ਹਰਪ੍ਰੀਤ ਕੌਰ ਸੰਗਰੂਰ 11 ਜੁਲਾਈ 2020
ਜਿਲ੍ਹੇ ਦੇ ਕਾਰਜਕਾਰੀ ਸਿਵਲ ਸਰਜਨ ਡਾ. ਗੁਰਿੰਦਰ ਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ. ਕੌਹਰੀਆਂ ਡਾ. ਤੇਜਿੰਦਰ ਸਿੰਘ ਦੀ ਅਗਵਾਈ ਵਿੱਚ ਬਲਾਕ ਭਰ ਵਿੱਚ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਡਾ. ਤੇਜਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਵੱਲੋਂ ਸੂਬੇ ਅੰਦਰ 11 ਜੁਲਾਈ ਤੋਂ 24 ਜੁਲਾਈ ਤੱਕ ਪਾਪੂਲੇਸ਼ਨ ਸਥਿਰਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਸਾਡੇ ਦੇਸ਼ ਦੀ ਆਬਾਦੀ ਦਾ ਤੇਜੀ ਨਾਲ ਵੱਧਣਾ ਸਾਡੇ ਸਾਰੀਆਂ ਲਈ ਚਿੰਤਾ ਦਾ ਵਿਸ਼ਾ ਹੈ। ਉਨਾਂ ਕਿਹਾ ਕਿ ਜਿਵੇਂ-ਜਿਵੇਂ ਸਾਡੇ ਦੇਸ਼ ਦੀ ਆਬਾਦੀ ਵੱਧਦੀ ਜਾਵੇਗੀ ਉਸੇ ਤਰਾਂ ਸਾਡੇ ਕੁਦਰਤੀ ਸੋਮੇ ਪਾਣੀ, ਅਨਾਜ ਅਤੇ ਹੋਰ ਰੋਜਾਨਾਂ ਵਰਤੋਂ ਵਿੱਚ ਆਉਂਣ ਵਾਲੀਆਂ ਵਸਤਾਂ ਦੀ ਘਾਟ ਦਾ ਸਾਹਮਣਾ ਕਰਨਾ ਪਵੇਗਾ। ਉਨਾਂ ਕਿਹਾ ਕਿ ਵੱਧ ਰਹੀ ਆਬਾਦੀ ਤੇ ਕਾਬੂ ਪਾਉਣ ਲਈ ਲੜਕੇ ਅਤੇ ਲੜਕੀ ਦੀ ਸਹੀ ਉਮਰ ਵਿੱਚ ਸ਼ਾਦੀ, ਪਹਿਲਾ ਬੱਚਾ ਦੇਰੀ ਨਾਲ, ਬੱਚਿਆਂ ਵਿੱਚ ਘੱਟੋਂ-ਘੱਟ ਤਿੰਨ ਸਾਲ ਦਾ ਅੰਤਰ ਰੱਖੀਏ। ਲੜਕੇ ਅਤੇ ਲੜਕੀ ਵਿੱਚ ਫਰਕ ਨਾ ਸਮਝ ਕੇ ਸਿਰਫ ਦੋ ਹੀ ਬੱਚਿਆਂ ਨੂੰ ਜਨਮ ਦੇਈਏ ਤਾਂ ਹੀ ਅਸੀਂ ਆਬਾਦੀ ਤੇ ਕੰਟਰੋਲ ਕਰ ਸਕਦੇ ਹਾਂ।
ਬਲਾਕ ਐਜ਼ੂਕੇਟਰ ਨਰਿੰਦਰ ਪਾਲ ਸਿੰਘ ਨੇ ਕਿਹਾ ਕਿ ਹਰ ਸਾਲ 11 ਜੁਲਾਈ ਨੂੰ ਵਿਸ਼ਵ ਆਬਾਦੀ ਦਿਵਸ ਮਨਾਇਆ ਜਾਂਦਾ ਹੈ। ਦੁਨੀਆ ਵਿਚ ਵਧਦੀ ਆਬਾਦੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਲੋਕਾਂ ਨੂੰ ਪਰਿਵਾਰ , ਵਿਚਾਰ, ਲਿੰਗਿਕ ਬਰਾਬਰਤਾ, ਮਨੁੱਖੀ ਅਧਿਕਾਰ ਅਤੇ ਸਿਹਤ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਵਿਸ਼ਵ ਆਬਾਦੀ ਦਿਵਸ ਦੇ ਦਿਨ ਵਿਭਿੰਨ ਪ੍ਰੋਗਰਾਮ ਕੀਤੇ ਜਾਂਦੇ ਹਨ ਜਿਸ ਵਿਚ ਆਬਾਦੀ ਦੇ ਵਾਧੇ ਕਾਰਨ ਹੋਣ ਵਾਲੇ ਖ਼ਤਰਿਆਂ ਪ੍ਰਤੀ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ। 1989 ਤੋਂ ਵਿਸ਼ਵ ਆਬਾਦੀ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਸੰਘ ਦੇ ਵਿਕਾਸ ਪ੍ਰੋਗਰਾਮ ਤਹਿਤ ਹੋਈ ਅਤੇ ਇਸ ਤੋਂ ਬਾਅਦ ਸਾਰੇ ਦੇਸ਼ ਵਿਚ ਵਿਸ਼ਵ ਆਬਾਦੀ ਦਿਵਸ ਮਨਾਇਆ ਜਾਣ ਲੱਗਿਆ। ਇਸ ਸਮੇਂ ਵਿਸ਼ਵ ਦੀ ਕੁੱਲ ਜਨਸੰਖਿਆ 7.8 ਬਿਲਿਅਨ ਯਾਨੀ ਕਿ 780 ਕਰੋੜ ਹੈ।