ਰਘਵੀਰ ਹੈਪੀ, ਬਰਨਾਲਾ 4 ਅਕਤੂਬਰ 2024
ਥੋੜੇ ਸੰਗਾਊ ਤੇ ਬਹੁਤ ਮਿਲਾਪੜੇ ਸੁਭਾਅ ਦੇ ਮਾਲਕ ਸਾਥੀ ਖੁਸ਼ਮਿੰਦਰ ਪਾਲ ਦੀ ਸੇਵਾਮੁਕਤੀ ਦੇ ਅਹਿਮ ਸਮੇਂ ਟੈਕਨੀਕਲ ਮਕੈਨੀਕਲ ਇੰਪਲਾਈਜ ਯੂਨੀਅਨ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਸਨਮਾਨ ਸਮਾਰੋਹ ਤਰਕਸ਼ੀਲ ਭਵਨ ਵਿਖੇ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਟੈਕਨੀਕਲ ਮਕੈਨੀਕਲ ਇੰਪਲਾਈਜ ਯੂਨੀਅਨ ਅਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਬਲਦੇਵ ਮੰਡੇਰ ਅਤੇ ਅਜਮੇਰ ਕਾਲਸਾਂ ਨੇ ਸਾਥੀ ਖੁਸ਼ਮਿੰਦਰ ਪਾਲ ਦੀ ਜ਼ਿੰਦਗੀ ਦੇ ਜੁਝਾਰੂ ਪਲਾਂ ਨੂੰ ਸ਼ਬਦਾਂ ਰੂਪੀ ਪੂੰਜੀ ਵਿੱਚ ਸਨਮਾਨ ਪੱਤਰ ਪੜ੍ਹਦਿਆਂ ਪੇਸ਼ ਕੀਤਾ। ਇਸ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ, ਹਰਜੀਤ ਸਿੰਘ ਬਾਲੀਆਂ, ਹਰਦੀਪ ਸਿੰਘ ਟੋਡਰਪੁਰ ਨੇ ਕਿਹਾ ਕਿ ਮਾਤਾ ਸੱਤਿਆ ਦੇਵੀ ਜੀ ਦੀ ਪਵਿੱਤਰ ਕੁੱਖੋਂ ਪਿਤਾ ਸ੍ਰੀ ਬੂਟੀ ਰਾਮ ਜੀ ਦੇ ਘਰ ਕਿਰਤੀ ਪ੍ਰੀਵਾਰ ਵਿੱਚ ਪੈਦਾ ਹੋਏ ਖੁਸ਼ਮਿੰਦਰ ਪਾਲ ਨੇ ਦਸਵੀਂ ਤੱਕ ਦੀ ਸਿੱਖਿਆ ਸਰਕਾਰੀ ਹਾਈ ਸਕੂਲ ਹੰਡਿਆਇਆ ਤੋਂ ਅਤੇ ਗਿਆਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ। ਆਈ ਟੀ ਆਈ ਬੁਢਲਾਡਾ ਤੋਂ ਦੋ ਸਾਲ ਦਾ ਡਿਪਲੋਮਾ ਕੀਤਾ। ਸਕੂਲ ਸਮੇਂ ਤੋਂ ਲੱਗੀ ਸਾਹਿਤ ਪੜ੍ਹਨ ਦੀ ਚੇਟਕ ਆਈ ਟੀ ਆਈ ਕਰਦਿਆਂ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਵਿੱਚ ਸਰਗਰਮ ਹੋਣ ਨਾਲ ਹੋਰ ਪਕੇਰੀ ਹੋ ਗਈ।
