ਹਰਿੰਦਰ ਨਿੱਕਾ, ਪਟਿਆਲਾ 11 ਜੂਨ 2024
ਸ਼ਾਹੀ ਸ਼ਹਿਰ ਦੀ ਟਰੱਕ ਯੂਨੀਅਨ ਵਿੱਚ ਵੱਡੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਟਰੱਕ ਯੂਨੀਅਨ ਦੇ ਪ੍ਰਧਾਨ ਪਰਮਿੰਦਰ ਸਿੰਘ ਸਣੇ 6 ਜਣਿਆਂ ਦੇ ਖਿਲਾਫ ਸਾਜਿਸ਼ ਰਚ ਕੇ, ਅਮਨਾਤ ਵਿੱਚ ਖਿਆਨਤ ਅਤੇ ਧੋਖਾਧੜੀ ਦੇ ਜੁਰਮ ਵਿੱਚ ਕੇਸ ਦਰਜ ਕੀਤਾ ਹੈ। ਥਾਣਾ ਕੋਤਵਾਲੀ ਪਟਿਆਲਾ ਵਿਖੇ ਦਰਜ ਕੇਸ ਵਿੱਚ ਮੁਦਈ ਗੁਰਪਾਲ ਸਿੰਘ ਵਾਸੀ ਟਰੱਕ ਯੂਨੀਅਨ ਪਟਿਆਲਾ ਨੇ ਸ਼ਕਾਇਤ ਦੇ ਕੇ ਦੋਸ਼ ਲਾਇਆ ਕਿ ਟਰੱਕ ਯੂਨੀਅਨ ਭੰਗ ਹੋਣ ਤੋ ਬਾਅਦ ਟਰੱਕ ਯੂਨੀਅਨ ਦਾ ਹਿਸਾਬ, ਮਨੈਜਰ ਮੇਜਰ ਸਿੰਘ ਅਤੇ ਕੈਸ਼ੀਅਰ ਨਿਰਮਲ ਸਿੰਘ ਦੇਖ ਰਹੇ ਸਨ। ਉਨਾਂ ਦੋਸ਼ ਲਾਇਆ ਕਿ ਨਾਮਜ਼ਦ ਦੋਸ਼ੀ ਪਰਮਿੰਦਰ ਸਿੰਘ ਵੱਲੋ ਪ੍ਰਧਾਨ ਬਣਨ ਤੋਂ ਬਾਅਦ ਉਸ ਨੇ ਆਪਣੇ ਸਾਥੀਆਂ ਸੰਦੀਪ ਸਿੰਘ ਪੁੱਤਰ ਗੁਰਬਚਨ ਸਿੰਘ, ਪਰਮਿੰਦਰ ਸਿੰਘ ਪੁੱਤਰ ਸੁਖਪ੍ਰੀਤ ਸਿੰਘ, ਸੁਖਪ੍ਰੀਤ ਸਿੰਘ ਬਾਰੇ ਵਾਸੀ ਪਿੰਡ ਚੂਹੜਪੁਰ ਕਲਾਂ, ਜਸ਼ਨਜੋਤ ਸਿੰਘ ਪੁੱਤਰ ਜਸਵਿੰਦਰਪਾਲ ਸਿੰਘ ਵਾਸੀ ਮਕਾਨ ਨੰ. 45/2 ਪਾਸੀ ਰੋਡ ਪਟਿਆਲਾ, ਦਵਿੰਦਰਪਾਲ ਸਿੰਘ ਵਾਸੀ 44/25 ਚਹਿਲ ਇੰਨਕਲੇਵ ਪਾਸੀ ਰੋਡ ਪਟਿਆਲਾ ਅਤੇ ਹਰਵਿੰਦਰ ਸਿੰਘ ਵਾਸੀ ਪਟਿਆਲਾ ਨੇ ਚਾਰਜ ਆਪਣੇ ਪਾਸ ਲੈ ਲਿਆ ਸੀ। ਉਕਤ ਸਾਰੇ ਨਾਮਜ਼ਦ ਦੋਸ਼ੀਆਨ ਨੇ ਸਾਜਬਾਜ ਕਰਕੇ, ਪੁਰਾਣੇ ਕੈਸਿ਼ਅਰ ਦੇ ਚਲਦੇ ਸਾਇਨ ਦੀ ਜਗ੍ਹਾ ਕਥਿਤ ਧੋਖੇ ਨਾਲ ਆਪਣੇ ਸਾਇਨ ਚਾਲੂ ਕਰਵਾ ਕੇ ਯੂਨੀਅਨ ਦੇ ਖਾਤਿਆਂ ਵਿੱਚੋਂ 7 ਲੱਖ 61 ਹਜ਼ਾਰ 400 ਰੁਪਏ ਕਢਵਾ ਕੇ ਧੋਖਾਧੜੀ ਕੀਤੀ ਹੈ। ਪੁਲਿਸ ਨੇ ਬਾਅਦ ਪੜਤਾਲ, ਉਕਤ ਨਾਮਜ਼ਦ ਸਾਰੇ ਦੋਸ਼ੀਆਂ ਖਿਲਾਫ ਅਧੀਨ ਜ਼ੁਰਮ 406 / 420, 409 / 120-B IPC ਤਹਿਤ ਥਾਣਾ ਕੋਤਵਾਲੀ ਪਟਿਆਲਾ ਵਿਖੇ ਕੇਸ ਦਰਜ ਕਰਕੇ,ਦੋਸ਼ੀਆਂ ਦੀ ਤਲਾਸ਼ ਅਤੇ ਮਾਮਲੇ ਦੀ ਤਹਿਕੀਕਾਤ ਸ਼ੁਰੂ ਕਰ ਦਿੱਤੀ।