16 ਅਤੇ 17 ਸਿੰਤਬਰ ਨੂੰ ਤੈਅ ਹੋਊ ਨਗਰ ਕੌਂਸਲ ਦੀ ਰਾਜਨੀਤਿਕ ਦਿਸ਼ਾ ਤੇ ਦਸ਼ਾ…
ਹਰਿੰਦਰ ਨਿੱਕਾ , ਬਰਨਾਲਾ 15 ਸਿਤੰਬਰ 2024
ਸੋਲਾਂ ਅਤੇ ਸਤਾਰਾਂ ਸਿਤੰਬਰ ਦੇ ਦੋ ਦਿਨ ਨਗਰ ਕੌਂਸਲ ਬਰਨਾਲਾ ਦੀ ਰਾਜਨੀਤਿਕ ਦਿਸ਼ਾ ਅਤੇ ਦਸ਼ਾ ਨੂੰ ਤੈਅ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰਨਗੇ। 11 ਅਕਤੂਬਰ 2023 ਨੂੰ ਕਥਿਤ ਤੌਰ ਤੇ ਸੱਤਾ ਧਿਰ ਦੇ ਦਬਾਅ ਕਾਰਣ, ਅਹੁਦਿਓਂ ਲਾਹੇ ਨਗਰ ਕੌਂਸਲ ਦੇ ਕਾਂਗਰਸੀ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੂੰ ਵੱਲੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਸਰਕਾਰ ਦੇ ਫੈਸਲੇ ਖਿਲਾਫ ਦਾਇਰ ਰਿੱਟ ਸਬੰਧੀ ਰਿਜਰਵ ਰੱਖਿਆ ਫੈਸਲਾ ਭਲਕੇ ਸੁਣਾਉਣ ਲਈ ਸੂਚੀ ਵਿੱਚ ਦਰਜ਼ ਕਰ ਦਿੱਤਾ ਗਿਆ ਹੈ। ਯਾਨੀ ਭਲਕੇ 16 ਸਿਤੰਬਰ ਨੂੰ ਹਾਈਕੋਰਟ ਦੇ ਮਾਨਯੋਗ ਜਸਟਿਸ ਸੁਰੇਸ਼ਵਰ ਠਾਕੁਰ ਅਤੇ ਮਾਨਯੋਗ ਜਸਟਿਸ ਸੁਦੀਪਤੀ ਸ਼ਰਮਾ ਦਾ ਬੈਂਚ ਤੈਅ ਕਰੇਗਾ ਕਿ ਨਗਰ ਕੌਂਸਲ ਦੀ ਕਮਾਂਡ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆਂ ਹੱਥ ਸੌਂਪੀ ਜਾਵੇਗੀ ਜਾਂ ਫਿਰ ਸੱਤਾਧਾਰੀਆਂ ਵੱਲੋਂ ਜਲਦਬਾਜੀ ਵਿੱਚ ਚੁਣੇ ਪ੍ਰਧਾਨ ਰੁਪਿੰਦਰ ਸਿੰਘ ਸ਼ੀਤਲ, ਉਰਫ ਬੰਟੀ ਦੀ ਚੋਣ ਤੋਂ ਬਾਅਦ ਨੋਟੀਫਿਕੇਸ਼ਨ ਤੇ ਲਾਈ ਰੋਕ ਖਤਮ ਕਰਕੇ,ਉਸ ਦੀ ਪ੍ਰਧਾਨਗੀ ਦਾ ਰਾਹ ਪੱਧਰਾ ਹੋ ਜਾਵੇਗਾ। ਪ੍ਰਧਾਨਗੀ ਦੇ ਫੈਸਲੇ ਤੋਂ ਬਾਅਦ ਦੂਜਾ 17 ਸਿੰਤਬਰ ਦਾ ਦਿਨ ਵੀ ਅਹਿਮ ਹੈ, ਕਿਉਂਕਿ ਇਸ ਦਿਨ ਹਾਈਕੋਰਟ ਦੇ ਦਖਲ ਤੋਂ ਬਾਅਦ ਮੀਤ ਪ੍ਰਧਾਨ ਦੇ ਅਹੁਦੇ ਲਈ ਚੋਣ ਹੋਣੀ ਹੈ। ਇਹ ਚੋਣ ਕਰੀਬ ਢਾਈ ਵਰਿਆਂ ਦੇ ਵਕਫੇ ਬਾਅਦ ਹੋਣੀ ਹੈ, ਜਿਹੜੀ ਕਾਨੂੰਨਨ ਤੌਰ ਤੇ ਹਰ ਸਾਲ ਹੋਣੀ ਲਾਜਿਮੀ ਹੈ। ਪਰੰਤੂ ਸੱਤਾਧਾਰੀਆਂ ਨੇ ਇਹ ਚੋਣ ਕਰਵਾਉਣ ਤੋਂ ਟਾਲਾ ਵੱਟਿਆ ਹੋਇਆ ਸੀ। ਇਸ ਤਰਾਂ ਲੰਬੇ ਅਰਸੇ ਤੋਂ ਖਾਲੀ ਪਿਆ ਪ੍ਰਧਾਨ ਅਤੇ ਮੀਤ ਪ੍ਰਧਾਨ ਦਾ ਅਹੁਦਾ ਦੋ ਦਿਨਾਂ ਵਿੱਚ ਭਰੇ ਜਾਣਾ ਤੈਅ ਜਾਪਦਾ ਹੈ।
ਕੁੰਢੀਆਂ ਦੇ ਸਿੰਙ ਫਸ ਗਏ,ਨਿੱਤਰੂ ਵੜੇਂਵੇ ਖਾਣੀ…..
