ਆਪਣਿਆਂ ਤੋਂ ਕਰਿਆ ਕਿਨਾਰਾ ‘ਤੇ ਤੱਕਿਆ ਬੇਗਾਨਿਆਂ ਦਾ ਸਹਾਰਾ…
ਹਰਿੰਦਰ ਨਿੱਕਾ, ਬਰਨਾਲਾ 28 ਅਪ੍ਰੈਲ 2024
ਚੋਣਾਂ ਦੇ ਮੌਸਮ ‘ਚ ਦਲਬਦਲੀਆਂ ਦਾ ਦੌਰ ਬੇਰੋਕ ਟੋਕ ਜ਼ਾਰੀ ਹੈ। ਲੋਕਾਂ ਨੂੰ ਪਤਾ ਹੀ ਨਹੀਂ, ਲੱਗਦਾ ਕਿ ਦੇਰ ਰਾਤ ਤੱਕ ਪਾਰਟੀ ਪ੍ਰਤੀ ਵਫਾਦਾਰੀ ਦੀਆਂ ਦਲੀਲਾਂ ਦੇਣ ਵਾਲੇ ਲੀਡਰ ਪਹੁ ਫੁਟਾਲਾ ਹੁੰਦਿਆਂ ਹੀ, ਆਪਣੀ ਪਾਰਟੀ ਛੱਡ ਕੇ, ਦੂਜੀਆਂ ਪਾਰਟੀਆਂ ਵਿੱਚ ਸ਼ਾਮਿਲ ਹੋ ਜਾਂਦੇ ਹਨ । ਇਹ ਵਰਤਾਰਾ, ਰਵਾਇਤੀ ਪਾਰਟੀਆਂ ਤੋਂ ਇਲਾਵਾ, ਹੁਣ ਤਾਂ ਰਵਾਇਤੀ ਪਾਰਟੀਆਂ ਤੋਂ ਅੱਡਰੇ ਹੋਣ ਦੀਆਂ ਡੀਂਗਾ ਮਾਰ-ਮਾਰ ਕੇ ਰਾਜਨੀਤਿਕ ਪਿੜ ‘ਚ ਨਿੱਤਰੀਆਂ ਪਾਰਟੀਆਂ ਵਿੱਚ ਵੀ ਸ਼ਿਖਰਾਂ ਨੂੰ ਛੋਹ ਰਿਹਾ ਹੈ। ਪਹਿਲਾਂ ਅਜਿਹੇ ਲੀਡਰਾਂ ਲਈ, ਦਲਬਦਲੂ ਸ਼ਬਦ ਵਰਤਿਆ ਜਾਂਦਾ ਰਿਹਾ ਹੈ। ਪਰੰਤੂ ਲੰਘੇ ਵਿਧਾਨ ਸਭਾ ਇਜਲਾਸ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ, ਦਲਬਦਲੀ ਕਰਨ ਵਾਲਿਆਂ ਨੂੰ ਤਿਤਲੀਆਂ ਕਹਿ ਕੇ ਸੋਹਣਾ ਜਿਹਾ, ਸਾਹਿਤਕ ਭਾਸ਼ਾ ਵਾਲਾ ਸ਼ਬਦ ਵਰਤਿਆ ਸੀ।
ਤਿਤਲੀਆਂ ਤੇ ਭਮੱਕੜਾਂ ਦੇ ਸੁਭਾਅ ‘ਚ ਹੀ ਫਰਕ ਐ..
ਦਰਅਸਲ ਥੋਡ੍ਹਾ ਜਿਹਾ ਜ਼ੋਰ ਦੇ ਕੇ ਸੋਚਿਆਂ ਤਿਤਲੀਆਂ ਅਤੇ ਭਮੱਕੜਾਂ ਦੇ ਸੁਭਾਅ ‘ਚ ਬੁਨਿਆਦੀ ਫਰਕ ਆਸਾਨੀ ਨਾਲ ਹੀ ਸਮਝ ਵਿੱਚ ਆ ਜਾਂਦਾ ਹੈ। ਭਮੱਕੜਾਂ ਦਾ ਕੁਦਰਤੀ ਸੁਭਾਅ ਹੁੰਦੈ ਕਿ ਉਹ ਦੀਵੇ ਦੀ ਲਾਟ ਵੱਲ ਨੂੰ ਜਾਂਦੈ, ਭਾਂਵੇ ਮੌਤ ਨਿਸਚਿਤ ਹੀ ਹੁੰਦੀ ਹੈ। ਇਸ ਲਈ ਹੀ ਤਾਂ ਮੁੱਖ ਮੰਤਰੀ ਭਗਵੰਤ ਮਾਨ, ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਭਮੱਕੜ ਕਹਿ ਕੇ, ਸੱਦਦੇ ਹਨ, ਇਹ ਸੁਣਦਿਆਂ ਭਮੱਕੜਾਂ ਦਾ ਜ਼ੋਸ਼ ਵੀ ਦੇਖਣ ਵਾਲਾ ਹੁੰਦਾ ਹੈ। ਕਿਉਂਕਿ ਉਹ ਵੀ ਖੁਦ ਨੂੰ ਬਿਨਾਂ ਕਿਸੇ ਲਾਲਚ ਤੋਂ ਪਾਰਟੀ ਲਈ ਕੰਮ ਕਰਨ ਦਾ ਜਨੂੰਨ ਪਾਲੀ ਫਿਰਦੇ ਹਨ।
