ਸੱਤਾ ‘ਚ ਹਾਰ ਦਾ ਖੌਫ, ਮੀਤ ਪ੍ਰਧਾਨ ਦੀ ਚੋਣ ਕਰਾਉਣ ਤੋਂ “ਖਿੱਚੇ ਪੈਰ ਪਿੱਛੇ”

Advertisement
Spread information

ਪ੍ਰਧਾਨਗੀ ਦਾ ਦਾ ਫੈਸਲਾ ਕਾਂਗਰਸ ਦੇ ਹੱਕ ‘ਚ ਆਉਣ ਤੋਂ ਬਾਅਦ, ਸੱਤਾ ਧਿਰ ਘਬਰਾਈ, ਮੀਤ ਪ੍ਰਧਾਨ ਦੀ ਚੋਣ ਕੀਤੀ ਮੁਲਤਵੀ

ਹਰਿੰਦਰ ਨਿੱਕਾ, ਬਰਨਾਲਾ 16 ਸਤੰਬਰ 2024

    ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਫੈਸਲਾ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਦੇ ਪੱਖ ਵਿੱਚ ਆਉਂਦਿਆਂ ਹੀ ਸੂਬੇ ਦੀ ਸੱਤਾ ਤੇ ਕਾਬਿਜ ਆਮ ਆਦਮੀ ਪਾਰਟੀ ਵਿੱਚ ਘਬਰਾਹਟ ਦਾ ਮਾਹੌਲ ਉਦੋਂ ਸਾਹਮਣੇ ਆਇਆ ਜਦੋਂ, ਸੱਤਾਧਾਰੀਆਂ ਦੇ ਇਸ਼ਾਰੇ ਤੇ ਪ੍ਰਸ਼ਾਸ਼ਨ ਵੱਲੋਂ ਭਲਕੇ ਹੋਣ ਵਾਲੀ,ਨਗਰ ਕੌਂਸਲ ਦੇ ਮੀਤ ਪ੍ਰਧਾਨ ਦੀ ਚੋਣ , ਇੱਕ ਦਿਨ ਪਹਿਲਾਂ ਹੀ ਮੁਲਤਵੀ ਕਰ ਦਿੱਤੀ ਗਈ। ਜਦੋਂਕਿ ਸੱਤਾਧਾਰੀ, ਪ੍ਰਸ਼ਾਸ਼ਨ ਜਰੀਏ ਕੌਂਸਲਰਾਂ ਤੇ ਦਬਾਅ ਬਣਾ ਕੇ,ਚੋਣ ਜਿੱਤਣ ਹਰ ਹੱਥਕੰਡਾ ਅਪਣਾਉਣ ਦੀ ਰਣਨੀਤੀ ਨੂੰ ਅੰਤਿਮ ਛੋਹਾਂ ਦੇ ਵੀ ਚੁੱਕੇ ਸਨ। ਚੋਣ ਮੁਲਤਵੀ ਹੋਣ ਬਾਰੇ,ਕੌਂਸਲਰਾਂ ਨੂੰ ਘਰੋ-ਘਰੀ ਨੋਟਿਸ ਆਉਣ ਤੋਂ ਬਾਅਦ ਹੀ ਲੱਗਿਆ। 

Advertisement

ਪ੍ਰਧਾਨ ਧੜੇ ਦੀ ਰਣਨੀਤੀ ਅੱਗੇ ਬੌਣੇ ਪੈ ਗਏ ਸੱਤਾਧਾਰੀ..!

    ਕਰੀਬ ਢਾਈ ਵਰ੍ਹਿਆਂ ਤੋਂ ਖਾਲੀ ਪਏ ਨਗਰ ਕੌਂਸਲ ਦੇ ਮੀਤ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ, ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਦੇ ਧੜੇ ਵੱਲੋਂ ਮੀਤ ਪ੍ਰਧਾਨਗੀ ਦੇ ਉਮੀਦਵਾਰ ਜਗਜੀਤ ਸਿੰਘ ਜੱਗੂ ਮੋਰ ਦੀ ਤਰਫੋਂ ਹੋਰਨਾਂ ਬਹੁਗਿਣਤੀ ਕੌਂਸਲਰਾਂ ਨੂੰ ਨਾਲ ਲੈ ਕੇ, ਹਾਈਕੋਰਟ ਵਿੱਚ ਰਿੱਟ ਦਾਇਰ ਕੀਤੀ ਗਈ ਸੀ,ਹਾਈਕੋਰਟ ਵੱਲੋਂ ਪ੍ਰਸ਼ਾਸ਼ਨ ਨੂੰ ਚੋਣ ਕਰਵਾਉਣ ਦਾ ਹੁਕਮ ਦਿੱਤਾ ਗਿਆ ਸੀ, ਜਿਸ ਦੇ ਨਤੀਜੇ ਵਜੋਂ ਡੀਸੀ ਵੱਲੋਂ ਚੋਣ ਕਰਵਾਉਣ ਲਈ ਐਸਡੀਐਮ ਬਰਨਾਲਾ ਨੂੰ ਕਨਵੀਨਰ ਨਿਯੁਕਤ ਕੀਤਾ ਗਿਆ,ਜਿੰਨ੍ਹਾਂ ਨੇ ਕੁੱਝ ਦਿਨ ਪਹਿਲਾਂ ਨੋਟਿਸ ਜਾਰੀ ਕਰਕੇ, ਚੋਣ ਕਰਵਾਉਣ ਲਈ 17-09-2024 ਨੂੰ ਸਵੇਰੇ 11.30 ਵਜੇ ਹੋਣ ਲਾਇਬਰੇਰੀ ਹਾਲ ਵਿੱਚ ਬਕਾਇਦਾ ਮੀਟਿੰਗ ਵੀ ਰੱਖੀ ਗਈ ਸੀ। ਚੋਣ ਦਾ ਐਲਾਨ ਹੁੰਦਿਆਂ ਹੀ ਪ੍ਰਧਾਨ ਧੜੇ ਦੇ ਹਾਉਸ ਦੇ ਬਹੁਗਿਣਤੀ ਕੌਂਸਲਰ ਇਕਜੁਟਤਾ ਕਾਇਮ ਰੱਖਦੇ ਹੋਏ,ਸ਼ਹਿਰ ਵਿੱਚੋਂ ਖਿਸਕ ਗਏ। ਜਿਸ ਕਾਰਣ ਸੱਤਾਧਾਰੀ 16 ਸਤੰਬਰ ਦੀ ਸ਼ਾਮ ਤੱਕ ਮੀਤ ਪ੍ਰਧਾਨਗੀ ਦੇ ਕਾਬਿਜ ਹੋਣ ਲਈ, ਜੁਗਾੜ ਕਰਦੇ ਰਹੇ, ਪਰੰਤੂ ,ਜਦੋਂ ਅੱਜ ਸਵੇਰੇ ਨਗਰ ਕੌਂਸਲ ਦੇ ਅਹੁਦਿਓ ਲਾਹੇ ਪ੍ਰਧਾਨ ਰਾਮਣਵਾਸੀਆ ਦੇ ਹੱਕ ਵਿੱਚ ਹਾਈਕੋਰਟ ਨੇ ਰਿਜਰਵ ਰੱਖਿਆ ਫੈਸਲਾ ਸੁਣਾ ਦਿੱਤਾ ਤਾਂ, ਸੱਤਾਧਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ,ਜਦੋਂਕਿ ਰਾਮਣਵਾਸੀਆ ਦੇ ਧੜੇ ਵਿੱਚ ਨਵੀਂ ਊਰਜਾ ਦਾ ਸੰਚਾਰ ਹੋਇਆ। ਆਖਿਰ ਸੱਤਾਧਾਰੀ ਧਿਰ ਨੂੰ ਜਦੋਂ ਕਥਿਤ ਹਾਰ ਸਾਹਮਣੇ ਦਿਖਾਈ ਦੇਣ ਲੱਗੀ ਤਾਂ ਉਨ੍ਹਾਂ ਦੇ ਕੁੱਝ ਕੌਂਸਲਰਾਂ ਨੇ ਚੋਣ ਮੁਲਤਵੀ ਕਰਵਾਉਣ ਲਈ, ਜਲੰਧਰ ਵਿਖੇ ਲੱਗਣ ਵਾਲੇ ਸ੍ਰੀ ਬਾਬਾ ਸੋਢਲ ਮੇਲੇ ਦਾ ਸਹਾਰਾ ਲੈ ਲਿਆ। ਚੋਣ ਲਈ ਨਿਯੁਕਤ ਕਨਵੀਨਰ ਕਮ ਐਸਡੀਐਮ ਬਰਨਾਲਾ ਨੇ 17 ਸਤੰਬਰ ਨੂੰ ਹੋਣ ਵਾਲੀ ਚੋਣ ਮੁਲਤਵੀ ਕਰਕੇ,ਸੱਤਾਧਾਰੀਆਂ ਨੂੰ ਜੋੜਤੋੜ ਕਰਨ ਲਈ ਇੱਕ ਹਫਤੇ ਦਾ ਹੋਰ ਸਮਾਂ ਦੇਣ ਲਈ 24 ਸਤੰਬਰ ਦਾ ਦਿਨ ਚੋਣ ਲਈ ਨਿਸਚਿਤ ਕਰ ਦਿੱਤਾ। 

