ਮੁੱਖ ਮੰਤਰੀ ਵਜ਼ੀਫਾ ਸਕੀਮ ਤਹਿਤ 70 ਤੋਂ 100 ਫ਼ੀਸਦੀ ਟਿਊਸ਼ਨ ਫੀਸ ਵਿੱਚ ਦਿੱਤੀ ਜਾਂਦੀ ਹੈ ਛੋਟ
ਕੋਰੋਨਾ ਦੇ ਦੌਰ ’ਚ ਵਿਦਿਆਰਥੀ ਘਰ ਬੈਠੇ ਹੀ ਫੋਨ ਨੰਬਰ ਉੱਤੇ ਸੰਪਰਕ ਕਰਕੇ ਲਈ ਸਕਦੇ ਹਨ ਜਾਣਕਾਰੀ
ਹਰਿੰਦਰ ਨਿੱਕਾ ਬਰਨਾਲਾ, 4 ਅਗਸਤ 2020
ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ, ਬਡਬਰ ਜ਼ਿਲ੍ਹਾ ਬਰਨਾਲਾ ਵਿਖੇ ਚੱਲ ਰਹੇ ਵੱਖ-ਵੱਖ 3 ਸਾਲਾ ਇੰਜੀਨੀਅਰ ਡਿਪਲੋਮਾ ਕੋਰਸ – ਸਿਵਲ ਇੰਜੀਨੀਅਰ ਅਤੇ ਮਕੈਨੀਕਲ ਇੰਜੀਨੀਅਰ ਵਿੱਚ ਦਾਖਲਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਕੋਈ ਵੀ ਵਿਦਿਆਰਥੀ ਜਿਸਨੇ ਅੰਗੇਰਜ਼ੀ, ਗਣਿਤ ਅਤੇ ਵਿਗਿਆਨ ਵਿਸ਼ਿਆਂ ਚ ਦਸਵੀ ਪਾਸ ਕੀਤੀ ਹੋਵੇ, ਉਹ ਇਨ੍ਹਾਂ ਡਿਪਲੋਮਾ ਕੋਰਸਾਂ ਵਿੱਚ ਦਾਖਲਾ ਲੈ ਸਕਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਡਿਪਲੋਮਾ ਕੋਰਸਾਂ ਵਿੱਚ ਆਈ.ਟੀ.ਆਈ ਅਤੇ ਬਾਰਵੀਂ ਵੋਕੇਸ਼ਨਲ ਅਤੇ ਸਾਇੰਸ ਵਿਸ਼ਿਆਂ ਨਾਲ ਪਾਸ ਵਿਦਿਆਰਥੀਆਂ ਨੂੰ ਦੂਸਰੇ ਸਾਲ ਵਿੱਚ ਲੇਟਰਲ ਐਂਟਰੀ ਰਾਹੀ ਦਾਖਲਾ ਦਿੱਤਾ ਜਾਵੇਗਾ। ਇਨ੍ਹਾਂ ਕੋਰਸਾਂ ਵਿੱਚ ਵਿਦਿਆਰਥੀਆਂ ਨੂੰ ਦਾਖਲਾ ਉਨ੍ਹਾਂ ਦੀ ਯੋਗਤਾ ਪ੍ਰੀਖਿਆ ਦੇ ਪ੍ਰਾਪਤ ਅੰਕਾਂ ਦੇ ਆਧਾਰ ’ਤੇ ਕੀਤਾ ਜਾਵੇਗਾ। ਵਿਦਿਆਰਥੀਆਂ ਦੀਆਂ ਕਲਾਸਾਂ ਦਾ ਪ੍ਰਬੰਧ ਕਰੋਨਾ ਦੇ ਸੰਕਰਮਣ ਨੂੰ ਰੋਕਣ ਲਈ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਵਰਤੀਆਂ ਜਾਣ ਵਾਲੀਆ ਸਾਵਧਾਨੀਆਂ ਜਿਵੇਂ ਕਿ ਮਾਸਕ ਪਹਿਨਣਾ, ਵਾਰ ਵਾਰ ਹੱਥਾਂ ਨੂੰ ਧੋਣਾ, ਹੈਂਡ ਸੈਨੇਟਾਈਜ਼ਰ ਦੀ ਵਰਤੋਂ ਕਰਨਾ ਅਤੇ ਸਮਾਜਿਕ ਦੂਰੀ ਨੂੰ ਅਪਣਾ ਕੇ ਕੀਤਾ ਜਾਵੇਗਾ। ਜਿੱਥੇ ਤੱਕ ਹੋ ਸਕੇ ਵਿਦਿਆਰਥੀਆਂ ਦੀ ਪੜ੍ਹਾਈ ਇੰਟਰਨੈਟ ਜਰੀਏ ਕਲਾਸਾਂ ਲਗਾ ਕੇ ਕਰਵਾਈ ਜਾਵੇਗੀ।
ਇਸ ਤੋਂ ਇਲਾਵਾ ਕਾਲਜ ਵਿੱਚ ਪੋਸਟ ਮੈਟ੍ਰਿਕ ਐਸ.ਸੀ ਸਕਾਲਰਸ਼ਿਪ ਸਕੀਮ ਤਹਿਤ ਅਨੁਸੂਚਿਤ ਜਾਤੀ ਦੇ ਵਿਦਿਆਰਥੀ ਜਿਨ੍ਹਾਂ ਦੇ ਮਾਪਿਆਂ ਦੀ ਕੁਲ ਸਲਾਨਾ ਆਮਦਨ 2.50 ਲੱਖ ਰੁਪਏ ਤੋਂ ਘੱਟ ਹੈ ਦੀ ਪੂਰੀ ਫੀਸ ਮੁਆਫ ਕੀਤੀ ਜਾਂਦੀ ਹੈ। ਪੋਸਟ ਮੈਟ੍ਰਿਕ ਓ.ਬੀ.ਸੀ ਸਕਾਲਰਸ਼ਿਪ ਸਕੀਮ ਤਹਿਤ ਉਨ੍ਹਾਂ ਬੱਚਿਆ ਨੂੰ ਲਾਭ ਦਿੱਤਾ ਜਾਂਦਾ ਹੈ ਜਿੰਨ੍ਹਾਂ ਬੱਚਿਆਂ ਦੇ ਮਾਪਿਆਂ ਦੀ ਕੁੱਲ ਸਲਾਨਾ ਆਮਦਨ 1 ਲੱਖ ਰੁਪਏ ਤੋਂ ਘੱਟ ਹੈ।
