ਜਾਲੀ ਫਰਜ਼ੀ ਦਸਤਾਵੇਜ ਤਿਆਰ ਕਰਕੇ ਠੇਕੇ ਦੀ ਜਮੀਨ ਤੇ ਲੋਨ ਦੇਣ ਦਾ ਮਾਮਲਾ
ਹਰਿੰਦਰ ਨਿੱਕਾ ਬਰਨਾਲਾ 13 ਅਗਸਤ 2020
ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਨੇਤਾ ਜਸਵੀਰ ਸਿੰਘ ਧੰਮੀ ਦੀ ਸ਼ਿਕਾਇਤ ਤੇ ਪੁਲਿਸ ਨੇ ਕੋਆਪਰਟਿਵ ਸੋਸਾਇਟੀ ਭਦੌੜ ਦੇ ਸੈਕਟਰੀ ਸਾਧੂ ਸਿੰਘ ਸਣੇ 4 ਜਣਿਆਂ ਖਿਲਾਫ ਜਾਲੀ ਫਰਜੀ ਦਸਤਾਵੇਜਾਂ ਦੇ ਅਧਾਰ ਤੇ ਠੱਗੀ ਕਰਨ ਦਾ ਕੇਸ ਦਰਜ਼ ਕੀਤਾ ਹੈ। ਜਸਵੀਰ ਸਿੰਘ ਧੰਮੀ ਨੇ ਪੁਲਿਸ ਨੂੰ ਦਿੱਤੀ ਸ਼ਕਾਇਤ ਚ, ਦੋਸ਼ ਲਾਇਆ ਸੀ ਕਿ ਗੁਰਪ੍ਰੀਤ ਸਿੰਘ ਪੁੱਤਰ ਬਾਬੂ ਸਿੰਘ ਨਿਵਾਸੀ ਭਦੌੜ ਨੇ ਕੋਆਪਰਟਿਵ ਸੋਸਾਇਟੀ ਦੇ ਸੈਕਟਰੀ ਸਾਧੂ ਸਿੰਘ ਅਤੇ ਹੋਰਨਾਂ ਨਾਲ ਮਿਲ ਕੇ ਗੁਰਦੀਪ ਸਿੰਘ ਦੀ ਠੇਕੇ ਤੇ ਲਈ ਜਮੀਨ ਤੇ ਸਹਿਕਾਰੀ ਸਭਾ ਕੋਲ ਬਿਨਾਂ ਮਾਰਟਗੇਜ਼ ਕਰਵਾਏ 89340 ਰੁਪਏ ਕਰਜ਼ਾ ਹਾਸਿਲ ਕਰ ਲਿਆ। ਬੈਂਕ ਦੀਆਂ ਸ਼ਰਤਾਂ ਦੀ ਪੂਰਤੀ ਕਰਦਿਆਂ ਗੁਰਪ੍ਰੀਤ ਸਿੰਘ ਵੱਲੋਂ ਇੱਕ ਸ਼ੌਰਟੀ ਬੌਂਡ ਗੁਰਦੀਪ ਸਿੰਘ ਦਾ ਪੇਸ਼ ਕੀਤਾ। ਜਿਸ ਉੱਪਰ ਸਿੰਦਰਪਾਲ ਸਿੰਘ ਅਤੇ ਗੁਰਜੰਟ ਸਿੰਘ ਦੀ ਗਵਾਹੀ ਪਾਈ ਹੋਈ ਸੀ। ਇਸ ਸ਼ੌਰਟੀ ਬੌਂਡ ਤੇ ਗੁਰਦੀਪ ਸਿੰਘ ਦੇ ਜਾਲੀ ਫਰਜੀ ਦਸਤਖਤ ਕੀਤੇ ਹੋਏ ਸਨ।
ਸ਼ਕਾਇਤ ਦੀ ਪੜਤਾਲ ਡੀਐਸਪੀ ਕਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਬਰਨਾਲਾ ਨੂੰ ਸੌਂਪੀ ਗਈ। ਪੜਤਾਲ ਰਿਪੋਰਟ ਚ, ਸਾਹਮਣੇ ਆਇਆ ਕਿ ਗ੍ਰਰਪ੍ਰੀਤ ਸਿੰਘ ਨੇ ਗੁਰਦੀਪ ਸਿੰਘ ਦਾ ਜਾਲੀ ਫਰਜੀ ਦਸਤਖਤਾਂ ਵਾਲਾ ਬਿਆਨ ਹਲਫੀਆ ਲਾ ਕੇ ਲੋਨ ਲੈਣ ਲਈ ਦੁਰਖਾਸਤ ਦਿੱਤੀ ਸੀ ਅਤੇ ਸੈਕਟਰੀ ਸਾਧੂ ਸਿੰਘ ਵੱਲੋਂ ਨਿਯਮਾਂ ਅਤੇ ਹਦਾਇਤਾਂ ਦੀ ਉਲੰਘਣਾ ਕਰਕੇ ਕੋਆਪਰਟਿਵ ਸੋਸਾਇਟੀ ਨੂੰ ਧੋਖੇ ਵਿੱਚ ਰੱਖ ਕੇ ਕਰਜਾ ਦਿੱਤਾ ਗਿਆ। ਲੋਨ ਲੈਣ ਲਈ ਇਹ ਠੱਗੀ ਗੁਰਪ੍ਰੀਤ ਸਿੰਘ, ਸੈਕਟਰੀ ਸਾਧੂ ਸਿੰਘ, ਸ਼ਿੰਦਰਪਾਲ ਸਿੰਘ ਅਤੇ ਗੁਰਜੰਟ ਸਿੰਘ ਸਾਰੇ ਨਿਵਾਸੀ ਭਦੌੜ ਨੇ ਮਿਲ ਕੇ ਕੀਤੀ ਹੈ। ਪੜਤਾਲ ਉਪਰੰਤ ਉਕਤ ਚਾਰ ਨਾਮਜ਼ਦ ਦੋਸ਼ੀਆਂ ਖਿਲਾਫ ਅਧੀਨ ਜੁਰਮ 420/467/468/471 IPC ਤਹਿਤ ਥਾਣਾ ਭਦੌੜ ਵਿਖੇ ਕੇਸ ਦਰਜ਼ ਕੀਤਾ ਗਿਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਅਮ੍ਰਿਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਤਲਾਸ਼ ਜਾਰੀ ਹੈ। ਜਲਦ ਹੀ ਉਨਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।