ਬੰਬ ਪਲਾਂਟ’ ਦਾ ਪਰਦਾਫਾਸ਼: ਪੁਲਿਸ ਦੇ ਅੜਿੱਕੇ ਆਏ ਦੋਸ਼ੀਆਂ ਤੋਂ ਖੁੱਲ੍ਹਿਆ ਸ਼ੰਭੂ ਧਮਾਕੇ ਦਾ ਰਾਜ਼.!
ਹਰਿੰਦਰ ਨਿੱਕਾ, ਪਟਿਆਲਾ 29 ਅਪ੍ਰੈਲ 2026

ਪਟਿਆਲਾ ਦੇ ਕੋਤਵਾਲੀ ਥਾਣੇ ਦੀ ਪੁਲਿਸ ਪਾਰਟੀ ਦੀ ਮੁਸਤੈਦੀ ਨੇ ਸੂਬੇ ਨੂੰ ਦਹਿਲਾਉਣ ਦੀ ਇੱਕ ਖੌਫਨਾਕ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੁਲਿਸ ਨੇ ਚਾਰ ਅਜਿਹੇ ਖਤਰਨਾਕ ਵਿਅਕਤੀਆਂ ਨੂੰ ਦਬੋਚਿਆ ਹੈ, ਜਿਨ੍ਹਾਂ ਦੇ ਤਾਰ ਅੱਤਵਾਦੀ ਗਤੀਵਿਧੀਆਂ ਅਤੇ ਹਾਲ ਹੀ ਵਿੱਚ ਹੋਏ ਸ਼ੰਭੂ ਰੇਲਵੇ ਟਰੈਕ ਧਮਾਕੇ ਨਾਲ ਜੁੜੇ ਹੋਣ ਦਾ ਸਨਸਨੀਖੇਜ਼ ਖੁਲਾਸਾ ਵੀ ਹੋਇਆ ਹੈ।
ਖੁਫੀਆ ਜਾਣਕਾਰੀ ਤੇ ਫਿਲਮੀ ਅੰਦਾਜ਼ ‘ਚ ਮਾਰਿਆ ਛਾਪਾ
ਪੁਲਿਸ ਅਧਿਕਾਰੀਆਂ ਅਨੁਸਾਰ ਥਾਣਾ ਕੋਤਵਾਲੀ ਪਟਿਆਲਾ ਦੇ ਐਸਐਚਓ ਇੰਸਪੈਕਟਰ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਜਦੋਂ ਘਲੋੜੀ ਗੇਟ ਇਲਾਕੇ ਵਿੱਚ ਸ਼ੱਕੀ ਪੁਰਸ਼ਾਂ ਦੀ ਭਾਲ ਵਿੱਚ ਸੀ, ਤਾਂ ਇੱਕ ਉਨਾਂ ਨੂੰ ਮੁਖਬਰ ਖਾਸ ਤੋਂ ਅਜਿਹੀ ਸੂਚਨਾ ਮਿਲੀ, ਜਿਸ ਨੇ ਪੁਲਿਸ ਦੇ ਹੋਸ਼ ਉਡਾ ਦਿੱਤੇ। ਪਤਾ ਲੱਗਿਆ ਕਿ ‘ਮਿਸਲ ਸ਼ਹੀਦ ਸ਼ਾਮ ਸਿੰਘ ਅਟਾਰੀ ਚੱਲਦਾ ਵਹੀਰ ਚੱਕਰਵਰਤੀ ਤਰਨਾ ਦਲ ਅਟਰੀਏ’ ਨਾਲ ਸਬੰਧਤ ਕੁਝ ਸਰਗਰਮ ਮੈਂਬਰ ਸਨੌਰ ਰੋਡ ਨੇੜੇ ਬੰਨਾ ਵੱਡੀ ਨਦੀ ਦੇ ਕੂੜੇ ਵਾਲੇ ਡੰਪ ਕੋਲ ਕਿਸੇ ਵੱਡੀ ਵਾਰਦਾਤ ਦੀ ਫਿਰਾਕ ਵਿੱਚ ਹਨ। ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਨਾਮਜ਼ਦ ਦੋਸ਼ੀਆਂ ਨੂੰ ਮਾਰੂ ਹਥਿਆਰਾਂ ਸਣੇ ਗਿਰਫਤਾਰ ਕਰ ਲਿਆ।
ਦੋਸ਼ੀਆਂ ਦੀ ਪਛਾਣ: ਪੁਲਿਸ ਨੇ ਮੌਕੇ ‘ਤੇ ਘੇਰਾਬੰਦੀ ਕਰਕੇ ਦਬੋਚੇ ਦੋਸ਼ੀ
-
ਪ੍ਰਦੀਪ ਸਿੰਘ ਖਾਲਸਾ ਪੁੱਤਰ ਨਿਰਪਾਲ ਸਿੰਘ, ਵਾਸੀ ਵਾਰਡ ਨੰ. 01, ਡਾਕਟਰ ਨਿਸ਼ਾਨ ਸਿੰਘ ਵਾਲੀ ਗਲੀ, ਬੈਕਸਾਇਡ ਸਿੱਧੂ ਹਸਪਤਾਲ, ਮਾਨਸਾ।
-
ਕੁਲਵਿੰਦਰ ਸਿੰਘ ਪੁੱਤਰ ਸੀਰਾ ਸਿੰਘ, ਵਾਸੀ ਪਿੰਡ ਬੱਪੀਆਣਾ, ਜਿਲ੍ਹਾ ਮਾਨਸਾ।
-
ਗੁਰਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ, ਵਾਸੀ ਬਾਬਾ ਬਿਧੀ ਚੰਦ ਨਗਰ, ਮੁਰਾਦਪੁਰ ਖੁਰਦ, ਗੋਬਿੰਦਵਾਲ ਬਾਈਪਾਸ, ਥਾਣਾ ਸਿਟੀ ਤਰਨਤਾਰਨ।
-
ਸਤਨਾਮ ਸਿੰਘ ਪੁੱਤਰ ਲਖਵਿੰਦਰ ਸਿੰਘ, ਵਾਸੀ ਪਿੰਡ ਪੰਜਵੜ ਖੁਰਦ, ਜਿਲ੍ਹਾ ਤਰਨਤਾਰਨ।
ਮੌਤ ਦਾ ਸਾਮਾਨ ਬਰਾਮਦ: ਸ਼ੰਭੂ ਧਮਾਕੇ ਦੀ ਕਬੂਲੀ ਜ਼ਿੰਮੇਵਾਰੀ!
ਪੁਲਿਸ ਦੇ ਆਲ੍ਹਾ ਅਫਸਰਾਂ ਅਨੁਸਾਰ ਗਿਰਫਤਾਰ ਦੋਸ਼ੀਆਂ ਪਾਸੋਂ ਜੋ ਸਾਮਾਨ ਮਿਲਿਆ ਹੈ, ਉਹ ਕਿਸੇ ਯੁੱਧ ਦੀ ਤਿਆਰੀ ਤੋਂ ਘੱਟ ਨਹੀਂ ਸੀ। ਤਲਾਸ਼ੀ ਦੌਰਾਨ ਇੱਕ 32 ਬੋਰ ਪਿਸਟਲ, ਇੱਕ 30 ਬੋਰ ਪਿਸਟਲ, ਇੱਕ ਜ਼ਿੰਦਾ ਹੈਂਡ ਗ੍ਰਨੇਡ, ਬੰਬ ਬਣਾਉਣ ਦੀ ਸਮੱਗਰੀ, ਇੱਕ ਲੈਪਟਾਪ, ਇੱਕ ਟੈਬ, ਇੱਕ ਵਾਇਰਲੈੱਸ ਸੈੱਟ ਅਤੇ ਚਾਰ ਖੁਫੀਆ ਕੈਮਰੇ ਬਰਾਮਦ ਕੀਤੇ ਗਏ ਹਨ। ਇੰਨਾ ਹੀ ਨਹੀਂ, ਗਿਰਫਤਾਰ ਦੋਸ਼ੀਆਂ ਪਾਸੋਂ ਦੋ ਬਿਨਾਂ ਨੰਬਰੀ ਮੋਟਰਸਾਇਕਲ ਅਤੇ ਇੱਕ ਪਾਸਪੋਰਟ ਵੀ ਮਿਲਿਆ ਹੈ।
ਪੁਲਿਸ ਅਫਸਰਾਂ ਨੇ ਦਾਅਵਾ ਕੀਤਾ ਹੈ ਕਿ 27 ਅਪ੍ਰੈਲ ਨੂੰ ਸ਼ੰਭੂ ਰੇਲਵੇ ਟਰੈਕ ‘ਤੇ ਹੋਏ ਧਮਾਕੇ ਪਿੱਛੇ ਵੀ ਇਸੇ ਗਰੁੱਪ ਦਾ ਹੱਥ ਦੱਸਿਆ ਜਾ ਰਿਹਾ ਹੈ, ਜੋ ਇਲਾਕੇ ਵਿੱਚ ਆਪਣੀ ਦਹਿਸ਼ਤ ਪਾਉਣਾ ਚਾਹੁੰਦੇ ਸਨ।
ਕਾਨੂੰਨੀ ਸ਼ਿਕੰਜਾ
ਪੁਲਿਸ ਨੇ ਨਾਮਜ਼ਦ ਦੋਸ਼ੀਆਂ ਖਿਲਾਫ ਅਧੀਨ ਜ਼ੁਰਮ BNS ਦੀ ਧਾਰਾ 111, ਆਰਮਜ਼ ਐਕਟ, ਵਿਸਫੋਟਕ ਪਦਾਰਥ ਐਕਟ (Explosive Substances Act) ਅਤੇ ਸਭ ਤੋਂ ਸਖ਼ਤ UAPA (ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਉਮੀਦ ਹੈ ਕਿ ਗਿਰਫਤਾਰ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਕਈ ਹੋਰ ਦੇਸ਼-ਵਿਰੋਧੀ ਸਰਗਰਮੀਆਂ ਅਤੇ ਵੱਡੇ ਨਾਵਾਂ ਦਾ ਖੁਲਾਸਾ ਵੀ ਹੋ ਸਕਦਾ ਹੈ।