ਕਾਲਜ ਵਿੱਚ 5 ਫੀਸਦੀ ਸੀਟਾਂ ਵਿਦਿਆਰਥੀਆਂ ਨੂੰ ਫੀਸ ਵੇਵਰ ਸਕੀਮ ਦਾ ਲਾਭ ਪਹੁੰਚਾਉਣ ਲਈ ਰਾਖਵੀਆਂ ਰੱਖਿਆਂ ਜਾਂਦੀਆਂ ਹਨ ਜਿਸ ਅਧੀਨ ਉਨ੍ਹਾਂ ਬੱਚਿਆਂ ਦੀ ਪੂਰੀ ਟਿਊਸ਼ਨ ਫੀਸ ਮੁਆਫ ਕੀਤੀ ਜਾਂਦੀ ਹੈ ਜਿੰਨ੍ਹਾਂ ਦੇ ਮਾਪਿਆਂ ਦੀ ਸਲਾਨਾ ਆਮਦਨ 8 ਲੱਖ ਰੁਪਏ ਤੋਂ ਘੱਟ ਹੈ। ਕਾਲਜ ਵਿੱਚ ਘੱਟ ਗਿਣਤੀ ਸਕਾਲਰਸ਼ਿਪ ਸਕੀਮ ਤਹਿਤ ਵੀ ਵਿਦਿਆਰਥੀਆਂ ਨੂੰ ਵਜ਼ੀਫਿਆਂ ਦਾ ਲਾਭ ਪਹੁੰਚਾਇਆ ਜਾਂਦਾ ਹੈ। ਇਹ ਵਜ਼ੀਫਾ ਉਨ੍ਹਾਂ ਸਿੱਖ, ਈਸਾਈ, ਮੁਸਲਮਾਨ ਆਦਿ ਘੱਟ ਗਿਣਤੀ ਫਿਰਕਿਆਂ ਨਾਲ ਸਬੰਧ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਦੇ ਮਾਪਿਆਂ ਦੀ ਸਲਾਨਾ ਆਮਦਨ 2 ਲੱਖ ਰੁਪਏ ਤੋ ਘੱਟ ਹੈ। ਫਰੀਸ਼ਿਪ ਡਿਪਲੋਮਾ ਕੋਰਸ ਦੌਰਾਨ ਹਰੇਕ ਕਲਾਸ/ਟਰੇਡ ਵਿੱਚੋਂ ਪ੍ਰਾਪਤ ਪੁਜ਼ੀਸ਼ਨ ਪ੍ਰਾਪਤ ਕਰਨ ਵਾਲੇ ਪਹਿਲੇ 5 ਫੀਸਦੀ ਵਿਦਿਆਰਥੀਆਂ ਦੀ ਪੂਰੀ ਟਿਊਸ਼ਨ ਫੀਸ ਅਤੇ ਅਗਲੇ 5 ਫੀਸਦੀ ਵਿਦਿਆਰਥੀਆਂ ਦੀ ਅੱਧੀ ਟਿਊਸ਼ਨ ਫੀਸ ਮੁਆਫ਼ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ ਰਜਿਸਟਰਡ ਉਸਾਰੀ ਕਿਰਤੀਆਂ ਦੇ ਬੱਚਿਆਂ ਅਤੇ ਅੱਗਹੀਣਾਂ ਲਈ ਵੀ ਵਜ਼ੀਫੇ ਦਿੱਤੇ ਜਾਂਦੇ ਹਨ। ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਬੁੱਕ ਬੈਂਕ ਸਕੀਮ ਅਧੀਨ ਪੜ੍ਹਨ ਲਈ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ। ਕਾਲਜ ਦੁਆਰਾ ਕਿਸੇ ਕਿਸਮ ਦੀ ਕੋਈ ਵਾਧੂ ਜਾਂ ਗੁਪਤ ਫੀਸ ਜਾਂ ਫੰਡ ਆਦਿ ਨਹੀ ਵਸੂਲਿਆ ਜਾਂਦਾ।
ਕਰੋਨਾ ਦੇ ਸੰਕਰਮਣ ਨੂੰ ਠੱਲ੍ਹ ਪਾਉਣ ਪੰਜਾਬ ਸਰਕਾਰ ਵੱਲੋਂ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਣ ਦੇ ਮਕਸਦ ਲਈ ਕਾਲਜ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਕਾਲਜ ਦੇ ਸੰਪਰਕ ਨੰਬਰਾਂ ਜਿਵੇ ਕਿ 94634-94067, 95010-10467, 98886-06136, 98887-77238 ’ਤੇ ਸੰਪਰਕ ਕਰਕੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ ਤਾਂ ਜੋ ਵੱਧ ਤੋਂ ਵੱਧ ਜਾਣਕਾਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰ ਬੈਠੇ ਹੀ ਇਨ੍ਹਾਂ ਨੰਬਰਾਂ ਰਾਹੀਂ ਮੁਹੱਈਆ ਕਰਵਾਈ ਜਾ ਸਕੇ।