ਦਾਅ ਤੇ ਲੱਗੀ, ਵਿਜੀਲੈਂਸ ਦੀ ਸ਼ਾਖ..ਤਹਿਸੀਲਦਾਰ ਨੂੰ ਫੜ੍ਹੇ ਜਾਣ ਦੀ ਵੀਡੀਓ ਹੋ ਗਈ ਵਾਇਰਲ…
ਪਤਾ ਲੱਗਿਆ ਹੈ ਕਿ ਤਹਿਸੀਲਦਾਰ ਨੂੂੰ ਛੁਡਾਉਣ ਲਈ ਵਿਜੀਲੈਂਸ ਅਧਿਕਾਰੀਆਂ ਤੇ ਪਾਇਆ ਜਾ ਰਿਹੈ ਦਬਾਅ….
ਹਰਿੰਦਰ ਨਿੱਕਾ, ਬਰਨਾਲਾ 27 ਨਵੰਬਰ 2024
ਵਿਜੀਲੈਂਸ ਬਿਊਰੋ ਬਰਨਾਲਾ ਦੀ ਟੀਮ ਨੇ ਰਜਿਸਟਰੀ ਕਰਨ ਬਦਲੇ ਕਥਿਤ ਤੌਰ ਤੇ ਰਿਸ਼ਵਤ ਲੈ ਰਹੇ ਤਹਿਸੀਲਦਾਰ ਨੂੰ ਰੰਗੇ ਹੱਥੇ ਗਿਰਫਤਾਰ ਕਰ ਲਿਆ ਹੈ। ਇਹ ਤਹਿਸੀਲਦਾਰ ਕੋਈ ਹੋਰ ਨਹੀਂ, ਬਲਕਿ ਤਹਿਸੀਲਦਾਰ ਐਸੋਸੀਏਸ਼ਨ ਪੰਜਾਬ ਦਾ ਪ੍ਰਧਾਨ ਸੁਖਚਰਨ ਸਿੰਘ ਚੰਨੀ ਦੱਸਿਆ ਜਾ ਰਿਹਾ ਹੈ। ਵਿਜੀਲੈਂਸ ਦੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਨੂੰ ਅਮਰੀਕ ਸਿੰਘ ਵਾਸੀ ਬੀਹਲਾ ਨੇ ਸ਼ਕਾਇਤ ਕੀਤੀ ਸੀ ਕਿ ਉਸ ਨੇ ਤਪਾ ਤਹਿਸੀਲ ਵਿੱਚ 2 ਕਨਾਲ 4 ਮਰਲੇ ਜਮੀਨ ਦੀ ਰਜਿਸਟਰੀ ਕਰਵਾਉਣੀ ਸੀ, ਪਰੰਤੂ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ, ਰਜਿਸਟਰੀ ਕਰਨ ਵਿੱਚ ਟਾਲਮਟੋਲ ਕਰਕੇ, ਰਿਸ਼ਵਤ ਦੇਣ ਲਈ ਮਜਬੂਰ ਕਰ ਰਿਹਾ ਸੀ। ਆਖਿਰ ਅਮਰੀਕ ਸਿੰਘ ਨੇ ਇਹ ਮਾਮਲਾ ਵਿਜੀਲੈਂਸ ਦੇ ਆਲ੍ਹਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ। ਵਿਜੀਲੈਂਸ ਬਿਊਰੋ ਦੀ ਟੀਮ ਨੇ ਅਮਰੀਕ ਸਿੰਘ ਟੱਲੇਵਾਲ ਦੀ ਸ਼ਕਾਇਤ ਦੇ ਅਧਾਰ ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਸਰਕਾਰੀ ਗਵਾਹਾਂ ਨੂੰ ਨਾਲ ਲੈ ਕੇ,ਤਹਿਸੀਲ ਦਫਤਰ ਤਪਾ ਵਿਖੇ ਉਸ ਨੂੰ ਕਾਬੂ ਕਰਨ ਲਈ, ਜਾਲ ਵਿਛਾਇਆ। ਜਿਵੇਂ ਹੀ ਤਹਿਸੀਲਦਾਰ ਸੁਖਚਰਨ ਸਿੰਘ ਨੇ ਸ਼ਕਾਇਤਕਰਤਾ ਅਮਰੀਕ ਸਿੰਘ ਤੋਂ 20 ਹਜ਼ਾਰ ਰੁਪਏ ਦੀ ਰਿਸ਼ਵਤ ਰਾਸ਼ੀ ਫੜ੍ਹੀ ਤਾਂ ਪਹਿਲਾਂ ਤੋਂ ਘਾਤ ਲਾਈ ਖੜੀ ਵਿਜੀਲੈਂਸ ਦੀ ਟੀਮ ਨੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਤਹਿਸੀਲਦਾਰ ਅਤੇ ਉਸ ਦੇ ਸਹਿਯੋਗੀ ਕਰਮਚਾਰੀ ਨੂੰ ਰਿਸ਼ਵਤ ਦੀ ਰਾਸ਼ੀ ਸਣੇ ਗਿਰਫਤਾਰ ਕਰ ਲਿਆ। ਪਤਾ ਇਹ ਵੀ ਲੱਗਿਆ ਹੈ ਕਿ ਬੇਸ਼ੱਕ ਤਹਿਸੀਲਦਾਰ ਦੇ ਖਿਲਾਫ ਐਫ.ਆਈ.ਆਰ. ਦਰਜ ਕਰਕੇ,ਉਸ ਨੂੰ ਲੋਕਾਂ ਦੀ ਹਾਜ਼ਰੀ ਵਿੱਚ ਹਿਰਾਸਤ ਵਿੱਚ ਵੀ, ਲੈ ਲਿਆ ਗਿਆ ਹੈ,ਪਰੰਤੂ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਤੇ ਤਹਿਸੀਲਦਾਰ ਨੂੰ , ਰਿਹਾਅ ਕਰਵਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਤਹਿਸੀਦਲਦਾਰ ਨੂੰ ਕਥਿਤ ਤੌਰ ਤੇ ਦਬਾਅ ਤਹਿਤ ਛੱਡੇ ਜਾਣ ਦੀਆਂ ਕਨਸੋਆਂ, ਦੇ ਹਕੀਕਤ ਵਿੱਚ ਬਦਲ ਜਾਣ ਨਾਲ, ਵਿਜੀਲੈਂਸ ਦੇ ਅਧਿਕਾਰੀਆਂ ਦੀ ਸ਼ਾਖ ਵੀ, ਦਾਅ ਤੇ ਲੱਗ ਜਾਵੇਗੀ। ਮੀਡੀਆ ਨੂੰ ਅਧਿਕਾਰਿਤ ਤੌਰ ਤੇ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ, ਟਾਲਮਟੋਲ ਵੀ, ਵਿਜੀਲੈਂਸ ਅਧਿਕਾਰੀਆਂ ਤੇ ਦਬਾਅ ਵੱਲ ਇਸ਼ਾਰਾ ਜਰੂਰ ਹੈ। ਉੱਧਰ ਵਿਜੀਲੈਂਸ ਵੱਲੋਂ ਹਰ ਤਰਾਂ ਤੇ ਦਬਾਅ ਨੂੰ ਦਰਕਿਨਾਰ ਕਰਦਿਆਂ, ਤਹਿਸੀਲਦਾਰ ਦੀ ਗਿਰਫਤਾਰੀ ਦੀ ਪੁਸ਼ਟੀ ਵਿਜੀਲੈਂਸ ਦੇ ਅਧਿਕਾਰੀਆਂ ਨੇ ਅਧਿਕਾਰਿਤ ਤੌਰ ਤੇ ਵੀ ਕਰ ਦਿੱਤੀ ਹੈ।