ਜ਼ਰਾ ਬਚਕੇ, ਇਉਂ ਵੀ ਵੱਜ ਸਕਦੀ ਐ ਠੱਗੀ
ਹਰਿੰਦਰ ਨਿੱਕਾ , ਪਟਿਆਲਾ 13 ਜੂਨ 2024
ਕਿਸੇ ਹੋਰ ਹੀ ਵਿਅਕਤੀ ਦੇ ਘਰ ਦਾ ਐਡਰੈਸ ਦੇ ਕੇ ਇਲੈਕਟੋ੍ਰਨਿਕਸ ਦੀ ਦੁਕਾਨ ਤੋਂ ਸਮਾਨ ਮੰਗਵਾਇਆ ਤੇ ਸਮਾਨ ਛੱਡਣ ਆਏ ਨੌਕਰ ਨੂੰ ਗੱਲਾਂ ਵਿੱਚ ਲੈ ਕੇ, ਦੋਸ਼ੀ ਕੀਮਤੀ ਸਮਾਨ ਸਣੇ ਫੁਰਰ ਹੋ ਗਏ। ਅਜੀਬ ਕਿਸਮ ਦੀ ਠੱਗੀ ਦੀ ਵਾਰਦਾਤ ਬਾਰੇ ਦੁਕਾਨਦਾਰ ਪੁਲਿਸ ਕੋਲ ਪਹੁੰਚਿਆਂ ਤਾਂ ਪੁਲਿਸ ਨੇ ਤਿੰਨ ਨਾਮਜ਼ਦ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ,ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਮੁਦਈ ਨਰੇਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਮੁਹੱਲਾ ਸੂਈ ਗਰਾਂ ਪਟਿਆਲਾ ਨੇ ਦੱਸਿਆ ਕਿ ਉਸ ਦੀ ਇਲੈਕਟੋ੍ਰਨਿਕਸ ਦੀ ਦੁਕਾਨ ਹੈ, ਨਾਮਜ਼ਦ ਦੋਸ਼ੀ ਲਤੇਸ਼ ਜੈਨ ਨੇ ਆਪਣੇ ਆਪ ਨੂੰ ਬੈਂਕ ਮਨੈਜਰ ਦੱਸ ਕੇ ਬਾਕੀ ਦੋਸ਼ੀਆਂ ਨਾਲ ਸਾਜਬਾਜ ਹੋ ਕੇ ਮੁਦਈ ਨੂੰ ਝਾਂਸੇ ਵਿੱਚ ਲੈ ਲਿਆ। ਜਾਹਿਰ ਕਰਦਾ ਬੈਂਕ ਮੈਨੇਜਰ ਨੇ ਅਰਬਨ ਅਸਟੇਟ ਪਟਿਆਲਾ ਵਿਖੇ ਇੱਕ ਏ.ਸੀ ਅਤੇ 2 ਐਲ .ਈ .ਡੀ ਆਦਿ ਸਮਾਨ ਮੰਗਵਾ ਲਿਆ । ਸਾਰੇ ਦੋਸ਼ੀ ਮੁਦਈ ਦੇ ਨੌਕਰ ਨੂੰ ਗੱਲਾਂ ਵਿੱਚ ਲਗਾ ਕੇ ਮੰਗਵਾਇਆ ਹੋਇਆ ਸਮਾਨ ਆਪਣੀ ਗੱਡੀ ਵਿੱਚ ਰੱਖ ਕੇ ਮੌਕਾ ਤੋਂ ਫਰਾਰ ਹੋ ਗਏ। ਦੌਰਾਨ ਏ ਪੜਤਾਲ ਸਾਹਮਣੇ ਆਇਆ ਕਿ ਦੋਸ਼ੀਆਂ ਦੀ ਵਰਤੀ ਗਈ ਕਾਰ ਦੀ ਨੰਬਰ ਪਲੇਟ ਅਤੇ ਕੁੱਝ ਹੋਰ ਦਸਤਾਵੇਜ ਵੀ, ਜਾਲੀ ਫਰਜੀ ਹੀ ਨਿੱਕਲੇ। ਪੁਲਿਸ ਨੇ ਬਾਅਦ ਪੜਤਾਲ ਨਾਮਜ਼ਦ ਦੋਸ਼ੀਆਂ ਲਤੇਸ਼ ਜੈਨ ਪੁੱਤਰ ਰਜਨੀਸ਼ ਜੈਨ ਵਾਸੀ ਹੈਬੋਵਾਲ ਕਲਾਂ ਲੁਧਿਆਣਾ, ਗੁਰਵਿੰਦਰ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਫਰਵਾਹੀ ਜਿਲ੍ਹਾ ਮਾਨਸਾ ਅਤੇ ਮਨਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਮੌੜ ਚੜ੍ਹਤ ਸਿੰਘ ਵਾਲਾ, ਜਿਲਾ ਬਠਿੰਡਾ ਦੇ ਖਿਲਾਫ U/S 420,467, 468,471,120-B IPC ਤਹਿਤ ਥਾਣਾ ਅਰਬਨ ਅਸਟੇਟ ਵਿਖੇ ਕੇਸ ਦਰਜ ਕਰਕੇ,ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ, ਭਰੋਸੋਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਿਸ ਨੇ ਨਾਮਜ਼ਦ ਦੋਸ਼ੀਆਂ ਨੂੰ ਗਿਰਫਤਾਰ ਕਰਨ ਲਈ,ਉਨ੍ਹਾਂ ਦੀ ਪੈੜ ਨੱਪ ਲਈ ਹੈ। ਜਲਦ ਹੀ ਉਨਾਂ ਦੀ ਗਿਰਫਤਾਰੀ ਵੀ ਸੰਭਵ ਹੈ। ਮੁਦਈ ਨਰੇਸ਼ ਕੁਮਾਰ ਅਨੁਸਾਰ ਠੱਗੀ ਦੀ ਇਹ ਘਟਨਾ 21 ਮਈ ਨੂੰ ਵਾਪਰੀ ਸੀ, ਉਦੋਂ ਤੋਂ ਹੀ ਉਹ ਆਪਣੇ ਪੱਧਰ ਤੇ ਦੋਸ਼ੀਆਂ ਦੀ ਪੜਤਾਲ ਕਰ ਰਹੇ ਸਨ, ਆਖਿਰ ਉਹ ਦੋਸ਼ੀਆਂ ਦੀ ਸ਼ਨਾਖਤ ਕਰਨ ਵਿੱਚ ਸਫਲ ਹੋ ਹੀ ਗਏ ਤੇ ਪੁਲਿਸ ਨੇ ਲੰਘੀ ਕੱਲ੍ਹ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।