ਹਰਿੰਦਰ ਨਿੱਕਾ, ਬਰਨਾਲਾ 14 ਸਤੰਬਰ 2024
ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਆਉਂਦੇ ਗੁਰੂਦੁਆਰਾ ਬਾਬਾ ਗਾਂਧਾ ਸਿੰਘ ਅਤੇ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਦੀ ਬੱਸ ਸਟੈਂਡ ਦੇ ਨੇੜੇ ਬਣੀ ਮਾਰਕਿਟ ਦੀ ਮਾਲਕੀ/ਕਬਜ਼ੇ ਅਤੇ ਕਿਰਾਇਆ ਵਸੂਲੀ ਨੂੰ ਲੈ ਕੇ ਲੰਘੀ ਕੱਲ੍ਹ ਦੋਵਾਂ ਧਿਰਾਂ ਦਰਮਿਆਨ ਸ਼ੁਰੂ ਹੋਏ ਝਗੜੇ ਤੋਂ ਬਾਅਦ ਪੈਦਾ ਹੋਈ ਤਣਾਅਪੂਰਣ ਹਾਲਤ ਤੇ ਬੇਸ਼ੱਕ ਪੁਲਿਸ ਪ੍ਰਸ਼ਾਸ਼ਨ ਨੇ ਲੰਘੀ ਕੱਲ੍ਹ ਦੇਰ ਸ਼ਾਮ ਹੀ ਕਾਬੂ ਪਾਉਣ ਵਿੱਚ ਸਫਲਤਾ ਹਾਸਿਲ ਕਰ ਲਈ ਸੀ। ਪਰੰਤੂ ਦੋਵਾਂ ਧਿਰਾਂ ਦਰਮਿਆਨ ਸ਼ੁਰੂ ਹੋਏ ਹਾਲੀਆ ਝਗੜੇ ਵਿੱਚ ਐਸਜੀਪੀਸੀ ਦਾ ਹੱਥ ਉੱਪਰ ਰਿਹਾ ਤੇ ਡੇਰੇ ਦੇ ਜਾਹਿਰ ਕਰਦਾ ਮਹੰਤ ਬਾਬਾ ਪਿਆਰਾ ਸਿੰਘ ਨੂੰ ਮੂੰਹ ਦੀ ਖਾਣੀ ਪਈ। ਪੁਲਿਸ ਵੱਲੋਂ ਦੋੳਾਂ ਧਿਰਾਂ ਖਿਲਾਫ ਅਮਲ ਵਿੱਚ ਲਿਆਂਦੀ ਕਾਨੂੰਨੀ ਕਾਰਵਾਈ, ਭਾਂਵੇ ਆਮ ਲੋਕਾਂ ਨੂੰ ਪਹਿਲੀ ਨਜ਼ਰੇ ਦੇਖਣ ਨੂੰ ਨਿਰਪੱਖ ਹੀ ਨਜਰ ਪੈ ਰਹੀ ਹੈ। ਪਰੰਤੂ ਕਾਨੂੰਨੀ ਨਜ਼ਰੀਏ ਤੋਂ ਤਾਜਾ ਘਟਨਾਕ੍ਰਮ ਦੌਰਾਨ ਪ੍ਰਸ਼ਾਸ਼ਨ ਐਸਜੀਪੀਸੀ ਦੇ ਪੱਖ ਵਿੱਚ ਹੀ ਭੁਗਤਿਆ ਹੈ। ਕਿਉਂਕਿ ਹੁਣ ਦੁਕਾਨਾਂ ਦਾ ਕਬਜਾ ਕਾਨੂੰਨੀ ਤੌਰ ਤੇ ਐਸਜੀਪੀਸੀ ਦਾ ਹੀ ਮੰਨ ਲਿਆ ਗਿਆ ਹੈ। ਕਾਰਣ ਸਾਫ ਹੈ ਕਿ ਜਦੋਂ ਐਸਜੀਪੀਸੀ ਦੇ ਅਧਿਕਾਰੀਆਂ ਖਿਲਾਫ ਦਰਜ ਹੋਏ ਕੇਸ ਵਿੱਚ ਜ਼ੁਰਮ ਇਹੋ ਦਰਸਾਇਆ ਗਿਆ ਹੈ ਕਿ ਦੁਕਾਨਾਂ ਉੱਤੇ ਐਸਜੀਪੀਸੀ ਦੇ ਮੁਲਾਜਮਾਂ ਨੇ ਕਰਕੇ,ਦੁਕਾਨਾਂ ਨੂੰ ਤਾਲਾ ਜੜ੍ਹ ਦਿੱਤਾ ਹੈ। ਇਸ ਤਰਾਂ ਹੁਣ ਦੁਕਾਨਦਾਰਾਂ ਕੋਲ ਦੋ ਰਾਹ ਹੀ ਬਚੇ ਹਨ, ਪਹਿਲਾਂ ਤਾਂ ਉਹ ਐਸਜੀਪੀਸੀ ਨੂੰ ਦੁਕਾਨਾਂ ਦਾ ਕਿਰਾਇਆ ਦੇ ਦੇਣ ਅਤੇ ਆਪਣੀਆਂ ਦੁਕਾਨਾਂ ਦੀਆਂ ਚਾਬੀਆਂ ਉਨ੍ਹਾਂ ਤੋਂ ਪ੍ਰਾਪਤ ਕਰ ਲੈਣ, ਦੂਜਾ ਉਹ ਦੁਕਾਨਾਂ ਦਾ ਕਬਜ਼ਾ ਛੁਡਾਉਣ ਲਈ, ਅਦਾਲਤ ਵਿੱਚ ਕਾਨੂੰਨੀ ਚਾਰਾਜੋਈ ਦਾ ਰਾਸਤਾ ਚੁਣ ਲੈਣ। ਯਾਨੀ ਨਤੀਜੇ ਦੇ ਤੌਰ ਤੇ ਲੰਘੀ ਕੱਲ੍ਹ ਦੇ ਪੂਰੇ ਘਟਨਾਕ੍ਰਮ ਤੇ ਪੁਲਿਸ ਕਾਰਵਾਈ ਦਾ ਫਾਇਦਾ ਐਸਜੀਪੀਸੀ ਨੂੰ ਹੀ ਮਿਲਿਆ ਹੈ।
ਕਿੰਨ੍ਹਾਂ ਕਿੰਨ੍ਹਾਂ ਦੇ ਖਿਲਾਫ ਦਰਜ਼ ਹੋਈ ਐਫਆਈਆਰ….
