ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਦਾ 81ਵਾਂ ਜਨਮ ਦਿਨ ,ਸ੍ਰੀ ਰਾਜੀਵ ਗਾਂਧੀ ਦੀ ਕੋਰ ਟੀਮ ਦੇ ਮੈਂਬਰ ਅਤੇ ਟਕਸਾਲੀ ਕਾਂਗਰਸੀ ਆਗੂ ਹਰਦੀਪ ਗੋਇਲ ਦੀ ਰਹਿਨੁਮਾਈ ਵਿੱਚ ਕਾਂਗਰਸੀਆਂ ਨੇ ਵਿੰਟੇਜ ਹੋਟਲ ਵਿਖੇ ਬੜੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ। ਹਰਦੀਪ ਗੋਇਲ, ਪੀਆਰਟੀਸੀ ਪੰਜਾਬ ਦੇ ਸਾਬਕਾ ਡਾਇਰੈਕਟਰ ਪੁਰਸ਼ੋਤਮ ਲਾਲ ਖਲੀਫਾ, ਮਹਿਲਾ ਕਾਂਗਰਸ ਦੀ ਸੂਬਾਈ ਆਗੂ ਬੀਬੀ ਸੁਰਿੰਦਰ ਕੌਰ ਬਾਲੀਆ, ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆਂ, ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ, ਜਿਲਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਜਿਲਾ ਪ੍ਰੀਸ਼ਦ ਬਰਨਾਲਾ ਦੀ ਚੇਅਰਮੈਨ ਸਰਬਜੀਤ ਕੌਰ ਖੁੱਡੀ ਕਲਾਂ, ਸਾਬਕਾ ਚੇਅਰਮੈਨ ਪਰਮਜੀਤ ਸਿੰਘ ਮਾਨ,ਮਹਿਲਾ ਕਾਂਗਰਸ ਦੀ ਜਿਲਾ ਪ੍ਰਧਾਨ ਮਨਵਿੰਦਰ ਕੌਰ ਪੱਖੋ ਆਦਿ ਆਗੂਆਂ ਨੇ ਮਰਹੂਮ ਰਾਜੀਵ ਗਾਂਧੀ ਦੀ ਫੋਟੋ ’ਤੇ ਫੁੱਲ ਮਾਲਾਵਾਂ ਭੇਟ ਕਰਕੇ ,ਉਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਲੱਡੂ ਵੀ ਵੰਡੇ।
ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ 1985 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਖਤ ਚੁਣੌਤੀ ਦੇਣ ਵਾਲੇ ਹਰਦੀਪ ਗੋਇਲ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਰਾਜੀਵ ਗਾਂਧੀ ਦੀ ਟੀਮ ਦਾ ਮੈਂਬਰ ਹੋਣ ਤੇ ਮੈਨੂੰ ਫਖਰ ਹੈ, ਉਨਾਂ ਆਮ ਸਧਾਰਣ ਪਰਿਵਾਰ ਦਾ ਹੋਣ ਤੇ ਬਾਵਜੂਦ, ਮਹਿਜ ਛੋਟੀ ਜਿਹੀ ਉਮਰ ਵਿੱਚ ਹੀ, ਮੈਨੂੰ ਬਰਨਾਲਾ ਤੋਂ,ਅਕਾਲੀ ਦਲ ਵੱਲੋਂ ਮੁੱਖ ਮੰਤਰੀ ਦੇ ਦਾਵੇਦਾਰ ਸੁਰਜੀਤ ਸਿੰਘ ਬਰਨਾਲਾ ਦੇ ਮੁਕਾਬਲੇ ਚੋਣ ਮੈਦਾਨ ਵਿੱਚ ਉਤਾਰ ਕੇ,ਵੱਡਾ ਮਾਣ ਬਖਸ਼ਿਆ ਸੀ।
ਹਰਦੀਪ ਗੋਇਲ ਨੇ ਕਿਹਾ ਕਿ ਅੱਜ ਪੂਰਾ ਦੇਸ਼ ਸਦਭਾਵਨਾ ਦਿਵਸ ਮਨਾ ਰਿਹਾ ਹੈ। ਜਿੰਨ੍ਹਾਂ ਦੇਸ਼ ਦੀ ਏਕਤਾ ਅਖੰਡਤਾ ਨੂੰ ਕਾਇਮ ਰੱਖਣ ਲਈ,ਆਪਣਾ ਬਲੀਦਾਨ ਦੇ ਦਿੱਤਾ। ਗੋਇਲ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਭਾਰਤ ਦੇ ਮਹਾਨ ਸਪੂਤ ਸਨ। ਉਨ੍ਹਾਂ ਨੇ ਲੱਖਾਂ ਭਾਰਤੀ ਨੌਜਵਾਨਾ ਵਿੱਚ ਉਮੀਦ ਦੀ ਕਿਰਨ ਜਗਾਈ ਅਤੇ ਆਪਣੇ ਵਿਲੱਖਣ ਯੋਗਦਾਨ ਨਾਲ ਭਾਰਤ ਨੂੰ 21ਵੀਂ ਸਦੀ ਵਿੱਚ ਲੈ ਗਏ। ਉਨ੍ਹਾਂ ਵੋਟ ਪਾਉਣ ਦੀ ਉਮਰ ਨੂੰ 18 ਸਾਲ ਤੱਕ ਲਿਆਉਣ, ਪੰਚਾਇਤੀ ਰਾਜ ਨੂੰ ਮਜ਼ਬੂਤ ਕਰਨ, ਦੂਰਸੰਚਾਰ ਅਤੇ ਆਈ.ਟੀ. ਕ੍ਰਾਂਤੀ, ਕੰਪਿਊਟਰੀਕਰਨ ਪ੍ਰੋਗਰਾਮ, ਨਿਰੰਤਰ ਸ਼ਾਂਤੀ ਸਮਝੌਤੇ, ਮਹਿਲਾ ਸਸ਼ਕਤੀਕਰਨ, ਦੇਸ਼ ਵਿੱਚ ਪਰਿਵਰਤਨਸ਼ੀਲ ਤਬਦੀਲੀਆਂ, ਵਿਸ਼ਵਵਿਆਪੀ ਟੀਕਾਕਰਨ ਪ੍ਰੋਗਰਾਮ ਅਤੇ ਨਵੀਂ ਸਿੱਖਿਆ ਨੀਤੀ ਵਿੱਚ ਸ਼ਾਮਲ ਸਿੱਖਿਆ ਆਦਿ ’ਤੇ ਜ਼ੋਰ ਦੇਣ ਲਈ ਵੱਡੇ ਅਤੇ ਦਲੇਰਾਨਾ ਕਦਮ ਚੁੱਕੇ ।
ਇਸ ਮੌਕੇ ਸੁਰਿੰਦਰ ਕੌਰ ਬਾਲੀਆ, ਜਿਲਾ ਪਰੀਸ਼ਦ ਦੀ ਚੇਅਰਮੈਨ ਸਰਬਜੀਤ ਕੌਰ ਅਤੇ ਮਹਿਲਾ ਕਾਂਗਰਸ ਦੀ ਜਿਲਾ ਪ੍ਰਧਾਨ ਮਨਵਿੰਦਰ ਕੌਰ ਪੱਖੋ ਨੇ ਵੀ, ਰਾਜੀਵ ਗਾਂਧੀ ਵੱਲੋਂ ਦੇਸ਼ ਦੀ ਰਾਜਨੀਤੀ ਨੂੰ ਦਿੱਤੀ ਨਵੀਂ ਦਿਸ਼ਾ ਅਤੇ ਦੇਸ਼ ਨੂੰ ਅਧੁਨਿਕ ਯੁੱਗ ਦਾ ਹਾਣੀ ਬਣਾਉਣ ਲਈ ਪਾਏ ਯੋਗਦਾਨ ਦੀ ਸਰਾਹਣਾ ਕੀਤੀ।