ਹਾਅ ਦਾ ਨਾਅਰਾ ਮਾਰਨ ਦੀ ਆਪ ਸਰਕਾਰ ਨੇ ਦਿੱਤੀ ਸੀ ਪ੍ਰਧਾਨ ਰਾਮਣਵਾਸੀਆ ਨੂੰ ਸਜ਼ਾ
ਨਗਰ ਪੰਚਾਇਤ ਹੰਡਿਆਇਆ ਦੀ ਮਾੜੀ ਵਿਤੀ ਹਾਲਤ ਨੂੰ ਪੈਰਾਂ ਸਿਰ ਕਰਨ ਲਈ ਦਿੱਤਾ ਸੀ 10 ਲੱਖ ਦਾ ਲੋਨ, ਤਨਖਾਹਾਂ ਦੇਣ ਯੋਗੇ ਵੀ ਪੈਸੇ ਨਹੀਂ ਸੀ, ਨਗਰ ਪੰਚਾਇਤ ਕੋਲ…
ਹਰਿੰਦਰ ਨਿੱਕਾ , ਬਰਨਾਲਾ 16 ਸਿਤੰਬਰ 2024
ਗਿਆਰਾਂ ਅਕਤੂਬਰ 2023 ਨੂੰ ਸੱਤਾ ਧਿਰ ਦੇ ਦਬਾਅ ਕਾਰਣ, ਅਹੁਦਿਓਂ ਲਾਹੇ ਨਗਰ ਕੌਂਸਲ ਦੇ ਕਾਂਗਰਸੀ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੂੰ ਅੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਬਹਾਲ ਕਰ ਦਿੱਤਾ ਹੈ। ਹਾਈਕੋਰਟ ਦੇ ਇਸ ਫੈਸਲੇ ਨਾਲ ਮੌਜੂਦਾ ਮੈਂਬਰ ਪਾਰਲੀਮੈਂਟ ਤੇ ਤਤਕਾਲੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਸੂਬਾ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਹੈ। ਹਾਈਕੋਰਟ ਦੇ ਡਬਲ ਬੈਂਚ ਦੇ ਮਾਨਯੋਗ ਜਸਟਿਸ ਸੁਰੇਸ਼ਵਰ ਠਾਕੁਰ ਅਤੇ ਮਾਨਯੋਗ ਜਸਟਿਸ ਸੁਦੀਪਤੀ ਸ਼ਰਮਾ ਨੇ ਦੋਵਾਂ ਧਿਰਾਂ ਦੀ ਬਹਿਸ ਸੁਣਨ ਉਪਰੰਤ ਆਪਣਾ ਫੈਸਲਾ ਰਿਜਰਵ ਰੱਖ ਲਿਆ ਸੀ। ਇਹ ਰਿਜਰਵ ਰੱਖਿਆ ਫੈਸਲਾ ਸੁਣਾਉਣ ਲਈ ਸੂਚੀ ਵਿੱਚ ਦਰਜ਼ ਕਰ ਦਿੱਤਾ ਗਿਆ ਹੈ। ਯਾਨੀ ਅੱਜ 16 ਸਿਤੰਬਰ ਨੂੰ ਹਾਈਕੋਰਟ ਦੇ ਮਾਨਯੋਗ ਜਸਟਿਸ ਸੁਰੇਸ਼ਵਰ ਠਾਕੁਰ ਅਤੇ ਮਾਨਯੋਗ ਜਸਟਿਸ ਸੁਦੀਪਤੀ ਸ਼ਰਮਾ ਦਾ ਬੈਂਚ ਨੇ ਆਪਣਾ ਫੈਸਲਾ ਸੁਣਾਉਂਦਿਆਂ ਨਗਰ ਕੌਂਸਲ ਦੀ ਕਮਾਂਡ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆਂ ਹੱਥ ਸੌਂਪ ਦਿੱਤੀ ਹੈ। ਹਾਈਕੋਰਟ ਦੇ ਫੈਸਲੇ ਨਾਲ ਕਾਂਗਰਸੀਆਂ ਤੋਂ ਇਲਾਵਾਂ ਉਨ੍ਹਾਂ ਦੇ ਹੱਕ ਵਿੱਚ ਡਟ ਕੇ ਖੜ੍ਹੇ ਕੌਂਸਲਰਾਂ ਅਤੇ ਸਮਰਥੱਕਾਂ ਵਿੱਖ ਖੁਸ਼ੀ ਦੀ ਲਹਿਰ ਦੌੜ ਗਈ। ਲੋਕ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗੇ ਹੋਏ ਹਨ। ਹਾਈਕੋਰਟ ਦੇ ਇਸ ਫੈਸਲੇ ਤੇ ਪਹਿਲੀ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਕਿਹਾ ਹਾਈਕੋਰਟ ਨੇ ਮੈਨੂੰ ਇਨਸਾਫ ਦੇ ਕੇ, ਸੱਤਾਧਾਰੀਆਂ ਵੱਲੋਂ ਕੀਤੀ ਲੋਕਤੰਤਰ ਦੀ ਹੱਤਿਆ ਨੂੰ ਪੁੱਠਾ ਮੋੜਾ ਦੇ ਦਿੱਤਾ ਹੈ। ਉਮੀਦ ਹੈ, ਸੱਤਾਧਾਰੀ ਹੁਣ, ਕੋਈ ਹੋਰ ਸਾਜਿਸ਼ ਘੜ੍ਹਨ ਦੀ ਬਜਾਏ, ਸ਼ਹਿਰ ਦਾ ਚੌਤਰਫਾ ਵਿਕਾਸ ਕਰਨ ਲਈ, ਮੈਨੂੰ ਸਹਿਯੋਗ ਕਰਨਗੇ। ਉੱਧਰ ਇਸ ਫੈਸਲੇ ਨੇ ਸੱਤਾਧਾਰੀਆਂ ਵੱਲੋਂ ਜਲਦਬਾਜੀ ਵਿੱਚ ਚੁਣੇ ਪ੍ਰਧਾਨ ਰੁਪਿੰਦਰ ਸਿੰਘ ਸ਼ੀਤਲ, ਉਰਫ ਬੰਟੀ ਦੀਆਂ ਪ੍ਰਧਾਨ ਬਣਨ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ ਹੈ। ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਕਾਂਗਰਸ ਸ਼ਹਿਰੀ ਦੇ ਪ੍ਰਧਾਟ ਅਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਲੋਟਾ, ਕੌਂਸਲਰ ਜਗਜੀਤ ਸਿੰਘ ਜੱਗੂ ਮੋਰ, ਅਜੇ ਕੁਮਾਰ, ਗੁਰਪ੍ਰੀਤ ਕਾਕਾ ਡੈਂਟਰ, ਦੀਪਿਕਾ ਸ਼ਰਮਾ, ਭੁਪਿੰਦਰ ਸਿੰਘ ਭਿੰਦੀ, ਰਣਦੀਪ ਕੌਰ ਬਰਾੜ, ਮੀਨੂੰ ਬਾਂਸਲ, ਰਾਣੀ ਕੌਰ ਡੇਅਰੀਵਾਲਾ, ਗਿਆਨ ਕੌਰ ਸੰਘੇੜਾ,ਜਸਮੇਲ ਸਿੰਘ ਡੇਰੀਵਾਲਾ ਆਦਿ ਆਗੂਆਂ ਨੇ ਰਾਮਣਵਾਸੀਆਂ ਨੂੰ ਹਾਈਕੋਰਟ ਵੱਲੋਂ ਬਹਾਲ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਹਾਈਕੋਰਟ ਨੇ ਆਪ ਸਰਕਾਰ ਦੀ ਧੱਕੇਸ਼ਾਹੀ ਨੂੰ ਜ਼ੋਰਦਾਰ ਝਟਕਾ ਦਿੱਤਾ ਹੈ। ਉਨ੍ਹਾਂ ਰਾਮਣਵਾਸੀਆ ਨੂੰ ਅਹੁਦੇ ਤੇ ਬਹਾਲ ਹੋਣ ਦੀ ਵਧਾਈ ਵੀ ਦਿੱਤੀ।
ਪ੍ਰਧਾਨ ਨੂੰ ਅਹੁਦੇ ਤੋਂ ਲਾਹੁਣ ਲਈ ਕੀ ਲਾਇਆ ਸੀ ਦੋਸ਼ ?
ਸਥਾਨਕ ਸਰਕਾਰਾਂ ਵਿਭਾਗ ਦੇ ਸੈਕਟਰੀ ਅਜੋਏ ਸ਼ਰਮਾ ਵੱਲੋਂ ਜ਼ਾਰੀ ਪੱਤਰ ਨੰਬਰ 15/36/2023-5 ਸਸ 3 ਮਿਤੀ 11 ਅਕਤੂਬਰ 2023 ਵਿੱਚ ਕਿਹਾ ਗਿਆ ਹੈ ਕਿ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਨਗਰ ਪੰਚਾਇਤ ਹੰਡਿਆਇਆ ਨੂੰ 10 ਲੱਖ ਰੁਪਏ ਦਾ ਚੈਕ ਨਗਰ ਕੌਂਸਲ ਦੇ ਹਾਊਸ ਦੀ ਪ੍ਰਵਾਨਗੀ ਤੋਂ ਬਿਨਾਂ ਨਗਰ ਕੌਂਸਲ ਬਰਨਾਲਾ ਵੱਲੋਂ ਮਿਤੀ 9 ਦਸੰਬਰ 2021 ਨੂੰ ਜ਼ਾਰੀ ਕਰ ਦਿੱਤਾ ਸੀ। ਜਦੋਂਕਿ ਮਿਊਂਸਪਲ ਐਕਟ 1911 ਦੀ ਧਾਰਾ 22 ਪ੍ਰਧਾਨ ਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਦਿੰਦੀ। ਇਸ ਤਰਾਂ ਪ੍ਰਧਾਨ ਨੇ ਨਗਰ ਕੌਂਸਲ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਗਿਆ ਹੈ। ਜਿਸ ਕਾਰਣ ਉਨ੍ਹਾਂ ਨੂੰ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਦੇ ਅਹੁਦੇ ਤੋਂ ਫਾਰਗ ਕੀਤਾ ਜਾਂਦਾ ਹੈ। ਇਹ ਹੁਕਮ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ।