ਪਲਾਸਟਿਕ ਖਿਲਾਫ ਮੁਹਿੰਮ ਕੀਤੀ ਜਾਵੇਗੀ ਹੋਰ ਤੇਜ਼: ਸਿੱਧੂ
– ਕਰੋਨਾ ਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਸਾਫ-ਸਫਾਈ ਦਾ ਖਾਸ ਧਿਆਨ ਰੱਖਣ ਦੀ ਅਪੀਲ
ਅਜੀਤ ਸਿੰਘ ਕਲਸੀ ਬਰਨਾਲਾ, 11 ਜੁਲਾਈ 2020
ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ. ਅਨਮੋਲ ਸਿੰਘ ਧਾਲੀਵਾਲ ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਬਰਨਾਲਾ ਵੱਲੋਂ ਸ਼ਹਿਰ ਵਿੱਚ ਸਵੱਛਤਾ ਅਤੇ ਵਾਤਾਵਰਣ ਪੱਖੀ ਉਪਰਾਲੇ ਜਾਰੀ ਹਨ। ਇਸੇ ਤਹਿਤ ਕੌਂਸਲ ਵੱਲੋਂ ਮਿਸ਼ਨ ਫਤਹਿ ਤਹਿਤ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਇਸੇ ਮੁਹਿੰਮ ਤਹਿਤ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਤੇ ਪਲਾਸਟਿਕ ਕੈਰੀ ਬੈਗਜ਼ ਕੰਟਰੋਲ ਐਕਟ 2005 ਅਨੁਸਾਰ ਨਗਰ ਕੌਂਸਲ ਬਰਨਾਲਾ ਵੱਲੋਂ ਕਾਰਜਸਾਧਕ ਅਫਸਰ ਮਨਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਸਬਜ਼ੀ ਮੰਡੀ ਬਰਨਾਲਾ ਵਿਖੇ ਚੈਕਿੰਗ ਦੌਰਾਨ ਤਕਰੀਬਨ ਇਕ ਕੁਇੰਟਲ ਪਲਾਸਟਿਕ ਦੇ ਪਾਬੰਦੀਸ਼ੁਦਾ ਲਿਫਾਫੇ ਫੜੇ ਗਏ। ਚੈਕਿੰਗ ਟੀਮ ਵਿੱਚ ਸੁਪਰਡੈਂਟ ਹਰਪ੍ਰੀਤ ਸਿੰਘ ਚੀਫ਼ ਸੈਨੇਟਰੀ ਇੰਸਪੈਕਟਰ ਬਿਸ਼ਨ ਦਾਸ, ਸਨੈਟਰੀ ਇੰਸਪੈਕਟਰ ਅੰਕੁਸ਼ ਸਿੰਗਲਾ, ਗੁਰਮੀਤ ਸਿੰਘ ਸ਼ਾਮਲ ਸਨ।
ਇਸ ਮੌਕੇ ਟੀਮ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ‘ਦੀ ਪੰਜਾਬ ਪਲਾਸਟਿਕ ਕੈਰੀ ਬੈਗਜ਼ ਕੰਟਰੋਲ ਐਕਟ 2005’ ਦੇ ਮੱਦੇਨਜ਼ਰ ਪਲਾਸਟਿਕ ਕੈਰੀ ਬੈਗਜ਼ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਬਾਜ਼ਾਰ ਵਿੱਚੋਂ ਸਾਮਾਨ ਆਦਿ ਲਿਜਾਣ ਸਮੇਂ ਕੱਪੜੇ/ਜੂਟ ਦੇ ਬਣੇ ਥੈਲੇ ਅਤੇ ਕਾਗਜ਼ ਦੇ ਲਿਫਾਫੇ ਵਰਤੇ ਜਾਣ। ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਵਿਕਰੀ ਨਾ ਕੀਤੀ ਜਾਵੇ। ਇਸ ਮੌਕੇ ਸ. ਸਿੱਧੂ ਨੇ ਆਖਿਆ ਕਿ ਆਉਂਦੇ ਦਿਨੀਂ ਪਲਾਸਟਿਕ ਲਿਫਾਫਿਆਂ ਵਿਰੁੱਧ ਚੈਕਿੰਗ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ।
ਉਨ੍ਹ੍ਹਾਂ ਅਪੀਲ ਕੀਤੀ ਕਿ ਕਰੋਨਾ ਵਾਇਰਸ ਦੇ ਮੱਦੇਨਜ਼ਰ ਸ਼ਹਿਰ ਵਾਸੀ ਆਪਣੀ ਅਤੇ ਆਲੇ-ਦੁਆਲੇ ਦੀ ਸਾਫ-ਸਫਾਈ ਦਾ ਪੂਰਾ ਖਿਆਲ ਰੱਖਣ ਤਾਂ ਜੋ ਕਰੋਨਾ ਖ਼ਿਲਾਫ਼ ਮਿਸ਼ਨ ਫਤਿਹ ਕੀਤਾ ਜਾ ਸਕੇ।