10 ਅਗਸਤ ਨੂੰ ਤਿੰਨੇ ਖੇਤੀ ਅਰਡੀਨੈਂਸਾਂ ਨੂੰ ਰੱਦ ਕਰਾਉਣ ਲਈ ਪੰਜਾਬ ਦੇ ਸਾਰੇ ਵਿਧਾਇਕਾਂ/ ਮੰਤਰੀਆਂ/ ਐਮਪੀ ਨੂੰ ਚਿਤਾਵਨੀ ਪੱਤਰ ਦਿੱਤੇ ਜਾਣਗੇ- ਬੁਰਜਗਿੱਲ
ਰਵੀ ਸੈਣ ਬਰਨਾਲਾ 2 ਅਗਸਤ 2020
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨਗੀ ਹੇਠ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਇਸ ਮੀਟੰਗ ਸਮੁੱਚੇ ਪੰਜਾਬ ਦੇ ਸੂਬਾਈ ਅਹੁਦੇਦਾਰਾਂ ਸਮੇਤ ਜਿਲ੍ਹਾ ਪ੍ਰਧਾਨ/ਸਕੱਤਰਾਂ ਨੇ ਭਾਗ ਲਿਆ। ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਪੰਜਾਬ ਚੈਪਟਰ ਵੱਲੋਂ ਕੇਂਦਰੀ ਹਕੂਮਤ ਵੱਲੋਂ ਖੇਤੀ ਪ੍ਰਧਾਨ ਮੁਲਕ ਦੇ ਖੇਤੀ ਕਿੱਤੇ ਤਬਾਹ ਕਰਨ ਲਈ ਲਿਆਦੇ ਤਿੰਨੇ ਆਰਡੀਨੈਂਸਾਂ ਖਿਲਾਫ 27 ਜੁਲਾਈ ਨੂੰ ਅਕਾਲੀ-ਭਾਜਪਾ ਗੱਠਜੋੜ ਦੇ ਵਿਧਾਇਕਾਂ/ਐਮਪੀ/ਮੰਤਰੀਆਂ ਦੇ ਘਰਾਂ ਵੱਲ ਕੀਤੇ ਗਏ ਇਤਿਹਾਸਕ ਟਰੈਕਟਰ ਮਾਰਚ ਦੀ ਸਮੀਖਿਆ ਕੀਤੀ ਗਈ।
ਇਸ ਇਤਿਹਾਸਕ ਟਰੈਕਟਰ ਮਾਰਚ ਵਿੱਚ 2300 ਤੋਂ ਵੀ ਵੱਧ ਇਕੱਲੇ ਬੀਕੇਯੂ ਏਕਤਾ ਡਕੌਂਦਾ ਵੱਲੋਂ ਟਰੈਕਟਰਾਂ ਰਾਹੀਂ ਕੀਤੀ ਗਈ ਸ਼ਮੂਲੀਅਤ ਉੱਪਰ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮਾਰਚ ਨਾਲ ਕੇਂਦਰੀ ਸਰਕਾਰ ਦੇ ਕਿਸਾਨ ਵਿਰੋਧੀ ਫੈਸਲੇ ਖਿਲਾਫ ਤਿੱਖੇ ਗੁੱਸੇ ਦਾ ਪ੍ਰਗਟਾਵਾ ਵੇਖਣ ਨੂੰ ਮਿਲਿਆ। ਹੁਣ ਸੰਘਰਸ਼ ਦੀ ਅਗਲੀ ਕੜੀ ਵਜੋਂ 10 ਅਗਸਤ ਨੂੰ ਸਮੁੱਚੇ ਪੰਜਾਬ ਦੇ ਕਿਸਾਨ ਨੌਜਵਾਨ ਕਿਸਾਨਾਂ ਦੀ ਸ਼ਮੂਲੀਅਤ ਨਾਲ ਸਾਰੀਆਂ ਹੀ ਪਾਰਟੀਆਂ ਵਿਧਾਇਕਾਂ/ਮੰਤਰੀਆਂ/ਐਮਪੀ ਨੂੰ ਦਿੱਤੇ ਜਾਣਣ ਵਾਲੇ ਚਿਤਾਵਨੀ ਪੱਤਰਾਂ ਬਾਰੇ ਚਰਚਾ ਕਰਨ ਤੋਂ ਬਾਅਦ ਫੈਸਲਾ ਹੋਇਆ ਕਿ 10 ਅਗਸਤ ਵਾਲਾ ਹਜਾਰਾਂ ਨੌਜਵਾਨ ਕਿਸਾਨਾਂ ਦਾ ਮੋਟਰਸਾਈਕਲ ਮਾਰਚ 27 ਜੁਲਾਈ ਦੇ ਟਰੈਕਟਰ ਮਾਰਚ ਨਾਲੋਂ ਵੀ ਕਿਤੇ ਵਿਸ਼ਾਲ ਹੋਵੇਗਾ। ਲੁਧਿਆਣਾ ਅਤੇ ਮਾਨਸਾ ਜਿਲ੍ਹੇ ਅੰਦਰ ਬਾਰਸ਼ਾਂ ਕਾਰਨ ਫਸਲਾਂ ਦੇ ਹੋਏ ਨੁਕਸਾਨ ਸਬੰਧੀ ਵਿਚਾਰ ਕੀਤਾ ਗਿਆ ਕਿ ਸਰਕਾਰ ਵੱਲੋਂ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਕੀਤੇ ਵਗੈਰ ਹੀ ਸੜਕਾਂ ਉੱਚੀਆਂ ਚੁੱਕ ਦਿੱਤੀਆਂ ਹਨ।
ਜਿਸ ਨਾਲ ਥੋੜਾ ਮੀਂਹ ਵੀ ਫਸਲਾਂ ਦੀ ਬਰਬਾਦੀ ਦਾ ਕਾਰਨ ਬਣ ਜਾਂਦਾ ਹੈ । ਮੰਗ ਕੀਤੀ ਕਿ ਫਸਲਾਂ ਦੇ ਹੋਏ ਨੁਕਸਾਨ ਦਾ ਜਲਦ ਗਿਰਦਾਵਰੀ ਕਰਵਾਕੇ ਮੁਆਵਜਾ ਦਿੱਤਾ ਜਾਵੇ। ਮਹਿਲਕਲਾਂ ਲੋਕ ਘੋਲ ਦੇ 23 ਵਰ੍ਹੇ ਪੂਰੇ ਹੋਣਤੇ ਕਰੋਨਾ ਸੰਕਟ ਦੇ ਚਲਦਿਆਂ ਇਸ ਵਾਰ ਮੰਡੀ ਮਹਿਲਕਲਾਂ ਵਿਖੇ ਔਰਤ ਮੁਕਤੀ ਦਾ ਚਿੰਨ੍ਹ ਬਣੀ ਸ਼ਹੀਦ ਕਿਰਨਜੀਤ ਕੌਰ ਦੀ ਬਰਸੀ 12 ਅਗਸਤ ਨੂੰ ਘਰ-ਘਰ,ਗਲੀ-ਗਲੀ,ਮੁਹੱਲੇ-ਮੁਹੱਲੇ, ਪਿੰਡ-ਪਿੰਡ ਮਨਾਉਣ ਦੀ ਕੜੀ ਵਜੋਂ ਦਿੱਤੇ ਸੱਦੇ ਨਾਲ ਤਾਲਮੇਲ ਕਰਕੇ ਉਸ ਦਿਨ ਥਾਂ ਪੁਰ ਥਾਂ ਹੀ ਮਨਾਇਆ ਜਾਵੇਗਾ। ਨਾਲ ਦੀ ਨਾਲ ਹੀ ਇਸ ਲੋਕ ਘੋਲ ਦੇ ਸਬਕਾਂ ਨੂੰ ਗ੍ਰਹਿਣ ਕਰਨ ਅਤੇ ਲੋਕ ਮਨਾਂ ਦਾ ਹਿੱਸਾ ਬਨਾਉਣ ਲਈ 12 ਅਗਸਤ ਤੋਂ 20 ਅਗਸਤ ਤੱਕ ਹਫਤਾ ਭਰ ਸਮੁੱਚੇ ਪੰਜਾਬ ਅੰਦਰ ਵੱਡੀਆਂ ਚੇਤਨਾ ਰੈਲੀਆਂ/ਕਾਨਫਰੰਸਾਂ ਕੀਤੀਆ ਜਾਣਗੀਆਂ।
ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਸਨਅਤੀਕਰਨ ਦੇ ਨਾਂ ਹੇਠ ਪਿੰਡਾਂ ਦੀਆਂ ਸਾਂਝੀਆਂ ਜਮੀਨਾਂ ਜਬਰੀ ਅਕਵਾਇਰ ਕਰਨ ਦੀ ਸਖਤ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਇਹ ਜਬਰੀ ਉਜਾੜੇ ਦੀ ਨੀਤੀ ਰੱਦ ਖੀਤੀ ਜਾਵੇ। ਮੀਟਿੰਗ ਨੇ ਬੁੱਧੀਜੀਵੀਆਂ, ਘੱਟ ਗਿਣਤੀਆਂ, ਲੇਖਕਾਂ, ਜਮਹੂਰੀ ਕਾਰਕੁਨਾਂ, ਵਕੀਲ਼ਾਂ , ਪੱਤਰਕਾਰਾਂ ਨੂੰ ਸਾਲਾਂ ਬੱਧੀ ਸਮੇਂ ਤੋਂ ਜੇਲ੍ਹਾਂ ਅੰਦਰ ਗੈਰ ਕਨੂੰਨੀ ਗਤੀਵਧੀਆਂ ਰੋਕੂ ਕਾਨੂੰਨ ਤਹਿਤ ਡੱਕਣ ਦੀ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਨ੍ਹਾਂ ਬੱਧੀਜੀਵੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ । ਇਸ ਮੀਟਿੰਗ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ, ਮੀਤ ਪ੍ਰਧਾਨਾਂ ਗੁਰਦੀਪ ਰਾਮਪੁਰਾ, ਗੁਰਮੀਤ ਭੱਟੀਵਾਲ ਤੋਂ ਇਲਾਵਾ ਰਾਮ ਸਿੰਘ ਮਟੋਰੜਾ, ਕੁਲਵੰਤ ਸਿੰਘ ਕਿਸ਼ਨਗੜ੍ਹ, ਦਰਸ਼ਨ ਸਿੰਘ ਉੱਗੋਕੇ , ਗੁਰਦੇਵ ਸਿੰਘ ਮਾਂਗੇਵਾਲ, ਬਲਦੇਵ ਸਿੰਘ ਭਾਈਰੂਪਾ, ਸੁਖਵਿੰਦਰ ਸਿੰਘ ਫੂਲੇਵਾਲਾ, ਮਹਿੰਦਰ ਸਿੰਘ ਦਿਆਲਪੁਰਾ, ਮਹਿੰਦਰ ਸਿੰਘ ਭੈਣੀਬਾਘਾ, ਧਰਮਪਾਲ ਸਿੰਘ ਰੋੜੀਕਪੂਰਾ, ਨਛੱਤਰ ਸਿੰਘ ਝਨੇੜੀ, ਜਗਮੇਲ ਸਿੰਘ, ਹਰਦੀਪ ਸਿੰਘ ਗਾਲਿਬਕਲਾਂ, ਮਹਿੰਦਰ ਸਿੰਘ ਕਮਾਲਪੁਰਾ, ਜਰਨੈਲ ਸਿੰਘ ਭਵਾਨੀਗੜ੍ਹ, ਗੁਲਜਾਰ ਸਿੰਘ ਕੱਬਰਵੱਛਾ ਆਦਿ ਕਿਸਾਨ ਆਗੂਆਂ ਨੇ ਭਾਗ ਲਿਆ ਅਤੇ ਕੀਮਤੀ ਵਿਚਾਰ ਰੱਖੇ।