ਧਰਨਾ ਖਤਮ , ਪ੍ਰਦਰਸ਼ਨਕਾਰੀਆਂ ਦੀ ਚਿਤਾਵਨੀ, ਦੋਸ਼ੀ ਗਿਰਫਤਾਰ ਨਾ ਕੀਤੇ ਤਾਂ ਫਿਰ,,,
ਟਿੰਬਰ ਸਟੋਰ ਦੇ ਸੇਲਜ਼ਮੈਨ ਜਸਵਿੰਦਰ ਭਾਰਦਵਾਜ ਦੀ ਆਤਮ ਹੱਤਿਆ ਦਾ ਮਾਮਲਾ
ਸੋਨੀ ਪਨੇਸਰ ਬਰਨਾਲਾ 11 ਜੁਲਾਈ 2020
ਇੰਡੀਆ ਟਿੰਬਰ ਸਟੋਰ ਬਰਨਾਲਾ ਦੇ ਮਾਲਿਕਾਂ ਖਿਲਾਫ ਕੇਸ ਦਰਜ਼ ਕਰਨ ਤੋਂ ਟਾਲਾ ਵੱਟ ਰਹੀ ਪੁਲਿਸ ਨੂੰ ਆਖਿਰ ਲੋਕ ਰੋਹ ਦੇ ਮੂਹਰੇ ਝੁਕਣ ਨੂੰ ਮਜ਼ਬੂਰ ਹੋਣਾ ਹੀ ਪਿਆ। ਪੁਲਿਸ ਨੇ ਮ੍ਰਿਤਕ ਸੇਲਜ਼ਮੈਨ ਜਸਵਿੰਦਰ ਭਾਰਦਵਾਜ ਉਰਫ ਮਿੱਠਾ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਵਾਲੇ 2 ਦੋਸ਼ੀ ਮਾਲਿਕਾਂ ਖਿਲਾਫ ਕੇਸ ਦਰਜ਼ ਕਰ ਦਿੱਤਾ ਹੈ । ਪੁਲਿਸ ਚੌਂਕੀ ਹੰਡਿਆਇਆਂ ਅੱਗੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਇਹ ਜਾਣਕਾਰੀ ਚੌਂਕੀ ਇੰਚਾਰਜ ਐਸਆਈ ਗੁਰਵਿੰਦਰ ਸਿੰਘ ਸੰਧੂ ਨੇ ਦਿੱਤੀ। ਉਨਾਂ ਦੱਸਿਆ ਕਿ ਮ੍ਰਿਤਕ ਦੇ ਭਰਾ ਭੂਸ਼ਣ ਕੁਮਾਰ ਦੇ ਬਿਆਨ ਦੇ ਅਧਾਰ ਤੇ ਟਿੰਬਰ ਸਟੋਰ ਦੇ ਮਾਲਿਕ ਰਵਿੰਦਰ ਕੁਮਾਰ ਅਤੇ ਸਾਹਿਲ ਬਾਂਸਲ ਦੇ ਖਿਲਾਫ ਅਧੀਨ ਜੁਰਮ 306/34 IPC ਦੇ ਤਹਿਤ ਕੇਸ ਦਰਜ਼ ਕਰ ਦਿੱਤਾ ਗਿਆ ਹੈ। ਭੂਸ਼ਣ ਕੁਮਾਰ ਦੇ ਬਿਆਨ ਦੀ ਤਾਈਦ ਮ੍ਰਿਤਕ ਦੀ ਪਤਨੀ ਪ੍ਰਭਜੋਤ ਕੌਰ ਨੇ ਵੀ ਕੀਤੀ ਹੈ।
ਇਸ ਮੌਕੇ ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਦੋਵਾਂ ਦੋਸ਼ੀਆਂ ਨੂੰ ਜਲਦ ਹੀ ਗਿਰਫਤਾਰ ਵੀ ਕਰ ਲਿਆ ਜਾਵੇਗਾ। ਕੇਸ ਦਰਜ ਹੋਣ ਤੋਂ ਬਾਅਦ ਚੌਂਕੀ ਅੱਗੋਂ ਧਰਨਾ ਸਮਾਪਤ ਕੀਤਾ ਗਿਆ। ਧਰਨਾ ਸਮਾਪਤ ਕਰਦਿਆਂ ਆਗੂਆਂ ਨੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਨੂੰ ਜਲਦ ਹੀ ਗਿਰਫਤਾਰ ਨਾ ਕੀਤਾ ਗਿਆ ਤਾਂ ਲੋਕ ਫਿਰ ਵੱਡਾ ਸੰਘਰਸ਼ ਵਿੱਢਣ ਨੂੰ ਮਜਬੂਰ ਹੋਣਗੇ। ਇਸ ਮੌਕੇ ਕਰਮਚਾਰੀ ਆਗੂ ਕਰਮਜੀਤ ਬੀਹਲਾ,ਮਨਿਸਟ੍ਰੀਅਲ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਨਛੱਤਰ ਸਿੰਘ ਭਾਈਰੂਪਾ, ਡੀਟੀਐਫ ਦੇ ਆਗੂ ਗੁਰਮੀਤ ਸੁਖਪੁਰ, ਰਾਜੀਵ ਕੁਮਾਰ, ਮੁਲਾਜਮ ਆਗੂ ਤਰਸੇਮ ਭੱਠਲ, ਜਗਰਾਜ ਸਿੰਘ ਟੱਲੇਵਾਲ, ਇਨਕਲਾਬੀ ਕੇਂਦਰ ਦੇ ਆਗੂ ਖੁਸ਼ਮਿੰਦਰ ਪਾਲ, ਮੁਲਾਜਮ ਆਗੂ ਜਗਵਿੰਦਰ ਪਾਲ ।ਕਿਸਾਨ ਯੂਨੀਅਨ ਦੇ ਸੂਬਾ ਆਗੂ ਬਲਵੰਤ ਸਿੰਘ ਉੱਪਲੀ ਅਤੇ ਹੋਰ ਕਿਸਾਨ ਤੇ ਮਜਦੂਰ ਜਥੇਬੰਦੀਆਂ ਦੇ ਆਗੂਆਂ ਨੇ ਪੁਲਿਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਦੋਸ਼ੀਆਂ ਨੂੰ ਜਲਦ ਗਿਰਫਤਾਰ ਨਾ ਕੀਤਾ ਤਾਂ ਲੋਕ ਫਿਰ ਹੋਰ ਵੀ ਜੋਰਦਾਰ ਸੰਘਰਸ਼ ਦੇ ਰਾਹ ਪੈਣ ਨੂੰ ਮਜਬੂਰ ਹੋਣਗੇ।