਆਂਗੇ। ਉੱਧਰ ਪੀੜਤਾ ਤੇ ਦੁਰਖਾਸਤ ਵਾਪਿਸ ਲੈਣ ਲਈ ਦਬਾਅ ਬਣਾਉਣ ਲਈ ਵੀ ਦੋਸ਼ੀ , ਨਿੱਜੀ ਬੈਂਕ ਚ, ਵੀ ਪਹੁੰਚ ਗਏ ।
ਬੇਖੌਫ ਘੁੰਮ ਰਹੀ ਪੀੜਤ ਨੂੰ ਬਲੈਕ- ਮੇਲਿੰਗ ਕਰਨ ਵਾਲੀ ਤਿਕੜੀ
ਗੈਂਗਸਟਰਾਂ ਅਤੇ ਪੁਲਿਸ ਦੀ ਸ਼ਹਿ ਤੇ ਗੁੰਡਾਗਰਦੀ ਕਰਨ ਵਾਲੀ ਸ਼ਰਾਬ ਤਸਕਰਾਂ ਦੀ ਤਿਕੜੀ ਦੇ ਅੱਤਿਆਚਾਰ ਦੀ ਮੂੰਹ ਬੋਲਦੀ ਕਹਾਣੀ ,,ਬਰਨਾਲਾ ਟੂਡੇ ,,ਦੁਆਰਾ 28 ਅਗਸਤ ਨੂੰ ਪ੍ਰਮੁੱਖਤਾ ਨਾਲ ਨਸ਼ਰ ਕਰਨ ਤੋਂ ਬਾਅਦ ਬਰਨਾਲਾ ਪੁਲਿਸ ਨੂੰ ਇੱਕ ਵਾਰ ਭਾਜੜਾਂ ਪੈ ਗਈਆਂ। ਜਿਹੜੇ ਪੁਲਿਸ ਅਧਿਕਾਰੀਆਂ ਕੋਲ ਪੀੜਤ ਦੀ ਗੱਲ ਸੁਣਨ ਦੀ ਫੁਰਸਤ ਹੀ ਨਹੀਂ ਸੀ, ਉਹਨਾਂ ਨੇ ਸ਼ਹਿਰ ਦੇ ਦੋ ਥਾਣਿਆਂ ਦੀ ਪੁਲਿਸ ਨੂੰ ਪੀੜਤਾ ਨੂੰ ਲੱਭ ਕੇ ਉਸ ਦੀ ਗੱਲ ਸੁਣਨ ਦਾ ਫੌਰੀ ਫੁਰਮਾਨ ਸੁਣਾ ਦਿੱਤਾ। ਫਿਰ ਕੀ ਸੀ, ਥਾਣਾ ਸਿਟੀ 1 ਅਤੇ 2 ਦੀ ਪੁਲਿਸ ਦੇ ਅਧਿਕਾਰੀ ਖਬਰ ਨੂੰ ਵਾਰ ਵਾਰ ਪੜ੍ਹ ਕੇ ਪੀੜਤਾ ਦਾ ਸੁਰਾਗ ਲੱਭਣ ਚ, ਜੁੱਟ ਗਏ। ਆਖਿਰ ਪੁਲਿਸ ਕਰਮਚਾਰੀਆਂ ਨੂੰ ਬਰਨਾਲਾ ਟੂਡੇ ਦੀ ਟੀਮ ਤੋਂ ਹੀ ਪੀੜਤਾ ਦਾ ਪਤਾ ਠਿਕਾਣਾ ਪੁੱਛਣ ਨੂੰ ਮਜਬੂਰ ਹੋਣਾ ਪਿਆ। ਪੁਲਿਸ ਦੇ ਕੰਮ ਢੰਗ ਦੀ ਕੁਝ ਸਮੇਂ ਤੋਂ ਸਥਾਪਿਤ ਵਿਵਸਥਾ ਦਾ ਹਾਲ ਇਹ ਦੇਖੋ, ਕਿ ਪੁਲਿਸ ਨੇ ਅਬਲਾ ਔਰਤ ਨਾਲ ਹੋਏ ਬਲਾਤਕਾਰ ਦੀ ਵੀਡੀਉ ਨੂੰ ਵਾਇਰਲ ਹੋਣ ਤੋਂ ਰੋਕਣ ਲਈ ਦੋਸ਼ੀਆਂ ਨੂੰ ਹਿਰਾਸਤ ਚ, ਲੈ ਕੇ ਪੁੱਛਗਿੱਛ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ। ਜਿਸ ਕਾਰਣ ਘਟਨਾ ਦਾ ਮੁੱਖ ਦੋਸ਼ੀ ਸ਼ਰਾਬ ਤਸਕਰ , ਨਿੱਜੀ ਬੈਂਕ ਦੀ ਪੀੜਤ ਮੁਲਾਜਮ ਨੂੰ ਬੈਂਕ ਚ, ਪਹੁੰਚ ਕੇ ਫਿਰ ਜਲੀਲ ਕਰਨ ਦੀਆਂ ਧਮਕੀਆਂ ਦੇਣ ਲੱਗ ਪਿਆ। ਪੀੜਤ ਨੂੰ ਮੁੱਖ ਦੋਸ਼ੀ ਵੱਲੋਂ ਕੱਲ੍ਹ ਦੋ ਵੱਖ ਵੱਖ ਸਮੇਂ ਤੇ ਦਿੱਤੀਆਂ ਧਮਕੀਆਂ ਦੀ ਆਡੀਉ ਰਿਕਾਰਡਿੰਗ ਵੀ ਬਰਨਾਲਾ ਟੂਡੇ ਕੋਲ ਮੌਜੂਦ ਹੈ।
-ਪੁਲਿਸ ਮੁਲਾਜਮਾਂ ਦੀ ਦੋਸ਼ੀਆਂ ਨਾਲ ਮਿਲੀਭੁਗਤ !