ਪੀਐਸਯੂ ਵਿੱਚ ਕੰਮ ਕਰਨ ਸਮੇਂ ‘ਲਹੂ ਦੀ ਲੋਅ’ ਨਾਵਲ ਨੇ ਉਹਦਾ ਸਮਾਜਿਕ ਵਰਤਾਰਿਆਂ ਨੂੰ ਸਮਝਣ ਦਾ ਨਜ਼ਰੀਆ ਬਦਲ ਦਿੱਤਾ। ਇੱਥੋਂ ਹੀ ਵਿਚਾਰਧਾਰਕ ਤੌਰ ‘ਤੇ ਸਮਾਜ ਵਿੱਚ ਵਾਪਰਦੇ ਵਰਤਾਰਿਆਂ ਪ੍ਰਤੀ ਵਿਗਿਆਨਿਕ ਸੋਝੀ ਹਾਸਲ ਹੋਈ। ਆਈਟੀਆਈ ਕਰਨ ਤੋਂ ਬਾਅਦ ਰੁਜ਼ਗਾਰ ਹਾਸਲ ਕਰਨ ਦੇ ਲਈ ਵੱਖੋ ਵੱਖ ਥਾਵਾਂ ਤੇ ਉਹ ਭਾਵੇਂ ਜਨ ਸਿਹਤ ਵਿਭਾਗ ਹੋਵੇ, ਵਰਿੰਦਰਾ ਐਗਰੋ ਕੈਮੀਕਲ ਅਤੇ ਸਟੈਂਡਰਡ ਕੰਬਾਈਨ ਹੋਵੇ, ਹਰ ਥਾਂ ਰੁਜ਼ਗਾਰ ਦੇ ਨਾਲ ਨਾਲ ਸਮਾਜ ਦੇ ਵਿੱਚ ਵਾਪਰ ਦੇ ਵਰਤਾਰਿਆਂ ਪ੍ਰਤੀ ਹਾਸਲ ਹੋਈ ਸੋਝੀ ਨੂੰ ਲਾਗੂ ਕਰਨ ਅਤੇ ਆਪਣਾ ਯੋਗਦਾਨ ਪਾਉਣ ਦਾ ਸੁਹਿਰਦ ਯਤਨ ਕੀਤਾ। ਨਾ ਸਿਰਫ਼ ਯੋਗਦਾਨ ਹੀ ਪਾਇਆ, ਸਗੋਂ ਅਗਵਾਨੂੰ ਭੂਮਿਕਾ ਨਿਭਾਈ। ਜੰਗਲਾਤ ਵਿਭਾਗ, ਭੱਠਾ ਮਜ਼ਦੂਰ ਵਜੋਂ, ਲੁਧਿਆਣਾ ਵਿਖੇ ਸਨੱਅਤੀ ਮਜ਼ਦੂਰ ਵਜੋਂ ਕਿਰਤ ਕੀਤੀ। ਪ੍ਰਾਈਵੇਟ ਖੇਤਰ ਵਿੱਚ ਅਗਵਾਨੂ ਭੂਮਿਕਾ ਨਿਭਾਉਣਾ ਖ਼ਤਰੇ ਤੋਂ ਖ਼ਾਲੀ ਨਹੀਂ ਹੁੰਦਾ। ਹਰ ਥਾਂ ਮਜ਼ਦੂਰਾਂ ਨੂੰ ਆਪਣੇ ਹੱਕਾਂ ਲਈ ਜਥੇਬੰਦ ਹੋਣ ਦਾ ਸੁਚੇਤ ਯਤਨ ਕੀਤਾ। ਜਨ ਸਿਹਤ ਵਿਭਾਗ ਵਿੱਚ ਕੁੱਝ ਹੀ ਸਮਾਂ ਕੰਮ ਕਰਨ ਉਪਰੰਤ ਡਿਊਟੀ ਤੋਂ ਫਾਰਗ ਕਰ ਦਿੱਤਾ ਗਿਆ। ਇਸ ਤੋਂ ਬਾਅਦ ਘਰ ਬੈਠੇ ਨਹੀਂ ਸਗੋਂ ਵਰਿੰਦਰਾ ਐਗਰੋ ਕੈਮੀਕਲ ਵਿੱਚ ਕੰਮ ਕਰਨਾ ਸ਼ੁਰੂ ਕੀਤਾ।
ਕੁੱਝ ਸਾਲਾਂ ਬਾਅਦ ਮੁੜ ਜਨ ਸਿਹਤ ਵਿਭਾਗ ਵਿੱਚ ਜੁਆਇਨ ਕਰ ਲਿਆ। ਇਹ ਉਹ ਸਮਾਂ ਸੀ ਜਦੋਂ ਵਿਸ਼ਵ ਵਪਾਰ ਸੰਸਥਾ ਦੀਆਂ ਉਦਾਰੀ ਕਰਨ ਸੰਸਾਰੀਕਰਨ ਅਤੇ ਨਿਜੀਕਰਨ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਤਹਿਤ ਸਰਕਾਰੀ ਅਦਾਰਿਆਂ ਦਾ ਭੋਗ ਪਾਉਣ ਦੀਆਂ ਵਿਉਤਾਂ ਘੜੀਆਂ ਜਾ ਰਹੀਆਂ ਸਨ। ਜਨ ਸਿਹਤ ਵਿਭਾਗ ਵਿੱਚ ਕੰਮ ਕਰਦੀ ਮੁੱਖ ਜਥੇਬੰਦੀ ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਯੂਨੀਅਨ ਵਿੱਚ ਥੋੜੇ ਸਮੇਂ ਬਾਅਦ ਹੀ ਆਗੂ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ। ਇਸ ਜਥੇਬੰਦੀ ਵਿੱਚ ਵੱਖ-ਵੱਖ ਵਿਚਾਰ ਕੰਮ ਕਰਦੇ ਸਨ। ਵਿਚਾਰਾਂ ਦੀ ਜਦੋਜਹਿਦ ਕਰਨ ਵਿੱਚ ਕਦੇ ਵੀ ਅਸੂਲਾਂ ਨੂੰ ਤਿਲਾਂਜਲੀ ਨਹੀਂ ਦਿੱਤੀ ਸਗੋਂ ਪੂਰੀ ਦ੍ਰਿੜਤਾ ਨਾਲ ਕਾਮਿਆਂ ਦੇ ਹਿੱਤਾਂ ਦੀ ਰਾਖੀ ਕੀਤੀ। ਜਥੇਬੰਦੀ ਵਿੱਚ ਮੱਤਭੇਦਾਂ ਦੇ ਚੱਲਦਿਆਂ ਸਾਥੀ ਖੁਸ਼ਮਿੰਦਰ ਪਾਲ ਟੈਕਨੀਕਲ ਮਕੈਨੀਕਲ ਇੰਪਲਾਈਜ ਯੂਨੀਅਨ ਵਿੱਚ ਸ਼ਾਮਲ ਹੋ ਗਿਆ ਅਤੇ ਸੂਬਾਈ ਜ਼ਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਪੰਜਾਬ ਦੇ ਮੁਲਾਜ਼ਮਾਂ ਦੀ ਪ੍ਰਤੀਨਿਧਤਾ ਕਰਦੀ ਜਥੇਬੰਦੀ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਵੀ ਅਹਿਮ ਜ਼ਿੰਮੇਵਾਰੀ ਨਿਭਾ ਰਹੇ ਹਨ। ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਨਵਾਂ ਸਮਾਜ ਸਿਰਜਣ ਲਈ ਯਤਨਸ਼ੀਲ ਇਨਕਲਾਬੀ ਕੇਂਦਰ ਪੰਜਾਬ ਜ਼ਿਲਾ ਬਰਨਾਲਾ ਦੇ ਸਕੱਤਰ ਵਜੋਂ ਵੀ ਵਡੇਰੀ ਜਿੰਮੇਵਾਰੀ ਨਿਭਾ ਰਹੇ ਹਨ।
ਆਗੂਆਂ ਰਾਜੀਵ ਕੁਮਾਰ, ਕਰਮਜੀਤ ਸਿੰਘ ਬੀਹਲਾ, ਜਗਰਾਜ ਹਰਦਾਸਪੁਰਾ, ਕੁਲਵੀਰ ਠੀਕਰੀਵਾਲਾ ਨੇ ਕਿਹਾ ਕਿ ਖੁਸ਼ਮਿੰਦਰ ਪਾਲ ਨੇ ਨਾ ਸਿਰਫ ਖੁਦ ਸਗੋਂ ਆਪਣੇ ਦੋਨੋਂ ਬੱਚਿਆਂ ਨੂੰ ਨਾ ਸਿਰਫ਼ ਉੱਚ ਵਿੱਦਿਆ ਦਿਵਾਈ ਸਗੋਂ ਅਗਾਂਹਵਧੂ ਵਿਚਾਰਾਂ ਨੂੰ ਅਪਨਾਉਣ ਕੇ ਸਰਗਰਮ ਹੋਣ ਲਈ ਵੀ ਪ੍ਰੇਰਿਤ ਕੀਤਾ।
ਉਨ੍ਹਾਂ ਵੱਲੋਂ ਆਪਣੀ ਮੁਲਾਜ਼ਮ ਜਥੇਬੰਦੀ ਤੇ ਇਨਕਲਾਬੀ ਕੇਂਦਰ, ਪੰਜਾਬ ਵਿੱਚ ਨਿਭਾਈ ਭੂਮਿਕਾ ਕਾਬਲੇ ਤਾਰੀਫ ਹੈ ਅਤੇ ਹਾਸਿਲ ਕੀਤੀ ਹੋਈ ਵਿਗਿਆਨਕ ਵਿਚਾਰਾਂ ਦੀ ਸੋਝੀ ਦਾ ਪ੍ਰਤੱਖ ਪ੍ਰਮਾਣ ਹੈ। ਬਿਰਲੇ ਹੀ ਅਜਿਹੇ ਟਰੇਡ ਯੂਨੀਅਨ ਆਗੂਆਂ ਵਿੱਚ ਇਹ ਗੁਣ ਹੁੰਦੇ ਹਨ ਜੋ ਆਪਣੀ ਜ਼ਿੰਦਗੀ ਦੇ ਸਫਰ ਦੌਰਾਨ ਇਹਨਾਂ ਔਖੇ ਰਾਹਾਂ ਤੇ ਤੁਰਦੇ ਹਨ ਇਹਨਾਂ ਔਖੇ ਰਾਹਾਂ ਤੇ ਤੁਰਨ ਵਾਲਿਆਂ ਵਿੱਚੋਂ ਇੱਕ ਹੈ ਸਾਡਾ ਸਾਥੀ ਖੁਸ਼ਮਿੰਦਰ ਪਾਲ। ਟੈਕਨੀਕਲ ਮਕੈਨੀਕਲ ਇੰਪਲਾਈਜ ਯੂਨੀਅਨ, ਇਨਕਲਾਬੀ ਕੇਂਦਰ ਪੰਜਾਬ ਅਤੇ ਹੋਰ ਬਹੁਤ ਸਾਰੀਆਂ ਜਨਤਕ ਜਥੇਬੰਦੀਆਂ ਨੇ ਆਪਣੇ ਸਤਿਕਾਰਤ ਆਗੂ ਨੂੰ ਸਨਮਾਨਿਤ ਕਰਕੇ ਆਪਦੇ ਆਪ ਨੂੰ ਮਾਣਮੱਤਾ ਮਹਿਸੂਸ ਕੀਤਾ। ਸਮੁੱਚੀ ਸਟੇਜ ਦੀ ਵਿਉਂਤਬੰਦੀ ਟੈਕਨੀਕਲ ਮਕੈਨੀਕਲ ਇੰਪਲਾਈਜ ਯੂਨੀਅਨ ਦੇ ਸੂਬਾ ਪ੍ਰਧਾਨ ਮਹਿਮਾ ਸਿੰਘ ਢਿੱਲੋਂ ਨੇ ਬਾਖੂਬੀ ਅਦਾ ਕੀਤੀ। ਇਸ ਸਮੇਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਹਰਚਰਨ ਚੰਨਾ, ਸੋਹਣ ਸਿੰਘ ਮਾਝੀ, ਪ੍ਰੇਮਪਾਲ ਕੌਰ, ਪਰਮਜੀਤ ਕੌਰ ਜੋਧਪੁਰ, ਅਜਮੇਰ ਸਿੰਘ ਬੰਮਰਾਹ, ਸਾਹਿਬ ਸਿੰਘ ਬਡਬਰ, ਗੁਰਦੇਵ ਮਾਂਗੇਵਾਲ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਬਾਬੂ ਸਿੰਘ ਖੁੱਡੀਕਲਾਂ, ਹਰਿੰਦਰ ਨਿੱਕਾ, ਯਾਦਵਿੰਦਰ ਠੀਕਰੀਵਾਲਾ, ਜਸਪਾਲ ਚੀਮਾ, ਕੁਲਵਿੰਦਰ ਠੀਕਰੀਵਾਲਾ, ਬੇਟੀ ਮਹਿਕਦੀਪ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਾਜ਼ਰ ਆਗੂਆਂ ਨੇ ਖੁਸ਼ਮਿੰਦਰ ਪਾਲ ਸਮੇਤ ਭੈਣ ਬਲਵੰਤ ਕੌਰ ਦੇ ਸ਼ਾਨਾਮੱਤੇ ਸਫ਼ਰ ਦੀ ਜ਼ੋਰਦਾਰ ਸ਼ਲਾਘਾ ਕਰਦੇ ਹੋਏ ਸੰਗਰਾਮੀ ਮੁਬਾਰਕਬਾਦ ਦਿੰਦਿਆਂ ਸਫਲ ਸੰਘਰਸ਼ਮਈ ਜ਼ਿੰਦਗੀ ਦੀ ਕਾਮਨਾ ਕੀਤੀ।