ਹਰਿੰਦਰ ਨਿੱਕਾ, ਪਟਿਆਲਾ 26 ਜੁਲਾਈ 2024
ਥਾਣਾ ਸਦਰ ਸਮਾਣਾ ਅਧੀਨ ਆਉਂਦੇ ਪਿੰਡ ਅਸਰਪੁਰ ਚੁਪਕੀ ‘ਚ ਸਥਿਤ ਨੈਸ਼ਨਲ ਕਾਲਜ ਆਫ ਫਿਜੀਕਲ ਐਜੂਕੇਸ਼ਨ ਦੇ ਵਿਦਿਆਰਥੀਆਂ ਦੀ ਫੀਸਾਂ ਵਿੱਚ ਵੱਡੇ ਘਪਲੇ ਦਾ ਪਰਦਾਫਾਸ਼ ਹੋਇਆ ਹੈ। ਪੁਲਿਸ ਨੇ “ਦੀ ਐਜੂਕੇਸ਼ਨ ਸੁਸਾਇਟੀ ਪਟਿਆਲਾ” ਦੀ ਚੇਅਰਮੈਨ ਦੀ ਸ਼ਕਾਇਤ ਦੇ ਅਧਾਰ ਤੇ ਫੀਸ ਕਲਰਕ ਅਤੇ ਇੱਕ ਅਸਿਸਟੈਂਟ ਪ੍ਰੋਫੈਸਰ ਦੇ ਖਿਲਾਫ ਸਾਜਿਸ਼ ਤਹਿਤ ਅਮਾਨਤ ਵਿੱਚ ਖਿਆਨਤ ਕਰਨ ਤੇ ਠੱਗੀ ਦੇ ਜੁਰਮ ਅਧੀਨ ਪਰਚਾ ਦਰਜ ਕਰਕੇ,ਮਾਮਲੇ ਦੀ ਤਫਤੀਸ਼ ਅਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਮੁਦਈ ਦੀਪਇੰਦਰ ਕੌਰ ਚੇਅਰਮੈਨ ਦੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਨੇ ਦੱਸਿਆ ਕਿ ਉਹ ਨੈਸ਼ਨਲ ਕਾਲਜ ਆਫ ਫਿਜੀਕਲ ਐਜੂਕੇਸ਼ਨ ਪਿੰਡ ਅਸਰਪੁਰ ਚੁਪਕੀ ਵਿਖੇ ਚਲਾਉਦੀ ਹੈ ਅਤੇ ਕਾਲਜ ਵਿੱਚ ਦੋਸ਼ੀ ਸੁਖਦੇਵ ਸਿੰਘ ਫੀਸ ਕਲਰਕ ਤੇ ਗੁਰਤੇਜ ਸਿੰਘ ਅਸਿਸਟੈਂਟ ਪ੍ਰੋਫੈਸਰ ਡਿਊਟੀ ਕਰਦੇ ਹਨ। ਦੋਵਾਂ ਦੋਸ਼ੀਆਂ ਨੇ ਆਪਸ ਵਿੱਚ ਮਿਲੀ ਭੁਗਤ ਕਰਕੇ ਵਿਦਿਆਰਥੀਆਂ ਦੀਆਂ ਆਈਆਂ ਫੀਸਾ ਨੂੰ ਆਪਣੇ ਖਾਤਿਆਂ ਵਿੱਚ ਪਵਾ ਕੇ 69,97,800 ਰੁਪਏ ਦੀ ਧੋਖਾਧੜੀ ਕੀਤੀ ਹੈ। ਪੁਲਿਸ ਨੇ ਬਾਅਦ ਪੜਤਾਲ ਕਲਰਕ ਸੁਖਦੇਵ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਮਕਾਨ ਨੰ. 17-ਐਫ, ਗਲੀ ਨੰ. 3 ਪ੍ਰਤਾਪ ਨਗਰ ਪਟਿਆਲਾ ਅਤੇ ਅਸਿਸਟੈਂਟ ਪ੍ਰੋਫੈਸਰ ਗੁਰਤੇਜ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਚੁੱਪਕੀ ਦੇ ਖਿਲਾਫ ਥਾਣਾ ਸਦਰ ਸਮਾਣਾ ਵਿਖੇ ਅਧੀਨ ਜੁਰਮ 406,420, 120-B IPC ਤਹਿਤ ਕੇਸ ਦਰਜ ਕਰਕੇ,ਦੋਸ਼ੀਆਂ ਦੀ ਤਲਾਸ਼ ਅਤੇ ਮਾਮਲੇ ਦੀ ਗੰਭੀਰਤਾ ਨਾਲ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।