17 ਸਤੰੰਬਰ ਨੂੰ ਹੋਣ ਵਾਲੀ ਮੀਤ ਪ੍ਰਧਾਨ ਦੀ ਚੋਣ ਲਈ ਰਾਮਣਵਾਸੀਆਂ ਦੇ ਧੜੇ ਵੱਲੋਂ ਕੌਂਸਲਰ ਜਗਜੀਤ ਸਿੰਘ ਜੱਗੂ ਮੋਰ ਅਤੇ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਛੱਡ ਕੇ ਆਪ ਦਾ ਝਾੜੂ ਫੜ੍ਹਣ ਵਾਲੇ ਪਰਮਜੀਤ ਸਿੰਘ ਜ਼ੌਂਟੀ ਮਾਨ ਨੂੰ ਉਮੀਦਵਾਰ ਬਣਾਇਆ ਗਿਆ ਹੈ। ਦੋਵਾਂ ਧਿਰਾਂ ਵੱਲੋਂ ਮੀਤ ਪ੍ਰਧਾਨ ਦੀ ਕੁਰਸੀ ਤੇ ਕਬਜਾ ਕਰਨ ਲਈ ਸਿਰ ਧੜ ਦੀ ਬਾਜੀ ਲਾ ਰੱਖੀ ਹੈ। ਨਗਰ ਕੌਂਸਲ ਦੇ ਹਾਊਸ ਦੇ ਕੁੱਲ 13 ਮੈਂਬਰ ਹਨ,ਇੱਕ ਵੋਟ ਹਲਕਾ ਵਿਧਾਇਕ ਦੀ ਪੈ਼ਦੀ ਹੈ,ਪਰੰਤੂ ਹੁਣ ਮੀਤ ਹੇਅਰ ਵੱਲੋਂ ਐਮਪੀ ਚੁਣੇ ਜਾਣ ਉਪਰੰਤ ਐਮ.ਐਲ.ਏ. ਦੇ ਅਹੁਦੇ ਤੋਂ ਦਿੱਤੇ ਤਿਆਗ ਪੱਤਰ ਕਾਰਣ, ਹੁਣ ਵਿਧਾਇਕ ਦੀ ਵੋਟ ਦਾ ਘਾਟਾ ਵੀ, ਆਪ ਦੇ ਹਿੱਸੇ ਆਇਆ ਹੈ। ਆਪ ਦੇ ਆਪਣੇ ਸਿਰਫ ਆਪਣੇ ਦੋ ਹੀ ਕੌਂਸਲਰ ਰੁਪਿੰਦਰ ਸ਼ੀਤਲ ਅਤੇ ਮਲਕੀਤ ਸਿੰਘ ਹੀ ਹਨ। ਬਾਕੀ ਸਾਰੇ ਦਲਬਦਲੂਆਂ ਦੀ ਫੌਜ ਹੈ, ਜਿਹੜੇ ਆਪੋ-ਆਪਣੀਆਂ ਪਾਰਟੀਆਂ ਨੂੰ ਛੱਡ ਕੇ ਆਪ ਵਿੱਚ ਸ਼ਾਮਿਲ ਹੋਏ ਹਨ। ਇਸ ਤਰਾਂ ਚੋਣ ਜਿੱਤਣ ਵਾਸਤੇ ਜਰੂਰੀ 16 ਕੌਂਸਲਰਾਂ ਦਾ ਜਾਦੂਈ ਅੰਕੜਾ ਛੂਹਣ ਲਈ ਸੱਤਾਧਾਰੀ ਆਪ ਦਾ ਸਾਰਾ ਦਾਰੋਮਦਾਰ ਦਲਬਦਲੀ ਤੇ ਹੀ ਟਿਕਿਆ ਹੋਇਆ ਹੈ। ਜਦੋਂਕਿ ਕਾਂਗਰਸੀ ਧਿਰ ਵੱਲੋਂ ਆਪਣੇ ਨਾਲ 18 ਮੈਂਬਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸ਼ਹਿਰ ਅੰਦਰ ਇਹ ਵੀ ਚਰਚਾ ਜ਼ੋਰਾਂ ਤੇ ਹੈ ਕਿ ਲੰਘੇ ਦਿਨੀਂ, ਐਸਜੀਪੀਸੀ ਅਤੇ ਡੇਰਾ ਬਾਬਾ ਗਾਂਧਾ ਸਿੰਘ ਦੇ ਮਹੰਤ ਪਿਆਰਾ ਸਿਘ ਦੀ ਧਿਰ ਦਰਮਿਆਨ ਹੋਏ ਝਗੜੇ ਵਿੱਚ ਸੱਤਾਧਾਰੀ ਧਿਰ ਨੇ, ਅਕਾਲੀ ਦਲ ਦੇ ਦੋ ਕੌਂਸਲਰਾਂ ਦੀਆਂ ਵੋਟਾਂ ਹਾਸਿਲ ਕਰਨ ਲਈ ਹੀ ਐਸਜੀਪੀਸੀ ਦਾ ਕਬਜਾ ਦੁਕਾਨਾਂ ਤੇ ਕਰਵਾਇਆ ਗਿਆ ਹੈ, ਇਸ ਦੀ ਪੁਸ਼ਟੀ 17 ਸਤੰਬਰ ਨੂੰ ਹੋਣ ਵਾਲੀ,ਮੀਤ ਪ੍ਰਧਾਨ ਦੀ ਚੋਣ ਤੋਂ ਬਾਅਦ ਹੋ ਜਾਵੇਗੀ।
ਪ੍ਰਧਾਨ ਨੂੰ ਅਹੁਦੇ ਤੋਂ ਲਾਹੁਣ ਲਈ ਕੀ ਲਾਇਆ ਸੀ ਦੋਸ਼ ?
ਸਥਾਨਕ ਸਰਕਾਰਾਂ ਵਿਭਾਗ ਦੇ ਸੈਕਟਰੀ ਅਜੋਏ ਸ਼ਰਮਾ ਵੱਲੋਂ ਜ਼ਾਰੀ ਪੱਤਰ ਨੰਬਰ 15/36/2023-5 ਸਸ 3 ਮਿਤੀ 11 ਅਕਤੂਬਰ 2023 ਵਿੱਚ ਕਿਹਾ ਗਿਆ ਹੈ ਕਿ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਨਗਰ ਪੰਚਾਇਤ ਹੰਡਿਆਇਆ ਨੂੰ 10 ਲੱਖ ਰੁਪਏ ਦਾ ਚੈਕ ਨਗਰ ਕੌਂਸਲ ਦੇ ਹਾਊਸ ਦੀ ਪ੍ਰਵਾਨਗੀ ਤੋਂ ਬਿਨਾਂ ਨਗਰ ਕੌਂਸਲ ਬਰਨਾਲਾ ਵੱਲੋਂ ਮਿਤੀ 9 ਦਸੰਬਰ 2021 ਨੂੰ ਜ਼ਾਰੀ ਕਰ ਦਿੱਤਾ ਸੀ। ਜਦੋਂਕਿ ਮਿਊਂਸਪਲ ਐਕਟ 1911 ਦੀ ਧਾਰਾ 22 ਪ੍ਰਧਾਨ ਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਦਿੰਦੀ। ਇਸ ਤਰਾਂ ਪ੍ਰਧਾਨ ਨੇ ਨਗਰ ਕੌਂਸਲ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਗਿਆ ਹੈ। ਜਿਸ ਕਾਰਣ ਉਨ੍ਹਾਂ ਨੂੰ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਦੇ ਅਹੁਦੇ ਤੋਂ ਫਾਰਗ ਕੀਤਾ ਜਾਂਦਾ ਹੈ। ਇਹ ਹੁਕਮ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ।
ਨਗਰ ਕੌਂਸਲ ਬਰਨਾਲਾ ਦੇ ਅਹੁਦਿਓਂ ਲੱਥੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਮਾਨਯੋਗ ਹਾਈਕੋਰਟ ਮੈਨੂੰ ਇਨਸਾਫ ਦੇਵੇਗੀ।