ਅਸ਼ੋਕ ਵਰਮਾ, ਬਠਿੰਡਾ 26 ਦਸੰਬਰ 2024
ਪੰਜਾਬੀ ਮਾਂ ਬੋਲੀ ਦੇ ਨਾਮਵਰ ਲੇਖਕ ਸੁਰਜੀਤ ਪਾਤਰ ਨੂੰ ਸਮਰਪਿਤ ਸੱਤਵੇਂ ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਪਹਿਲੇ ਦਿਨ ਉਦਘਾਟਨੀ ਸ਼ੈਸ਼ਨ ਵਿੱਚ ਆਪਣੇ ਮੁੱਖ ਭਾਸ਼ਣ ਵਿੱਚ ਪ੍ਰਸਿੱਧ ਪੱਤਰਕਾਰ ਆਰਫਾ ਖਾਨਮ ਸ਼ੇਰਵਾਨੀ ਨੇ ਕਿਹ ਕਿ ਦੁਨੀਆਂ ਭਰ ਵਿੱਚ ਲੋਕਤੰਤਰ ਵੱਡੇ ਸੰਕਟ ਵਿੱਚ ਹੈ। ਉਨ੍ਹਾਂ ਚਿੰਤਾ ਜਤਾਉਂਦਿਆਂ ਕਿਹਾ ਕਿ ਆਜ਼ਾਦ ਪ੍ਰੈਸ ਅਤੇ ਲੋਕਤੰਤਰੀ ਸੰਸਥਾਵਾਂ ਨੂੰ ਗੰਭੀਰ ਖਤਰੇ ਪੈਦਾ ਹੋ ਗਏ ਹਨ। ਉਹਨਾਂ ਕਿਹਾ ਕਿ ਭਾਰਤ ਦੇ ਕਿਸਾਨ ਅੰਦੋਲਨ ਨੇ ਇੱਕ ਨਵੀਂ ਆਸ ਦੀ ਕਿਰਨ ਜਗਾਈ ਹੈ ਕਿ ਵੱਖ ਵੱਖ ਮੁਲਕਾਂ ਵਿੱਚ ਲੋਕ ਜਥੇਬੰਦ ਹੋ ਕੇ ਇਸ ਰੁਝਾਨ ਦੇ ਖਿਲਾਫ ਲੜ ਰਹੇ ਹਨ। ਉਹਨਾਂ ਕਿਹਾ ਕਿ ਗੋਦੀ ਮੀਡੀਆ ਦੇ ਮੁਕਾਬਲੇ ਬਦਲਵੇਂ ਮੀਡੀਏ ਨੇ ਲੋਕ ਆਵਾਜ਼ ਨੂੰ ਵੱਡੀ ਥਾਂ ਦਿੱਤੀ ਹੈ।
ਮੁੱਖ ਮਹਿਮਾਨ ਪ੍ਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਹਰ ਦੌਰ ਵਿੱਚ ਸੱਤਾਧਾਰੀ ਧਿਰਾਂ ਲੇਖਕਾਂ, ਕਲਾਕਾਰਾਂ, ਬੁੱਧੀਜੀਵੀਆਂ ਨੂੰ ਸੱਚ ਦੀ ਆਵਾਜ਼ ਬੁਲੰਦ ਕਰਨ ‘ਤੇ ਦਬਾਉਣ ਦਾ ਯਤਨ ਕਰਦੀਆਂ ਰਹੀਆਂ ਹਨ। ਪੀਪਲਜ਼ ਲਿਟਰੇਰੀ ਫੈਸਟੀਵਲ ਵਰਗੇ ਸਾਹਿਤਕ ਉਤਸਵ ਲੋਕਾਂ ਦੀ ਆਵਾਜ਼ ਬਣਦੇ ਹਨ। ਇਸ ਤੋਂ ਪਹਿਲਾਂ ਸੰਸਥਾ ਪੀਪਲਜ਼ ਫੋਰਮ ਬਰਗਾੜੀ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ। ਇਸ ਸ਼ੈਸ਼ਨ ਦਾ ਸੰਚਾਲਨ ਸਟਾਲਿਨਜੀਤ ਬਰਾੜ ਵੱਲੋਂ ਕੀਤਾ ਗਿਆ। ਇਸ ਮੌਕੇ ਜਸਪਾਲ ਮਾਨਖੇੜਾ ਦੀ ਪੁਸਤਕ ਮੈਂ ਹੁਣ ਉਹ ਨਹੀਂ ਰੀਲੀਜ਼ ਕੀਤੀ ਗਈ। ਉਦਘਾਟਨੀ ਸ਼ੈਸ਼ਨ ਵਿੱਚ ਸੁਰ ਆਂਗਣ ਫਰੀਦਕੋਟ ਵੱਲੋਂ ਪ੍ਰੋਫੈਸਰ ਰਾਜੇਸ਼ ਮੋਹਨ ਦੀ ਅਗਵਾਈ ਵਿੱਚ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਦਾ ਗਾਇਨ ਕੀਤਾ ਗਿਆ।