ਚੋਣ ਮੁਲਤਵੀ ਕਰਨ ਸਬੰਧੀ ਲਿਖੀ ਇਬਾਰਤ…

       ਚੋਣ ਲਈ ਨਿਯੁਕਤ ਕਨਵੀਨਰ-ਕਮ-ਉਪ ਮੰਡਲ ਮੈਜਿਸਟਰੇਟ ਬਰਨਾਲਾ ਵੱਲੋਂ ਕੌਂਸਲਰਾਂ ਨੂੰ ਸੂਚਿਤ ਕਰਨ ਲਈ ਭੇਜੇ ਨੋਟਿਸ ਵਿੱਚ ਲਿਖਿਆ ਗਿਆ ਹੈ ਕਿ ਆਪ ਨੂੰ ਸੂਚਿਤ ਕੀਤਾ ਜਾਦਾ ਹੈ ਕਿ ਨਿਮਨਹਸਤਾਖਰ ਵੱਲੋਂ ਮੀਤ ਪ੍ਰਧਾਨ ਦੀ ਚੋਣ ਸਬੰਧੀ ਮੀਟਿੰਗ ਮਿਤੀ 17-09-2024 ਨੂੰ ਦਫਤਰ ਨਗਰ ਕੌਂਸਲ ਬਰਨਾਲਾ (ਲਾਇਬਰੇਰੀ ਹਾਲ) ਸਮਾਂ ਸਵੇਰੇ 11.30 ਵਜੇ ਨਿਸਚਿਤ ਕੀਤੀ ਗਈ ਸੀ। ਪ੍ਰੰਤੂ ਅੱਜ ਮਿਤੀ 16-09-2024 ਨੂੰ ਕੁੱਝ ਕੋਂਸਲਰਾਂ ਵੱਲੋਂ ਨਿਮਨਹਸਤਾਖਰ ਪਾਸ ਬੇਨਤੀ ਕੀਤੀ ਹੈ ਕਿ ਮੀਤ ਪ੍ਰਧਾਨ ਦੀ ਚੋਣ ਸਬੰਧੀ ਹੋਣ ਵਾਲੀ ਮੀਟਿੰਗ ਕਿਸੇ ਹੋਰ ਦਿਨ ਰੱਖੀ ਜਾਵੇ, ਕਿਉਕਿ ਮਿਤੀ 17-09-2024 ਨੂੰ ਵਿਸ਼ਵ ਪ੍ਰਸਿੱਧ ਸ੍ਰੀ ਬਾਬਾ ਸੋਢਲ ਮੇਲਾ ਜਲੰਧਰ ਵਿਖੇ ਮਨਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋ ਇਸ ਮੇਲੇ ਪ੍ਰਤੀ ਬਹੁਤ ਸਰਧਾ ਹੈ ਅਤੇ ਉਨ੍ਹਾਂ ਦਾ ਇਸ ਮੇਲੇ ਵਿੱਚ ਹਾਜਰ ਹੋਣਾ ਯਕੀਨੀ ਹੁੰਦਾ ਹੈ।

         ਸੋ ਉਕਤ ਅਨੁਸਾਰ ਕੌਂਸਲਰਾਂ ਦੀ ਬੇਨਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਤੀ 17-09-2024 ਨੂੰ ਮੀਤ ਪ੍ਰਧਾਨ ਦੀ ਚੋਣ ਸਬੰਧੀ ਹੋਣ ਵਾਲੀ ਮੀਟਿੰਗ ਮੁਅੱਤਲ ਕੀਤੀ ਜਾਦੀ ਹੈ ਅਤੇ ਇਹ ਮੀਟਿੰਗ ਹੁਣ ਮਿਤੀ 24-09-2024 ਨੂੰ ਦਫਤਰ ਨਗਰ ਕੌਂਸਲ ਬਰਨਾਲਾ (ਲਾਇਬਰੇਰੀ ਹਾਲ) ਸਮਾਂ ਸਵੇਰੇ 11.30 ਵਜੇ ਨਿਸਚਿਤ ਕੀਤੀ ਜਾਦੀ ਹੈ।

ਹਾਰ ਦੇ ਡਰ ਕਾਰਣ ਚੋਣ ਕਰਾਉਣ ਤੋਂ ਭੱਜੇ ਸੱਤਾਧਾਰੀ…

        ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਮੱਖਣ ਸ਼ਰਮਾ, ਸ਼ਹਿਰੀ ਪ੍ਰਧਾਨ ਮਹੇਸ਼ ਲੋਟਾ ਆਦਿ ਆਗੂਆਂ ਨੇ ਚੋਣ ਮੁਲਤਵੀ ਕਰਨ ਦੇ ਫੈਸਲੇ ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਹਕੀਕਤ ਤੋਂ ਹਰ ਕੋਈ ਵਾਕਿਫ ਹੈ ਕਿ ਸੱਤਾਧਾਰੀਆਂ ਨੇ ਸ੍ਰੀ ਬਾਬਾ ਸੋਢਲ ਮੇਲਾ ਜਲੰਧਰ ਦੀ ਆੜ ਵਿੱਚ ਚੋਣ ਮੁਲਤਵੀ ਕੀਤੀ ਹੈ। ਦਰਅਸਲ ਸੱਤਾਧਾਰੀਆਂ ਨੂੰ ਆਪਣੀ ਹਾਰ ਸਾਫ ਦਿਖਾਈ ਦੇ ਰਹੀ ਸੀ, ਜਿਸ ਕਾਰਣ, ਉਹ ਪਹਿਲਾਂ ਤਾਂ ਦੇਰ ਸ਼ਾਮ ਤੱਕ ਕੌਂਸਲਰਾਂ ਦੇ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ,ਆਖਿਰ ਉਨ੍ਹਾਂ ਇੱਕ ਹਫਤੇ ਦਾ ਸਮਾਂ ਹੋਰ ਕੋਝੇ ਹੱਥਕੰਡੇ ਅਪਣਾਉਣ ਲਈ ਲੈ ਹੀ ਲਿਆ। ਉਨ੍ਹਾਂ ਕਿਹਾ ਕਿ ਜੇਕਰ, ਇਹ ਗੱਲ ਨਾ ਹੁੰਦੀ ਤਾਂ ਚੋਣ 18/19 ਸਤੰਬਰ ਨੂੰ ਵੀ ਕਰਵਾਈ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਕੌਂਸਲਰਾਂ ਦੀ ਏਕਤਾ ਅੱਗੇ,ਸੱਤਾਧਾਰੀਆਂ ਨੇ ਗੋਡੇ ਟੇਕ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕੌਂਸਲਰ ਆਪਣਾ ਏਕਾ ਹੁਣ ਦੀ ਤਰਾਂ 24 ਸਤੰਬਰ ਦੀ ਚੋਣ ਵਿੱਚ ਵੀ ਬਰਕਰਾਰ ਰੱਖਣਗੇ। ਨਗਰ ਕੌਂਸਲ ਦੇ ਪ੍ਰਧਾਨ ਰਾਮਣਵਾਸੀਆ ਨੇ ਕਿਹਾ ਕਿ ਸੱਤਾਧਾਰੀ ਜੋ ਮਰਜੀ ਕਰ ਲੈਣ, ਪਰੰਤੂ ਉਨ੍ਹਾਂ ਦੇ ਮਨਸੂਬੇ ਕੌਂਸਲਰਾਂ ਦਾ ਏਕਾ ਕਾਮਯਾਬ ਨਹੀਂ ਹੋਣ ਦੇਵੇਗਾ। ਵਰਨਣਯੋਗ ਹੈ ਕਿ ਮੀਤ ਪ੍ਰਧਾਨ ਦੀ ਚੋਣ ਲਈ ਪ੍ਰਧਾਨ ਧੜੇ ਵੱਲੋਂ ਜਗਜੀਤ ਸਿੰਘ ਜੱਗੂ ਮੋਰ ਅਤੇ ਆਮ ਆਦਮੀ ਪਾਰਟੀ ਨੇ ਪਰਮਜੀਤ ਸਿੰਘ ਜੌਂਟੀ ਮਾਨ ਨੂੰ ਆਪਣਾ ਉਮੀਦਵਾਰ ਬਣਾਇਆ ਹੋਇਆ ਹੈ। 

Advertisement
Advertisement
Advertisement
Advertisement
Advertisement
error: Content is protected !!