ਕੁਝ ਪੁਲਿਸ ਮੁਲਾਜਮਾਂ ਦੀ ਸ਼ਰਾਬ ਤਸਕਰਾਂ ਤੇ ਕਥਿਤ ਬਲਾਤਕਾਰੀ ਟੋਲੇ ਨਾਲ ਮਿਲੀਭੁਗਤ , ਉਦੋਂ ਜੱਗ ਜਾਹਿਰ ਹੋ ਗਈ। ਜਦੋਂ ਪੀੜਤ ਵੱਲੋਂ 21 ਅਗਸਤ ਨੂੰ ਐਸ.ਐਸ.ਪੀ. ਦਫਤਰ ਦੇ ਅਮਲੇ ਕੋਲ ਖੁਦ ਪੇਸ਼ ਹੋ ਕੇ ਦਿੱਤੀ ਦੁਰਖਾਸਤ ਵੀ ਪੁਲਿਸ ਰਿਕਾਰਡ ਦੀਆਂ ਫਾਈਲਾਂ ਚ, ਦੱਬ ਕੇ ਰਹਿ ਗਈ। ਹਰ ਮੁਲਾਜਮ ਦੂਸਰੇ ਕੋਲ ਦੁਰਖਾਸਤ ਭੇਜਣ ਦੀਆਂ ਗੱਲਾਂ ਕਰਕੇ ਖੁਦ ਨੂੰ ਬਚਾਉਣ ਦੇ ਬਹਾਨੇ ਘੜਨ ਤੇ ਲੱਗਿਆ ਰਿਹਾ । ਆਖਿਰ ਪੁਲਿਸ ਅਧਿਕਾਰੀਆਂ ਨੇ ਪੀੜਤਾ ਨੂੰ ਬੁਲਾ ਕੇ ਉਸ ਤੋਂ ਨਵੀਂ ਦੁਰਖਾਸਤ ਲੈ ਲਈ ਅਤੇ ਬਿਆਨ ਵੀ ਕਲਮਬੰਦ ਕਰ ਲਏ।
ਐਸ.ਆਈ. ਰਾਜਪਾਲ ਕੌਰ ਨੇ ਦਿੱਤਾ ਜਲਦ ਕਾਰਵਾਈ ਦਾ ਭਰੋਸਾ
ਪੀੜਤਾ ਨੇ ਬਰਨਾਲਾ ਟੂਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵੱਡੇ ਸਾਹਿਬ ਦੇ ਹੁਕਮਾਂ ਤੇ ਜਾਂਚ ਕਰ ਰਹੀ ਐਸ.ਆਈ . ਰਾਜਪਾਲ ਕੌਰ ਨੇ ਉਸ ਦੀ ਵਧੀਆ ਢੰਗ ਨਾਲ ਹਮਦਰਦੀ ਪੂਰਵਕ ਗੱਲ ਸੁਣੀ ਅਤੇ ਭਰੋਸਾ ਵੀ ਦਿੱਤਾ ਕਿ ਸਾਬ੍ਹ ਦਾ ਹੁਕਮ ਹੈ, ਘਬਰਾਉਣ ਦੀ ਕੋਈ ਲੋੜ ਨਹੀਂ, ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਚ, ਲਿਆਂਦੀ ਜਾਵੇਗੀ। ਪੀੜਤਾ ਨੇ ਕਿਹਾ ਕਿ ਦੋਸ਼ੀ , ਉਸ ਨੂੰ ਫੋਨ ਕਰਕੇ ਕਹਿ ਰਿਹਾ ਹੈ ਕਿ ਤੂੰ ਜਿਨ੍ਹਾਂ ਕੋਲ ਕਾਰਵਾਈ ਕਰਵਾਉਣ ਲਈ ਤੁਰੀ ਫਿਰਦੀ ਹੈ, ਇਹ ਵੀ ਸਾਡੇ ਹੀ ਹਨ। ਪੀੜਤਾ ਨੇ ਕਿਹਾ ਕਿ ਦੋਸ਼ੀ ਦੀ ਪੁਲਿਸ ਮੁਲਾਜਮ ਭੈਣ ਨੇ ਵੀ ਉਸ ਦੀ ਮੱਦਦ ਕਰਨ ਵਾਲੇ ਇੱਕ ਵਿਅਕਤੀ ਨੂੰ ਵੀ ਫੋਨ ਕਰਕੇ ਧਮਕੀਆਂ ਦਿੱਤੀਆਂ ਹਨ ਕਿ ਤੁਸੀਂ ਤਾਂ ਕੀ ਕਾਰਵਾਈ ਕਰਵਾਉਂਗੇ। ਅਸੀਂ ਉਲਟਾ ਦੁਰਖਾਸਤ ਦੇਣ ਅਤੇ ਉਸ ਦੇ ਮੱਦਦਗਾਰਾਂ ਤੇ ਕੇਸ ਦਰਜ ਕਰਾਂਵਾਂਗੇ। ਪੁਲਿਸ ਸਾਡੀ ਹੈ, ਪੁਲਿਸ ਮੁਲਾਜਮ ,ਆਪਣੇ ਮੁਲਾਜਮਾਂ ਦੀ ਹੀ ਮੱਦਦ ਕਰਦੇ ਹੁੰਦੇ ਹਨ ।