ਦੂਜੇ ਬੰਨ੍ਹੇ ਤਿਤਲੀਆਂ ਤਾਂ ਖਿੜ੍ਹਦੇ ਫੁੱਲਾਂ ‘ਚੋਂ ਰਸ ਚੂਸਣ ਲਈ ਹੀ ਫੁੱਲਾਂ ਤੇ ਜਾ ਕੇ ਮੰਡਰਾਉਂਦੀਆਂ ਹਨ। ਉਨ੍ਹਾਂ ਦੇ ਸੁਭਾਅ ਵਿੱਚ ਲਾਲਚ ਦੀ ਲਾਲਸਾ ਸਪੱਸ਼ਟ ਝਲਕਦੀ ਹੈ। ਇੱਥੋਂ ਤੱਕ ਕਿ ਤਿਤਲੀਆਂ ਤਾਂ ਮੁਰਝਾਏ ਫੁੱਲਾਂ ਵੱਲ ਮੂੰਹ ਵੀ ਨਹੀਂ ਕਰਦੀਆਂ। ਤਿਤਲੀਆਂ ਦਾ ਕੰਮ ਫੁੱਲਾਂ ‘ਚੋਂ ਰਸ ਚੂਸ ਕੇ, ਅਗਲੇ ਖਿੜ੍ਹੇ ਹੋਏ ਫੁੱਲ ਵੱਲ ਜਾਣਾ ਹੁੰਦਾ ਹੈ। ਅਜਿਹੀ ਹੀ ਤਾਸੀਰ ਦੇ ਮਾਲਿਕ ਦਲਬਦਲੀ ਕਰਨ ਵਾਲੇ ਆਗੂ ਹੁੰਦੇ ਹਨ। ਜਿਆਦਾਤਰ ਦਲਬਦਲੀਆਂ ਤਾਂ ਮੁਰਝਾਈ ਯਾਨੀ ਸੱਤਾ ਤੋਂ ਲਾਂਭੇ ਹੋਈ ਪਾਰਟੀ ਵਿੱਚੋਂ ਸੱਤਾ ਤੇ ਕਾਬਿਜ ਧਿਰ ਵਿੱਚ ਹੀ ਹੁੰਦੀਆਂ ਹਨ। ਹੁਣ ਤਾਂ ਲੋਕਾਂ ਦੀ ਧਾਰਨਾ ਬਣ ਚੁੱਕੀ ਹੈ ਕਿ ਤਿਤਲੀਆਂ ਬਣ ਕੇ,ਸੱਤਾਧਾਰੀ ਧਿਰ ਵੱਲ ਮੰਡਰਾਉਂਦੇ ਲੀਡਰ, ਲੋਕ ਹਿੱਤ ਦੀ ਬਜਾਏ, ਰਸ ਚੂਸਣ ਲਈ ਹੀ ਸੱਤਾ ਦੇ ਖਿੜ੍ਹੇ ਹੋਏ ਫੁੱਲਾਂ ਵੱਲ ਭੱਜਦੇ ਹਨ। ਬੇਸ਼ੱਕ ਤਿਤਲੀਆਂ ਇਹ ਹਕੀਕਤ ਪ੍ਰਵਾਨ ਨਾ ਵੀ ਕਰਨ, ਪਰ ਕੌੜਾ ਸੱਚ ਇਹੋ ਹੈ ਕਿ ਹੁਣ ਆਮ ਆਦਮੀ ਪਾਰਟੀ ‘ਚ ਭਮੱਕੜਾਂ ਦੀ ਥਾਂ ਤਿਤਲੀਆਂ ਨੇ ਮੱਲ ਲਈ ਹੈ।
ਅਜਿਹਾ ਹੁੰਦਾ ਵੇਖ ਕਿ ਆਮ ਆਦਮੀ ਪਾਰਟੀ ਦੇ ਭਮੱਕੜ , ਅੰਦਰੋ-ਅੰਦਰ ਹੀ ਝੁਰੀ ਜਾਂਦੇ ਹਨ। ਝੁਰਨ ਵੀ ਕਿਉਂ ਨਾ ਬਰਨਾਲਾ ਸ਼ਹਿਰ ਤੋਂ ਇਲਾਵਾ ਹਲਕੇ ਦੇ ਬਹੁਤੇ ਭਮੱਕੜ, ਚੋਣ ਪਿੜ ਵਿੱਚ ਉਡਾਰੀਆਂ ਭਰਨ ਦੀ ਬਜਾਏ, ਆਪੋ-ਆਪਣੇ ਠਿਕਾਣਿਆਂ ‘ਚ ਹੀ ਦੜੇ ਬੈਠੇ ਹਨ। ਭਮੱਕੜ ਇਹ ਗੱਲ ਕਹਿੰਦੇ ਅਕਸਰ ਸੁਣੀਂਦੇ ਹਨ ਕਿ ਹੁਣ ਸਾਡੇ ਲੀਡਰਾਂ ਨੇ ਵੀ, ਆਪਣਿਆਂ ਤੋਂ ਕਿਨਾਰਾ ਕਰ ਲਿਆ ਹੈ ਤੇ ਗੈਰਾਂ ਯਾਨੀ ਹੋਰਨਾਂ ਪਾਰਟੀਆਂ ਦੇ ਦਲਬਦਲੂ ਲੀਡਰਾਂ ਦੇ ਸਹਾਰੇ ਹੀ ਬੇੜ੍ਹੀ ਚੋਣ ਸਮੁੰਦਰ ਵਿੱਚ ਠਿੱਲ ਦਿੱਤੀ ਹੈੇ । ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂ ਕਿ ਗੈਰਾਂ ਦੇ ਭਰੋਸੇ ਚੋਣਾਂ ਵਿੱਚ ਉਤਜੀ ਆਮ ਆਦਮੀ ਪਾਰਟੀ ਦੀ ਬੇੜੀ ਭਵਸਾਗਰ ਪਾਰ ਕਰੂ ਜਾਂ ਫਿਰ ਮੰਝਧਾਰ ਦੇ ਗੋਤੇ ਖਾਂਦੀ ….!