ਹਰਿੰਦਰ ਨਿੱਕਾ, ਬਡਬਰ (ਬਰਨਾਲਾ) 3 ਅਗਸਤ 2024
ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਪੱਧਰੀ ਉੱਤੇ ਲੋਕਾਂ ਨੂੰ ਸਰਕਾਰੀ ਸੁਵਿਧਾਵਾਂ ਦਾ ਲਾਹਾ ਦੇਣ ਲਈ ਚਲਾਏ ਜਾ ਰਹੇ ਸਰਕਾਰ ਤੁਹਾਡੇ ਦੁਆਰ ਲੜੀਵਾਰ ਕੈਂਪ ਤਹਿਤ ਗੁਰੂ ਨਾਨਕ ਧਰਮਸ਼ਾਲਾ, ਪਿੰਡ ਬਡਬਰ ਵਿਖੇ ਕੈਂਪ ਲਗਾਇਆ ਗਿਆ। ਇਸ ਕੈਂਪ ‘ਚ ਪਿੰਡ ਬਡਬਰ, ਬਾਜ਼ੀਗਰ ਬਸਤੀ, ਭੂਰੇ, ਕੋਠੇ ਅਕਾਲਗੜ੍ਹ, ਕੋਠੇ ਬੰਗੇਹਰ ਪੱਤੀ ਅਤੇ ਜਵੰਧਾ ਪਿੰਡ ਗੁਰੂਸਰ ਦੇ ਵਾਸੀਆਂ ਲਈ ਲਗਾਇਆ ਗਿਆ।
ਕੈਂਪ ‘ਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਲਗਾਏ ਜਾ ਰਹੇ ਇਨ੍ਹਾਂ ਕੈੰਪਾਂ ‘ਚ ਜ਼ਿਲ੍ਹੇ ਦੇ ਸਾਰੇ ਵਿਭਾਗ ਭਾਗ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਲੋਕਾਂ ਤੋਂ ਵੱਖ ਵੱਖ ਸਰਕਾਰੀ ਸਕੀਮਾਂ ਤਹਿਤ ਅਰਜ਼ੀਆਂ ਲਈ ਲਈ ਜਾਂਦੀਆਂ ਹਨ ਅਤੇ ਕਈ ਲੋਕਾਂ ਨੂੰ ਮੌਕੇ ਉੱਤੇ ਹੀ ਉਸਦਾ ਫਾਇਦਾ ਦਿੱਤਾ ਜਾਂਦਾ ਹੈ।
ਉਪ ਮੰਡਲ ਮੈਜਿਸਟ੍ਰੇਟ ਸ ਸਤਵੰਤ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਮੌਕੇ ਉੱਤੇ ਪੈਨ ਕਾਰਡ, ਆਧਾਰ ਕਾਰਡ ਅਤੇ ਪੀ.ਐਮ. ਕਿਸਾਨ ਨਿਧੀ ਕਾਰਡ, ਵਿਧਵਾ /ਆਸ਼ਰਤ, ਬੁਢਾਪਾ ਪੈਨਸ਼ਨ ਲਈ, ਕਿਰਤ ਵਿਭਾਗ ਦੀਆਂ ਸਕੀਮਾਂ, ਰਿਹਾਇਸ਼ੀ ਪਤੇ ‘ਚ ਸੋਧ ਕਰਵਾਉਣ ਲਈ, ਪੁਲਿਸ ਵੈਰੀਫਿਕੇਸ਼ਨ ਆਦਿ ਸਬੰਧੀ ਬੇਨਤੀ ਪੱਤਰ ਦਿੱਤੇ ਗਏ।
ਕਰਨਜੀਤ ਸਿੰਘ ਪਿੰਡ ਬਡਬਰ ਵਾਸੀ ਨੇ ਦੱਸਿਆ ਕਿ ਉਸ ਨੇ ਸਿਹਤ ਵਿਭਾਗ ਵੱਲੋਂ ਬਣਾਏ ਜਾਂਦੇ ਆਯੂਸ਼ਮਾਨ ਕਾਰਡ ਲਈ ਕੈਂਪ ‘ਚ ਅਪਲਾਈ ਕੀਤਾ ਸੀ ਅਤੇ ਬਿਨਾਂ ਕਿਸੇ ਖੱਜਲ ਖੁਆਰੀ ਦੇ ਉਸ ਦਾ ਆਯੂਸ਼ਮਾਨ ਕਾਰਡ ਬਣ ਗਿਆ। ਇਸੇ ਤਰ੍ਹਾਂ ਪਿੰਡ ਬਡਬਰ ਦੀ ਕੁਲਦੀਪ ਕੌਰ ਨੇ ਵੀ ਦੱਸਿਆ ਕਿ ਉਸ ਵੱਲੋਂ ਆਯੂਸ਼ਮਾਨ ਕਾਰਡ ਲਈ ਅਰਜ਼ੀ ਦਿੱਤੀ ਗਈ ਸੀ ਅਤੇ ਉਸ ਦਾ ਆਯੂਸ਼ਮਾਨ ਕਾਰਡ ਬਣਾ ਕੇ ਮੌਕੇ ਉੱਤੇ ਹੀ ਉਸ ਨੂੰ ਦੇ ਦਿੱਤਾ ਗਿਆ।