ਇਸ ਤੋਂ ਪਹਿਲ਼ਾਂ ਆਰਫਾ ਖਾਨਮ ਸ਼ੇਰਵਾਨੀ, ਜਸ ਮੰਡ ਅਤੇ ਪ੍ਰੋਫੈਸਰ ਜਗਮੋਹਨ ਸਿੰਘ ਨੇ ਪੁਸਤਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਜਿਸ ਵਿੱਚ ਪੰਜਾਬੀ, ਹਿੰਦੀ ਅੰਗਰੇਜ਼ੀ ਦੇ ਪੰਦਰਾਂ ਤੋਂ ਵੱਧ ਪ੍ਰਕਾਸ਼ਕਾਂ ਨੇ ਭਾਗ ਲਿਆ। ਪੀਪਲਜ਼ ਲਿਟਰੇਰੀ ਫੈਸਟੀਵਲ ਦਾ ਦੂਜਾ ਸ਼ੈਸ਼ਨ ਭਾਰਤੀ ਸਾਹਿਤ ਅਕਦਾਮੀਂ ਦੇ ਸਹਿਯੋਗ ਨਾਲ ਤਸਕੀਨ ਦੀ ਪੁਸਤਕ ਪੰਜਾਬੀ ਲੋਕ-ਸੰਗੀਤ ਹਰੀ ਕ੍ਰਾਂਤੀ ਦੇ ਆਰ-ਪਾਰ ਦੇ ਪ੍ਰਸੰਗ ਵਿੱਚ ਵਿਚਾਰ ਚਰਚਾ ਨਾਲ ਆਰੰਭ ਹੋਇਆ। ਇਸ ਵਿਚਾਰ ਚਰਚਾ ਵਿੱਚ ਰਾਜਿੰਦਰ ਪਾਲ ਸਿੰਘ ਬਰਾੜ, ਬਾਬੂ ਸਿੰਘ ਮਾਨ, ਕੁਲਦੀਪ ਸਿੰਘ ਦੀਪ ਅਤੇ ਤਸਕੀਨ ਨੇ ਭਾਗ ਲਿਆ। ਤਸਕੀਨ ਨੇ ਕਿਹਾ ਕਿ ਜਦੋਂ ਕੋਈ ਵੀ ਕਲਾ ਮੰਡੀ ਦਾ ਸੰਦ ਬਣਦੀ ਹੈ ਤਾਂ ਉਹ ਲੋਕ ਵਿਰੋਧੀ ਬਣ ਜਾਂਦੀ ਹੈ। ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਗਾਇਕੀ ਵਿੱਚ ਹਥਿਆਰਾਂ ਅਤੇ ਨਸ਼ਿਆਂ ਦਾ ਜ਼ਿਕਰ ਖਤਰਨਾਕ ਰੁਝਾਨ ਹੈ। ਲੋਕ ਗਾਇਕ ਗੁਰਬਿੰਦਰ ਬਰਾੜ ਨੇ ਕਿਹਾ ਕਿ ਕੋਈ ਵੀ ਕਲਾਕਾਰ ਆਪਣੀ ਸਮਾਜਿਕ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦਾ ਹੈ।
ਡਾ. ਰਾਜਿੰਦਰ ਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਗੀਤਕਾਰੀ ਅਤੇ ਗਾਇਕੀ ਵੀ ਹੋਰਨਾਂ ਸਾਹਿਤ ਰੂਪਾਂ ਵਾਂਗ ਸਮਾਜਿਕ ਸੋਚ ਦਾ ਪ੍ਰਤੀਬਿੰਬ ਹੀ ਹੁੰਦੀ ਹੈ। ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਬਾਬੂ ਸਿੰਘ ਮਾਨ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਗੀਤਕਾਰੀ ਲਗਭਗ ਸਮਾਪਤ ਹੋ ਚੁੱਕੀ ਹੈ। ਸਿਰਫ ਸਾਜਾਂ ਦੇ ਸ਼ੋਰ ਵਿੱਚ ਸ਼ਬਦਾਂ ਦੀ ਭਰਤੀ ਕੀਤੀ ਜਾਂਦੀ ਹੈ। ਉਹਨਾਂ ਆਖਿਆ ਕਿ ਗੀਤਕਾਰੀ ਅਤੇ ਗਾਇਕੀ ਬਾਰੇ ਅਜਿਹੀਆਂ ਸੰਜੀਦਾਂ ਗੋਸ਼ਟੀਆਂ ਦੀ ਲੋੜ ਹੈ। ਇਸ ਮੌਕੇ ਉਹਨਾਂ ਅਨੇਕਾਂ ਗੀਤਾਂ ਦੇ ਪਿਛੋਕੜ ਬਾਰੇ ਚਰਚਾ ਕੀਤੀ। ਇਸ ਮੌਕੇ ਪ੍ਰਸਿੱਧ ਫੋਟੋਗ੍ਰਾਫਰ ਵਰਿੰਦਰ ਸ਼ਰਮਾਂ ਫਰੀਦਕੋਟ ਨੇ ਆਪਣੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ। ਇਸ ਮੌਕੇ ਵਿਦਿਆਰਥੀਆਂ ਦੇ ਮੌਲਿਕ ਲਿਖਤ ਦੇ ਮੁਕਾਬਲੇ ਕਰਵਾਏ ਗਏ। ਇਹ ਮੌਕੇ ਜੰਗ ਬਹਾਦਰ ਗੋਇਲ, ਗੁਰਬਿੰਦਰ ਬਰਾੜ, ਗੁਰਪ੍ਰੀਤ ਸਿੰਘ ਸਿੱਧੂ, ਅਮਰਜੀਤ ਢਿੱਲੋਂ, ਰਾਜਪਾਲ ਸਿੰਘ, ਪਵਨ ਨਾਦ, ਜਗਨਨਾਥ, ਪ੍ਰਿੰਸੀਪਲ ਸਰਵਨ ਸਿੰਘ, ਖੇਡ ਲੇਖਕ ਨਵਦੀਪ ਗਿੱਲ ਆਦਿ ਹਾਜ਼ਰ ਸਨ।