ਥਾਣਾ ਸਿਟੀ 1 ਬਰਨਾਲਾ ਦੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਧਿਰਾਂ ਦੇ ਬਿਆਨ ਅਨੁਸਾਰ ਨਿਰਪੱਖ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਬਾਬਾ ਗਾਂਧਾ ਸਿੰਘ ਗੁਰੂਦੁਆਰਾ ਸਾਹਿਬ ਦੇ ਮੈਨੇਜਰ ਸੁਰਜੀਤ ਸਿੰਘ, ਸਰਬਜੀਤ ਸਿੰਘ, ਨਿਰਮਲ ਸਿੰਘ , ਸੁਖਵਿੰਦਰ ਸਿੰਘ , ਅਕਾਸ਼ਦੀਪ ਸਿੰਘ ,ਨਿਰਭੈ ਸਿੰਘ ਆਦਿ ਕੁੱਝ ਹੋਰ ਅਣਪਛਾਤਿਆਂ ਖਿਲਾਫ ਦੁਕਾਨਾਂ ਉੱਤੇ ਜਬਰਨ ਕਬਜਾ ਕਰਨ ਦੇ ਦੋਸ਼ਾਂ ਤਹਿਤ ਬੀਐਨਐਸ ਦੀਆਂ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰਾਂ ਪੁਲਿਸ ਨੇ ਲੋਕਾਂ ਦੇ ਰਾਹ ਤੇ ਆਵਾਜਾਈ ਵਿੱਚ ਜਬਰਦਸਤੀ ਰੁਕਾਵਟ ਪੈਦਾ ਕਰਨ ਦੇ ਜ਼ੁਰਮ ਵਿੱਚ ਬਾਬਾ ਪਿਆਰਾ ਸਿੰਘ,ਹਿਤੇਸ਼ ਗੋਇਲ, ਗੁਰਮੇਲ ਸਿੰਘ,ਮਨਜੀਤ ਸਿੰਘ,ਇਕਬਾਲ ਸਿੰਘ ਅਤੇ ਜੀਤ ਸਿੰਘ ਸਣੇ ਹੋਰ ਅਣਪਛਾ਼ਤਿਆਂ ਖਿਲਾਫ ਵੀ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉੱਧਰ ਇਹ ਵੀ ਪਤਾ ਲੱਗਿਆ ਹੈ ਕਿ ਕਾਫੀ ਦੁਕਾਨਦਾਰਾਂ ਨੇ ਐਸਜੀਪੀਸੀ ਵਾਲਿਆਂ ਨੂੰ ਕਿਰਾਇਆ ਦੇ ਕੇ,ਆਪਣਾ ਪਾਲਾ ਬਦਲ ਲਿਆ ਹੈ। ਤੇ ਕਾਫੀ ਹੋਰ ਦੁਕਾਨਦਾਰ ਵੀ ਵੱਖ ਤਰੀਕਿਆਂ ਨਾਲ ਐਸਜੀਪੀਸੀ ਵਾਲਿਆਂ ਤੱਕ ਕਿਰਾਇਆ ਭਰਨ ਲਈ ਪਹੁੰਚ ਕਰ ਰਹੇ ਹਨ। ਵਰਨਣਯੋਗ ਹੈ ਕਿ ਲੰਘੀਆਂ ਲੋਕ ਸਭਾ ਚੋਣਾਂ ਮੌਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਬਾਬਾ ਪਿਆਰ ਸਿੰਘ ਦੇ ਡੇਰੇ ਤੇ ਪਹੁੰਚੇ ਸਨ, ਤੇ ਉਨ੍ਹਾਂ ਦੀ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਸੀ। ਪਰੰਤੂ ਮਹੰਤ ਪਿਆਰਾ ਸਿੰਘ ਤੇ ਆਈ ਔਖੀ ਘੜੀ ਵਿੱਚ, ਉਨ੍ਹਾਂ ਨੂੰ ਬਲਤੇਜ ਪੰਨੂ ਦੇ ਮਿਲੇ ਥਾਪੜੇ ਦਾ ਵੀ ਕੋਈ ਫਾਇਦਾ ਨਹੀਂ ਮਿਲਿਆ,ਜਿਸ ਦੀ ਚਰਚਾ ਹਰ ਸ਼ਹਿਰੀ ਦੀ ਜੁਬਾਨ ਤੇ ਹੈ।