ਹਰਿੰਦਰ ਨਿੱਕਾ, ਬਰਨਾਲਾ 13 ਸਤੰਬਰ 2024
ਬਰਨਾਲਾ ਬੱਸ ਸਟੈਂਡ ਦੇ ਨਜਦੀਕ ਸਥਿਤ ਬਾਬਾ ਗਾਂਧਾ ਸਿੰਘ ਗੁਰਦੁਆਰੇ ਦੀਆਂ ਦੁਕਾਨਾਂ ਤੇ ਜਬਰਨ ਕਬਜ਼ਾ ਕਰਨ ਪਹੁੰਚੇ ਐਸਜੀਪੀਸੀ ਕਰਮਚਾਰੀਆਂ ਅਤੇ ਉਨਾਂ ਦੀ ਕਥਿਤ ਤੌਰ ਤੇ ਗੈਰਕਾਨੂੰਨੀ ਕਾਰਵਾਈ ਦੇ ਵਿਰੋਧ ਕਰਨ ਵਾਲਿਆਂ ਦੇ ਆਹਮੋ-ਸਾਹਮਣੇ ਆ ਜਾਣ ਉਪਰੰਤ ਪੈਦਾ ਹੋਈ ਤਣਾਅਪੂਰਣ ਹਾਲਤ ਨੂੰ ਕਾਬੂ ਕਰਨ ਲਈ ਪੁਲਿਸ ਦੇਰ ਸ਼ਾਮ ਐਕਸ਼ਨ ਮੋਡ ਵਿੱਚ ਆ ਗਈ। ਪੁਲਿਸ ਨੇ ਐਸਜੀਪੀਸੀ ਦੇ ਕੁੱਝ ਅਧਿਕਾਰੀਆਂ ਤੇ ਕਰਮਚਾਰੀਆਂ ਸਣੇ ਉਨਾਂ ਦੀ ਕਾਰਵਾਈ ਦਾ ਵਿਰੋਧ ਕਰਨ ਲਈ ਸਵੇਰ ਤੋਂ ਬੱਸ ਸਟੈਂਡ ਰੋਡ ਤੇ ਰੋਸ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ਖਿਲਾਫ ਪੁਲਿਸ ਨੇ ਵੱਖ ਵੱਖ ਕੇਸ ਦਰਜ ਕਰਕੇ,ਕਰੀਬ ਇੱਕ ਦਰਜ਼ਨ ਤੋਂ ਵਧੇਰੇ ਨਾਮਜ਼ਦ ਦੋਸ਼ੀਆਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ। ਪ੍ਰਦਰਸ਼ਨਕਾਰੀ ਧਿਰ ਦੇ ਵਿਅਕਤੀਆਂ ਦਾ ਕਹਿਣਾ ਹੈ ਕਿ ਪੁਲਿਸ ਨੇ ਦੇਰ ਸ਼ਾਮ ਸ਼ਾਂਤਮਈ ਢੰਗ ਨਾਲ ਰੋਸ ਧਰਨਾ ਦੇ ਰਹੇ ਦੁਕਾਨਦਾਰਾਂ ਅਤੇ ਬਾਬਾ ਗਾਂਧਾ ਸਿੰਘ ਡੇਰੇ ਦੇ ਗੱਦੀਨਸ਼ੀਨ ਮਹੰਤ ਬਾਬਾ ਪਿਆਰਾ ਸਿੰਘ ਤੇ ਹੋਰਨਾਂ ਨੂੰ ਗਿਰਫਤਾਰ ਕਰ ਲਿਆ ਅਤੇ ਪ੍ਰਦਰਸ਼ਨਕਾਰੀਆਂ ਤੇ ਲਾਠੀਚਾਰਜ ਵੀ ਕੀਤਾ। ਉਨਾਂ ਪੁਲਿਸ ਅਤੇ ਐਸਜੀਪੀਸੀ ਕਰਮਚਾਰੀਆਂ ਦੀ ਕਥਿਤ ਧੱਕੇਸ਼ਾਹੀ ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਦੀ ਸ਼ਹਿ ਤੇ ਹੀ ਐਸਜੀਪੀਸੀ ਕਰਮਚਾਰੀਆਂ ਨੇ ਦੁਕਾਨਾਂ ਤੇ ਜਬਰੀ ਜਿੰਦੇ ਜੜ੍ਹ ਦਿੱਤੇ। ਜੇਕਰ ਦੁਕਾਨਦਾਰ ਕਿਰਾਇਆ ਨਹੀਂ ਦੇ ਰਹੇ ਸਨ ਤਾਂ ਉਹ ਕਿਰਾਇਆ ਵਸੂਲ ਕਰਨ ਅਤੇ ਦੁਕਾਨਾਂ ਖਾਲੀ ਕਰਵਾਉਣ ਲਈ ਕਾਨੂੰਨੀ ਕਾਰਵਾਈ ਕਰ ਸਕਦੇ ਸਨ। ਕਾਂਗਰਸ ਦੇ ਸ਼ਹਿਰੀ ਬਲਾਕ ਪ੍ਰਧਾਨ ਅਤੇ ਨਗਰ ਕੌਂਂਸਲ ਬਰਨਾਲਾ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਲੋਟਾ ਨੇ ਕਿਹਾ ਕਿ ਸ਼ਹਿਰ ਅੰਦਰ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰੋਪਰਟੀ ਮਾਲਿਕਾਂ ਅਤੇ ਕਿਰਾਏਦਾਰਾਂ ਦਰਮਿਆਨ ਝਗੜੇ ਚੱਲ ਰਹੇ ਹਨ, ਪਰੰਤੂ ਪ੍ਰਸ਼ਾਸ਼ਨ ਨੂੰ ਗੈਰਕਾਨੂੰਨੀ ਢੰਗ ਨਾਲ ਕਬਜਾ ਕਰਨ ਦੀ ਧੱਕੇਸ਼ਾਹੀ ਦੀ ਪ੍ਰਵਿਰਤੀ ਨੂੰ ਨੱਥ ਪਾਉਣਾ ਚਾਹੀਦਾ ਹੈ। ਜੇਕਰ ਪੁਲਿਸ ਅਜਿਹੇ ਕਬਜ਼ਾ ਕਰਨ ਵਾਲਿਆਂ ਤੇ ਸਖਤ ਐਕਸ਼ਨ ਨਹੀਂ ਲਵੇਗੀ ਤਾਂ ਇਕੱਲੇ ਗੁਰਦੁਆਰਾ ਸਾਹਿਬ/ ਡੇਰੇ ਦੀ ਪ੍ਰੋਪਰਟੀ ਦੇ ਹੀ ਨਹੀਂ, ਹੋਰ ਲੋਕਾਂ ਵਿੱਚ ਵੀ ਲੜਾਈਆਂ ਹੋਣਗੀਆਂ। ਜਿਸ ਕਾਰਣ, ਸ਼ਹਿਰ ਦਾ ਮਾਹੌਲ ਖਰਾਬ ਹੋਵੇਗਾ, ਅਫਰਾ ਤਫਰੀ ਫੈਲ ਜਾਵੇਗੀ।ਜਿਸ ਨੂੰ ਕਾਬੂ ਕਰਨਾ ਪੁਲਿਸ ਪ੍ਰਸ਼ਾਸ਼ਨ ਦੇ ਵੀ ਹੱਥ ਵੱਸ ਨਹੀਂ ਰਹੇਗਾ। ਗੁਰਦੁਆਰਾ ਸਾਹਿਬ ਦੇ ਮੈਨੇਜ਼ਰ ਸੁਰਜੀਤ ਸਿੰਘ ਨੇ ਕਿਹਾ ਕਿ ਦੁਕਾਨਦਾਰਾਂ ਦਾ ਕਿਰਾਇਆਨਾਮਾ ਐਸਜੀਪੀਸੀ ਨਾਲ ਹੋਇਆ ਹੈ,ਕਮੇਟੀ ਕਿਰਾਏਨਾਮੇ ਦੀਆਂ ਸ਼ਰਤਾਂ ਮੁਤਾਬਿਕ ਹੀ ਕਾਰਵਾਈ ਕਰ ਰਹੀ ਹੈ। ਦਿਨ ਭਰ ਦੇ ਘਟਨਾਕ੍ਰਮ ਬਾਰੇ ਗੱਲ ਕਰਦਿਆਂ ਪੁਲਿਸ ਚੌਂਕੀ ਬੱਸ ਸਟੈਂਡ ਬਰਨਾਲਾ ਦੇ ਇੰਚਾਰਜ ਚਰਨਜੀਤ ਸਿੰਘ ਨੇ ਕਿਹਾ ਕਿ ਪੁਲਿਸ ਨੇ ਕੋਈ ਧੱਕੇਸ਼ਾਹੀ ਨਹੀਂ ਕੀਤੀ,ਸਿਰਫ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਐਕਸ਼ਨ ਲੈਣਾ ਪਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਝਗੜੇ ਵਾਲੀਆਂ ਦੁਕਾਨਾਂ ਤੇ ਜਬਰਨ ਕਬਜ਼ਾ ਕਰਨ ਪਹੁੰਚੇ ਐਸਜੀਪੀਸੀ ਦੇ ਕਰਮਚਾਰੀਆਂ ਅਤੇ ਉਨਾਂ ਦੀ ਕਾਰਵਾਈ ਦੇ ਵਿਰੋਧ ਵਜੋਂ ਲੋਕਾਂ ਦਾ ਰਾਹ ਰੋਕਣ ਵਾਲਿਆਂ ਖਿਲਾਫ ਦੋ ਵੱਖ ਵੱਖ ਕੇਸ ਦਰਜ ਕੀਤੇ ਗਏ ਹਨ। ਦੋਵਾਂ ਧਿਰਾਂ ਦੇ ਨਾਮਜ਼ਦ ਦੋਸ਼ੀਆਂ ਵਿੱਚੋਂ ਕਰੀਬ 10/11 ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜਦੋਂਕਿ ਹੋਰਨਾਂ ਦੀ ਤਲਾਸ਼ ਲਈ ਪੁਲਿਸ ਛਾਪਾਮਾਰੀ ਕਰ ਰਹੀ ਹੈ। ਥਾਣਾ ਸਿਟੀ 1 ਬਰਨਾਲਾ ਦੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ ਅੰਦਰ ਅਮਨ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਉਨ੍ਹਾਂ ਲੋਕਾਂ ਨੂੰ ਅਮਨ ਸ਼ਾਂਤੀ ਕਾਇਮ ਰੱਖਣ ਲਈ ਪੁਲਿਸ ਦਾ ਸਹਿਯੋਗ ਦੇਣ ਅਤੇ ਅਫਵਾਹਾਂ ਤੋਂ ਬਚਣ ਦੀ ਅਪੀਲ ਵੀ ਕੀਤੀ। ਉਨਾਂ ਕਿਹਾ ਕਿ ਸ਼ਹਿਰ ਅੰਦਰ ਕੋਈ ਤਣਾਅ ਨਹੀਂ, ਸਥਿਤੀ ਪੁਲਿਸ ਦੇ ਕੰਟਰੋਲ ਵਿੱਚ ਹੈ।