ਹਾਈਕੋਰਟ ‘ਚ ਬਹਿਸ ਹੋਈ ਮੁਕੰਮਲ, ਜਸਟਿਸ ਨੇ ਕਿਹਾ, ਮੰਗਲਵਾਰ ਨੂੰ ਸੁਣਾਵਾਂਗੇ ਫੈਸਲਾ…
ਹਰਿੰਦਰ ਨਿੱਕਾ, ਚੰਡੀਗੜ੍ਹ 22 ਅਗਸਤ 2024
ਬਰਨਾਲਾ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਪੰਜਾਬ ਐਂਡ ਹਾਈਕੋਰਟ ਵਿੱਚ ਕਰੀਬ 8 ਮਹੀਨਿਆਂ ਤੋਂ ਸੁਣਵਾਈ ਅਧੀਨ ਮਾਮਲੇ ਦੀ ਸੁਣਵਾਈ ਅੱਜ ਡਬਲ ਬੈਂਚ ਅੱਗੇ ਮੁਕੰਮਲ ਹੋ ਗਈ। ਪੰਜਾਬ ਸਰਕਾਰ ਦੇ ਵਕੀਲਾਂ ਅਤੇ ਨਗਰ ਕੌਂਸਲ ਦੇ ਅਹੁਦਿਓ ਲਾਹੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਪਵਨ ਕੁਮਾਰ ਅਤੇ ਐਡਵੋਕੇਟ ਵਿਦੁਸ਼ੀ ( Vidushi Kumar ) ਕੁਮਾਰ ਨੇ ਆਪੋ ਆਪਣੀ ਧਿਰ ਵੱਲੋਂ ਜ਼ੋਰਦਾਰ ਬਹਿਸ ਕੀਤੀ। ਹਾਈਕੋਰਟ ਦੀ ਕੋਰਟ ਨੰਬਰ 11 ਦੇ ਜਸਟਿਸ ਸੁਧੀਰ ਸਿੰਘ ਅਤੇ ਜਸਟਿਸ ਕਰਮਜੀਤ ਸਿੰਘ ਨੇ ਦੋਵਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਅਤੇ ਪੇਸ਼ ਕੀਤੇ ਤੱਥਾਂ ਨੂੰ ਗਹੁ ਨਾਲ ਸੁਣਦਿਆਂ ਕਿਹਾ ਕਿ ਉਹ 27 ਅਗਸਤ (ਮੰਗਲਵਾਰ)ਨੂੰ ਇਸ ਕੇਸ ਦਾ ਫੈਸਲਾ ਸੁਣਾਉਣਗੇ। ਅੱਜ ਦੀ ਸੁਣਵਾਈ ਮੌਕੇ ਗੁਰਜੀਤ ਸਿੰਘ ਰਾਮਣਵਾਸੀਆ ਦੇ ਨਾਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਮੱਖਣ ਸ਼ਰਮਾ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਤੇ ਕਾਂਗਰਸ ਦੇ ਸ਼ਹਿਰੀ ਬਲਾਕ ਪ੍ਰਧਾਨ ਮਹੇਸ਼ ਲੋਟਾ, ਕਿਸਾਨ ਵਿੰਗ ਦੇ ਸੂਬਾਈ ਆਗੂ ਧੰਨਾ ਸਿੰਘ ਗਰੇਵਾਲ, ਟਕਸਾਲੀ ਕਾਂਗਰਸੀ ਆਗੂ ਜਥੇਦਾਰ ਕਰਮਜੀਤ ਸਿੰਘ ਬਿੱਲੂ, ਜਸਮੇਲ ਸਿੰਘ ਡੇਅਰੀਵਾਲਾ ਅਤੇ ਗੁਰਮੇਲ ਸਿੰਘ ਮੌੜ ਆਦਿ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।
ਵਰਨਯੋਗ ਹੈ ਕਿ ਸੂਬੇ ਦੀ ਰਾਜਸੀ ਸੱਤਾ ਤੇ ਕਾਬਿਜ ਧਿਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਧਿਕਾਰੀਆਂ ਨੇ 11 ਅਕਤੂਬਰ 2023 ਨੂੰ ਨਗਰ ਕੌਂਸਲ ਬਰਨਾਲਾ ਦੇ ਕਾਂਗਰਸੀ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆਂ ਨੂੰ ਸਥਾਨਕ ਸਰਕਾਰਾਂ ਵਿਭਾਗ ਦੇ ਸੈਕਟਰੀ ਅਜੋਏ ਸ਼ਰਮਾ ਨੇ ਇੱਕ ਸਪੀਕਿੰਗ ਆਰਡਰ ਜ਼ਾਰੀ ਕਰਕੇ ਲਾਹ ਦਿੱਤਾ ਸੀ, ਉਨ੍ਹਾਂ ਆਪਣੇ ਹੁਕਮਾਂ ਵਿੱਚ ਲਿਖਿਆ ਸੀ ਕਿ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਹੈ। ਇਨ੍ਹਾਂ ਹੁਕਮਾਂ ਤੋਂ 6 ਦਿਨ ਬਾਅਦ ਹੀ, ਸੱਤਾਧਾਰੀ ਧਿਰ ਨੇ ਸੱਤਾ ਦੀ ਧੌਂਸ ਦਿਖਾਉਂਦਿਆਂ ਜਲਦਬਾਜੀ ਵਿੱਚ ਹੀ, ਨਗਰ ਕੌਂਸਲ ਦੀ ਮੀਟਿੰਗ ਸੱਦ ਕੇ, ਆਪ ਤੇ ਕੌਂਸਲਰ ਰੁਪਿੰਦਰ ਸਿੰਘ ਸ਼ੀਤਲ ਨੂੰ ਪ੍ਰਧਾਨ ਚੁਣ ਲਿਆ ਗਿਆ, ਪਰੰਤੂ ਅਹੁਦਿਉਂ ਲਾਹੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਆਪਣੇ ਖਿਲਾਫ ਜ਼ਾਰੀ ਹੁਕਮਾਂ ਤੇ ਰੋਕ ਲਗਾਉਣ ਲਈ ਹਾਈਕੋਰਟ ਵਿੱਚ ਰਿੱਟ ਦਾਇਰ ਕੀਤੀ ਹੋਈ ਸੀ, ਇਸ ਦੀ ਸੁਣਵਾਈ ਵੀ 17 ਅਕਤੂਬਰ ਨੂੰ ਹੀ ਹੋ ਰਹੀ ਸੀ, ਲੋਕ ਹਾਲੇ ਰੁਪਿੰਦਰ ਸਿੰਘ ਸ਼ੀਤਲ ਦੇ ਪ੍ਰਧਾਨ ਚੁਣੇ ਜਾਣ ਦੀਆਂ ਵਧਾਈਆਂ ਹੀ ਦੇ ਰਹੇ ਸਨ,ਉਂਦੋਂ ਤੱਕ ਹਾਈਕੋਰਟ ਨੇ ਨਵੀਂ ਚੋਣ ਸਬੰਧੀ ਨੋਟੀਫਿਕੇਸ਼ਨ ਜ਼ਾਰੀ ਕਰਨ ਤੇ ਰੋਕ ਲਗਾ ਦਿੱਤੀ ਸੀ। ਉਸੇ ਦਿਨ ਤੋਂ ਹਾਲੇ ਤੱਕ ਤਾਰੀਖ ਪੇ ਤਾਰੀਖ ਪੈਂਦੀ ਰਹੀ, ਜਿਸ ਸਬੰਧੀ ਅੱਜ ਹਾਈਕੋਰਟ ਦੇ ਡਬਲ ਬੈਂਚ ਨੇ ਸੁਣਵਾਈ ਮੁਕੰਮਲ ਕਰ ਲਈ।
ਅਹੁਦੇ ਤੋਂ ਲਾਹੁਣ ਲਈ ਕੀ ਲਾਇਆ ਸੀ ਦੋਸ਼ ?
ਸਥਾਨਕ ਸਰਕਾਰਾਂ ਵਿਭਾਗ ਦੇ ਸੈਕਟਰੀ ਅਜੋਏ ਸ਼ਰਮਾ ਵੱਲੋਂ ਜ਼ਾਰੀ ਪੱਤਰ ਨੰਬਰ 15/36/2023-5 ਸਸ 3 ਮਿਤੀ 11 ਅਕਤੂਬਰ 2023 ਵਿੱਚ ਕਿਹਾ ਗਿਆ ਹੈ ਕਿ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਨਗਰ ਪੰਚਾਇਤ ਹੰਡਿਆਇਆ ਨੂੰ 10 ਲੱਖ ਰੁਪਏ ਦਾ ਚੈਕ ਨਗਰ ਕੌਂਸਲ ਦੇ ਹਾਊਸ ਦੀ ਪ੍ਰਵਾਨਗੀ ਤੋਂ ਬਿਨਾਂ ਨਗਰ ਕੌਂਸਲ ਬਰਨਾਲਾ ਵੱਲੋਂ ਮਿਤੀ 9 ਦਸੰਬਰ 2021 ਨੂੰ ਜ਼ਾਰੀ ਕਰ ਦਿੱਤਾ ਸੀ। ਜਦੋਂਕਿ ਮਿਊਂਸਪਲ ਐਕਟ 1911 ਦੀ ਧਾਰਾ 22 ਪ੍ਰਧਾਨ ਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਦਿੰਦੀ। ਇਸ ਤਰਾਂ ਪ੍ਰਧਾਨ ਨੇ ਨਗਰ ਕੌਂਸਲ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਗਿਆ ਹੈ। ਜਿਸ ਕਾਰਣ ਉਨ੍ਹਾਂ ਨੂੰ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਦੇ ਅਹੁਦੇ ਤੋਂ ਫਾਰਗ ਕੀਤਾ ਜਾਂਦਾ ਹੈ।