ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਬਰਨਾਲਾ ਦੀ ਜਥੇਬੰਦਕ ਚੋਣ
ਕੁਲਵੰਤ ਭਦੌੜ ਪ੍ਰਧਾਨ, ਸਾਹਿਬ ਬਡਬਰ ਸਕੱਤਰ, ਮਾਂਗੇਵਾਲ ਖਜ਼ਾਨਚੀ ਸਣੇ 18 ਮੈਂਬਰੀ ਕਮੇਟੀ ਦੀ ਚੋਣ
ਅਦੀਸ਼ ਗੋਇਲ, ਬਰਨਾਲਾ 12 ਜੂਨ 2024
ਬਰਨਾਲਾ ਦੇ ਗੁਰਦੁਆਰਾ ਸਾਹਿਬ ਬੀਬੀ ਪ੍ਰਧਾਨ ਕੌਰ ਵਿਖੇ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਲਈ ਜਿਲ੍ਹੇ ਦਾ ਜਥੇਬੰਦਕ ਇਜਲਾਸ ਹੋਇਆ। ਇਸ ਵਿੱਚ ਬਰਨਾਲਾ ਜ਼ਿਲ੍ਹੇ ਦੇ ਸਾਰੇ ਬਲਾਕਾਂ ਤੋਂ ਕਿਸਾਨ ਅਤੇ ਬੀਬੀਆਂ ਸ਼ਾਮਲ ਹੋਏ।
ਜਥੇਬੰਦੀ ਦਾ ਇਜਲਾਸ ਕਿਸਾਨ ਘੋਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ ਸੁਰੂ ਹੋਇਆ। ਜ਼ਿਲ੍ਹਾ ਜਨਰਲ ਸਕੱਤਰ ਸਾਹਿਬ ਸਿੰਘ ਬਡਬਰ ਨੇ ਪਿਛਲੇ ਸਮੇਂ ਦੀ ਰਿਪੋਰਟ ਪੇਸ਼ ਕੀਤੀ ਅਤੇ ਖਜਾਨਚੀ ਗੁਰਦੇਵ ਸਿੰਘ ਮਾਂਗੇਵਾਲ ਨੇ ਜਿਲ੍ਹੇ ਦਾ ਹਿਸਾਬ ਕਿਤਾਬ ਪੇਸ਼ ਕੀਤਾ। ਉਪਰੰਤ ਦੋਂਵੇਂ ਰਿਪੋਰਟਾਂ ਤੇ ਹਾਜ਼ਰ ਮੈਂਬਰਾਂ ਨੇ ਸੁਆਲ ਕੀਤੇ ਅਤੇ ਬਹਿਸ ਕੀਤੀ। ਜਿਨ੍ਹਾਂ ਦੇ ਵਿਸਥਾਰ ਸਹਿਤ ਜਵਾਬ ਜਨਰਲ ਸਕੱਤਰ ਵੱਲੋਂ ਦਿੱਤੇ ਗਏ। ਉਪਰੰਤ ਦੋਵੇਂ ਰਿਪੋਰਟਾਂ ਸਰਬਸੰਮਤੀ ਨਾਲ ਪਾਸ ਕੀਤੀਆਂ ਗਈਆਂ।
ਉਸ ਤੋਂ ਬਾਅਦ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਲਈ ਡੈਲੀਗੇਟ ਇਜਲਾਸ ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਭਦੌੜ ਦੀ ਦੇਖ ਰੇਖ ਹੇਠ ਹੋਇਆ। ਜਿਸ ਵਿੱਚ ਪੁਰਾਣੀ ਜ਼ਿਲ੍ਹਾ ਕਮੇਟੀ ਭੰਗ ਕਰ ਕੇ ਨਵੀਂ ਕਮੇਟੀ ਦੀ ਚੋਣ ਕਰਵਾਈ ਗਈ। ਜਿਸ ਵਿੱਚ ਸਰਬਸੰਮਤੀ ਨਾਲ ਪ੍ਰਧਾਨ ਕੁਲਵੰਤ ਸਿੰਘ ਮਾਨ, ਸੀਨੀਅਰ ਮੀਤ ਪ੍ਰਧਾਨ ਹਰਮੰਡਲ ਸਿੰਘ ਜੋਧਪੁਰ, ਜੁਗਰਾਜ ਸਿੰਘ ਹਰਦਾਸਪੁਰਾ ਅਤੇ ਅਮਰਜੀਤ ਕੌਰ, ਖਜ਼ਾਨਚੀ ਗੁਰਦੇਵ ਸਿੰਘ ਮਾਂਗੇਵਾਲ, ਸਤਨਾਮ ਸਿੰਘ ਪ੍ਰੈੱਸ ਸਕੱਤਰ, ਕੁਲਵੰਤ ਸਿੰਘ ਹੰਢਿਆਇਆ ਸਹਾਇਕ ਖਜ਼ਾਨਚੀ, ਰਾਮ ਸਿੰਘ ਸ਼ਹਿਣਾ ਮੀਤ ਪ੍ਰਧਾਨ, ਬਲਵੰਤ ਸਿੰਘ ਉੱਗੋਕੇ, ਮਨਜੀਤ ਕੌਰ ਸੰਧੂ ਕਲਾਂ, ਰਣ ਸਿੰਘ ਉੱਪਲੀ, ਗੁਰਪ੍ਰੀਤ ਸਿੰਘ ਸਹਿਜੜਾ, ਅਮਨਦੀਪ ਸਿੰਘ ਰਾਏਸਰ, ਮਨਜੀਤ ਸਿੰਘ ਰਾਏਸਰ, ਅਮਰਜੀਤ ਸਿੰਘ ਠੁੱਲੀਵਾਲ, ਪ੍ਰੇਮਪਾਲ ਕੌਰ ਅਤੇ ਸੰਦੀਪ ਸਿੰਘ ਚੀਮਾ ਮੈਂਬਰ ਚੁਣੇ ਗਏ।
