ਭੋਲਾ ਸਿੰਘ ਵਿਰਕ ਨੇ ਦਿਖਾਇਆ ਆਪਣੀ ਰਸੂਖ ਦਾ ਜਾਦੂ
ਹਰਿੰਦਰ ਨਿੱਕਾ, ਬਰਨਾਲਾ 27 ਅਪ੍ਰੈਲ 2024
ਲੋਕ ਸਭਾ ਹਲਕਾ ਸੰਗਰੂਰ ਦੇ ਤਿੰਨ ਤੋਂ ਜਿਆਦਾ ਵਿਧਾਨ ਸਭਾ ਹਲਕਿਆਂ ‘ਚ ਚੋਖਾ ਰਸੂਖ ਰੱਖਣ ਵਾਲੇ ਰਾਜਸੀ ਤੇ ਸਮਾਜ ਸੇਵੀ ਆਗੂ ਭੋਲਾ ਸਿੰਘ ਵਿਰਕ ਨੇ ਅੱਜ ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕੇ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਸਮਰਥਨ ਦਾ ਐਲਾਨ ਕਰਨ ਮੌਕੇ ਆਪਣੀ ਰਾਜਸੀ ਪੈਂਠ ਅਤੇ ਲੰਬਾ ਅਰਸਾ ਸਮਾਜ ਵਿੱਚ ਵਿਚਰਦਿਆਂ ਬਣਾਏ ਆਪਣੇ ਰਸੂਖ ਦਾ ਦਮਖਮ ਦਿਖਾਇਆ। ਭੋਲਾ ਸਿੰਘ ਵਿਰਕ ਦੇ ਇਕੱਠ ਤੋਂ ਪ੍ਰਭਾਵਿਤ ਹੁੰਦਿਆਂ ਖਹਿਰਾ ਨੇ ਕਿਹਾ ਕਿ ਮੇਰੀ ਹੁਣ ਤੱਕ ਦੀ ਇਸ ਚੋਣ ਮੁਹਿੰਮ ਦੌਰਾਨ, ਇਹ ਸਭ ਤੋਂ ਵੱਡਾ ਜਨਤਕ ਇਕੱਠ ਬਰਨਾਲਾ ਇਲਾਕੇ ਵਿੱਚ ਹੋਇਆ ਹੈ। ਦਰਅਸਲ ਭੋਲਾ ਸਿੰਘ ਵਿਰਕ ਵੱਲੋਂ ਰੱਖੀ ਪਬਲਿਕ ਮੀਟਿੰਗ ਨੇ, ਇੱਕ ਰਾਜਸੀ ਰੈਲੀ ਦਾ ਰੂਪ ਧਾਰਨ ਕਰ ਲਿਆ।
ਖਹਿਰਾ ਨੇ ਭਗਵੰਤ ਮਾਨ ਤੇ ਮੀਤ ਹੇਅਰ ਨੂੰ ਆੜੇ ਹੱਥੀਂ ਲਿਆ
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਗੁਰਮੀਤ ਸਿੰਘ ਮੀਤ ਹੇਅਰ ਦੀ ਕਾਰਗੁਜ਼ਾਰੀ ਨੂੰ ਕਟਹਿਰੇ ਵਿੱਚ ਰੱਖਦਿਆਂ ਆੜੇ ਹੱਥੀਂ ਲਿਆ। ਖਹਿਰਾ ਨੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਤੇ ਉਸ ਦੀ ਟੀਮ ਖੁੱਲਮ ਖੁੱਲਾ ਕਹਿੰਦੀ ਹੁੰਦੀ ਸੀ ਕਿ ