ਜ਼ਿਲ੍ਹਾ ਜੇਲ੍ਹ ਦਾ ਵੀ ਕੀਤਾ ਦੌਰਾ, ਬੰਦੀਆਂ ਨਾਲ ਕੀਤੀ ਗੱਲਬਾਤ *ਵੋਕੇਸ਼ਨਲ ਕੋਰਸ ਪੂਰਾ ਕਰਨ ਵਾਲੇ ਬੰਦੀਆਂ ਨੂੰ ਵੰਡੇ ਸਰਟੀਫਿਕੇਟ
ਰਘਵੀਰ ਹੈਪੀ, ਬਰਨਾਲਾ 25 ਮਾਰਚ 2025
ਜਸਟਿਸ ਕੁਲਦੀਪ ਤਿਵਾੜੀ ਮਾਨਯੋਗ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਇੰਸਪੈਕਟਿੰਗ ਜੱਜ, ਸ਼ੈਸ਼ਨਜ਼ ਡਵੀਜ਼ਨ ਬਰਨਾਲਾ ਵਲੋਂ ਅੱਜ ਜ਼ਿਲ੍ਹਾ ਕਚਿਹਰੀਆਂ ਬਰਨਾਲਾ ਦਾ ਸਾਲਾਨਾ ਨਿਰੀਖਣ ਕੀਤਾ ਗਿਆ। ਇਸ ਮੌਕੇ ਬੀ ਬੀ ਐਸ ਤੇਜ਼ੀ,ਜ਼ਿਲ੍ਹਾ ਅਤੇ ਸੈਸ਼ਨਜ ਜੱਜ, ਟੀ.ਬੈਨਿਥ ਡਿਪਟੀ ਕਮਿਸ਼ਨਰ, ਮੁਹੰਮਦ ਸਰਫਰਾਜ਼ ਆਲਮ ਜ਼ਿਲ੍ਹਾ ਪੁਲਿਸ ਮੁਖੀ, ਸਮੂਹ ਜੁਡੀਸ਼ੀਅਲ ਅਫ਼ਸਰ, ਜ਼ਿਲ੍ਹਾ ਬਾਰ ਐਸੋਸ਼ੀਏਸ਼ਨ ਦੇ ਪ੍ਰਧਾਨ ਪਕੰਜ ਬਾਂਸਲ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

ਇਸਪੈਕਸ਼ਨ ਦੌਰਾਨ ਮਾਨਯੋਗ ਜਸਟਿਸ ਵੱਲੋਂ ਬਰਨਾਲਾ ਕਚਿਹਰੀਆਂ ਦੀਆਂ ਸਾਰੀਆਂ ਅਦਾਲਤਾਂ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਉਨ੍ਹਾਂ ਵੱਲੋਂ ਸਮੂਹ ਸਿਵਲ ਅਤੇ ਕ੍ਰਿਮੀਨਲ ਕੋਰਟਾਂ ਦੇ ਕੰਮਕਾਰ ਅਤੇ ਸਲਾਨਾ ਰਿਕਾਰਡ ਦਾ ਮੁਆਇਨਾ ਕੀਤਾ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਵੀ ਦਿੱਤੇ ਗਏ। ਇਸ ਤੋਂ ਬਾਅਦ ਮਾਨਯੋਗ ਜਸਟਿਸ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਵਕੀਲ ਸਾਹਿਬਾਨਾਂ ਨਾਲ ਮੁਲਾਕਾਤ ਵੀ ਕੀਤੀ ਗਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ। ਮਾਨਯੋਗ ਜਸਟਿਸ ਨੇ ਵਕੀਲ ਸਾਹਿਬਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਵੱਧ ਤੋਂ ਵੱਧ ਸਹਿਯੋਗ ਮਾਨਯੋਗ ਜੱਜ ਸਾਹਿਬਾਨਾਂ ਨੂੰ ਦੇਣ ਤਾਂ ਜੋ ਪੈਡਿੰਗ ਕੇਸਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾ ਸਕੇ। ਸ਼੍ਰੀ ਕੁਲਦੀਪ ਤਿਵਾੜੀ, ਮਾਨਯੋਗ ਇਸਪੈਕਟਿੰਗ ਜੱਜ ਵੱਲੋਂ ਜ਼ਿਲ੍ਹਾ ਕੋਰਟ ਕੰਪਲੈਕਸ ਬਰਨਾਲਾ ਵਿਖੇ ਪੌਦਾ ਵੀ ਲਾਇਆ ਗਿਆ।
ਨਿਰੀਖਣ ਦੌਰਾਨ ਜਸਟਿਸ ਕੁਲਦੀਪ ਤਿਵਾੜੀ ਵੱਲੋਂ ਜ਼ਿਲ੍ਹਾ ਕਚਹਿਰੀ ਬਰਨਾਲਾ ਵਿੱਚ ਬੂਟਿਆਂ ਦੇ ਵਰਗੀਕਰਨ ਲਈ ਨਸ਼ਿਆਂ ਵਿਰੁੱਧ ਸਾਈਕਲ ਰੈਲੀ ਨੂੰ ਹਰੀ ਝੰਡੀ ਦਿੱਤੀ ਗਈ ਅਤੇ ਪੌਦੇ ਵੰਡ ਕੈਂਪ ਦੀ ਸ਼ੁਰੂਆਤ ਕੀਤੀ। ਇਸ ਉਪਰੰਤ ਮਾਨਯੋਗ ਜਸਟਿਸ ਵੱਲੋਂ ਬਰਨਾਲਾ ਸੈਸ਼ਨਜ਼ ਡਵੀਜ਼ਨ ਦੇ ਸਾਰੇ ਜੁਡੀਸ਼ੀਅਲ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮਾਨਯੋਗ ਜੱਜ ਸਾਹਿਬ ਵੱਲੋਂ ਸਾਰੇ ਜੁਡੀਸ਼ੀਅਲ ਅਫ਼ਸਰਾਂ ਨੂੰ ਆਪਣਾ ਕੰਮ ਇਮਾਨਦਾਰੀ, ਮਿਹਨਤ ਲਗਨ ਅਤੇ ਨਿਮਰਤਾ ਨਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ।ਜਸਟਿਸ ਕੁਲਦੀਪ ਤਿਵਾੜੀ ਨੇ ਲਿਫਟ ਦੇ ਨੀਹ ਪੱਥਰ ਅਤੇ ਡਾਕਘਰ ਐਕਸਟੈਂਸ਼ਨ ਕਾਊਂਟਰ ਦਾ ਰਿਬਨ ਕੱਟਿਆ ਅਤੇ ਲਾਇਬ੍ਰੇਰੀ ਦਾ ਪ੍ਰਬੰਧ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਨੂੰ ਸੌਂਪਿਆ। ਨਿਰੀਖਣ ਦੌਰਾਨ ਮਾਨਯੋਗ ਜੱਜ ਸਾਹਿਬ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਨਾਲ ਗੱਲਬਾਤ ਕੀਤੀ।
ਇਸ ਤੋਂ ਬਾਅਦ ਮਾਨਯੋਗ ਜੱਜ ਵੱਲੋਂ ਜ਼ਿਲ੍ਹਾ ਜੇਲ, ਬਰਨਾਲਾ ਦਾ ਦੌਰਾ ਕੀਤਾ ਗਿਆ। ਉਨ੍ਹਾਂ ਵੱਲੋਂ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਖੇ ਵੈਟ ਕਨਟੀਨ ਦਾ ਉਦਘਾਟਨ ਕੀਤਾ ਗਿਆ ਅਤੇ ਨਵੇ ਵੋਕੇਸ਼ਨਲ ਕੋਰਸ (ਇਲੈਕਟ੍ਰੀਕਲ) ਨੂੰ ਸ਼ੁਰੂ ਕੀਤਾ ਅਤੇ ਬੰਦੀਆਂ ਨੂੰ ਵੋਕੇਸ਼ਨਲ ਕੋਰਸ ਪੂਰਾ ਕਰਨ ਤੇ ਸਰਟੀਫੀਕੇਟ ਵੰਡੇ ਗਏ ਅਤੇ ਜੇਲ ਵਿੱਚ ਬਣੇ ਮੰਦਿਰ ਵਿੱਚ ਮੂਰਤੀ ਦੀ ਸਥਾਪਨਾ ਕੀਤੀ ਗਈ। ਉਨ੍ਹਾਂ ਵੱਲੋਂ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਖੇ ਅੰਬ ਦਾ ਬੂਟਾ ਲਗਾਇਆ ਗਿਆ।
ਇਸ ਤੋਂ ਬਾਅਦ ਸ਼੍ਰੀ ਕੁਲਦੀਪ ਤਿਵਾੜੀ ਵਲੋਂ ਬੰਦੀਆਂ ਨੂੰ ਜੇਲ੍ਹ ਵਿੱਚ ਆ ਰਹੀਆਂ ਮੁਸ਼ਕਿਲਾਂ ਦਾ ਜਾਇਜ਼ਾ ਲਿਆ ਗਿਆ ਅਤੇ ਉਹਨਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਸਕੀਮ ਦੀ ਜਾਣਕਾਰੀ ਵੀ ਦਿੱਤੀ। ਇਸ ਤੋਂ ਇਲਾਵਾਂ ਉਨ੍ਹਾਂ ਭੋਜਨ, ਪਾਣੀ, ਜੇਲ੍ਹ ਬੈਰਕਾਂ ਦੀ ਸਾਫ ਸਫਾਈ ਅਤੇ ਜੇਲ੍ਹ ਬੰਦੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਦਾ ਜਾਇਜ਼ਾ ਲਿਆ।