ਚੁਣੀ ਗਈ ਨਵੀਂ ਜ਼ਿਲ੍ਹਾ ਕਮੇਟੀ ਨੇ ਜਥੇਬੰਦੀ ਦੇ ਕੰਮ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਨ ਦਾ ਵਿਸ਼ਵਾਸ ਦਿਵਾਇਆ।
ਇਕੱਠ ਨੇ ਜਥੇਬੰਦੀ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੂੰ ਤੁਰੰਤ ਰਿਹਾਅ ਕਰਨ, ਕੁੱਲਰੀਆਂ ਦੇ ਕਿਸਾਨਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਬਹਾਲ ਕਰਨ, ਸਰਪੰਚ ਰਾਜਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਕਿਸਾਨਾਂ ਦੇ ਘਰੀਂ ਛਾਪੇਮਾਰੀ ਬੰਦ ਕਰਨ ਅਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਖਾੜਾ, ਭੂੰਦੜੀ,ਮੁਸਤਕਾਬਾਦ ਅਤੇ ਭੰਗਾਲੀ ਰਾਜਪੂਤਾਂ ਵਗੈਰਾ ਪਿੰਡਾਂ ਵਿੱਚ ਲੱਗ ਰਹੀਆਂ ਪ੍ਰਦੂਸ਼ਣ ਫੈਲਾਉਣ ਵਾਲੀਆਂ ਗੈਸ ਫੈਕਟਰੀਆਂ ਬੰਦ ਕਰਨ ਦੇ ਮਤੇ ਅਕਾਸ਼ ਗੁੰਜਾਊ ਨਾਹਰਿਆਂ ਨਾਲ ਸਰਬਸੰਮਤੀ ਨਾਲ ਪਾਸ ਕੀਤੇ।
ਜ਼ਿਲ੍ਹਾ ਜਥੇਬੰਦਕ ਇਜਲਾਸ ਨਵੇਂ ਉਤਸਾਹ ਅਤੇ ਜਥੇਬੰਦੀ ਦੀ ਚੜ੍ਹਤ ਦੇ ਜੈਕਾਰਿਆਂ ਨਾਲ ਸਮਾਪਤ ਹੋਇਆ। ਇਸ ਸਮੇਂ ਬਾਬੂ ਸਿੰਘ ਖੁੱਡੀ ਕਲਾਂ,ਨਾਨਕ ਸਿੰਘ ਅਮਲਾ ਸਿੰਘ ਵਾਲਾ, ਭੋਲਾ ਸਿੰਘ ਛੰਨਾਂ, ਕੁਲਵਿੰਦਰ ਸਿੰਘ ਉੱਪਲੀ, ਸਤਨਾਮ ਸਿੰਘ ਮੂੰਮ,ਕਾਲਾ ਜੈਦ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿੱਚ ਡੈਲੀ ਗੇਟ ਅਤੇ ਦਰਸ਼ਕਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਅਖੀਰ ਵਿੱਚ ਸੂਬਾ ਪ੍ਰਧਾਨ ਮਨਜੀਤ ਧਨੇਰ ਅਤੇ ਬਲਵੰਤ ਉੱਪਲੀ ਨੇ ਨਵਾਂ ਕਾਰਜਭਾਰ ਸੰਭਾਲ ਰਹੀ ਆਗੂ ਟੀਮ ਨੂੰ ਸੰਗਰਾਮੀ ਮੁਬਾਰਕਬਾਦ ਦਿੰਦਿਆਂ ਜਥੇਬੰਦੀ ਦੀ ਮਜ਼ਬੂਤੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦੀ ਗੁਜਾਰਿਸ਼ ਕੀਤੀ।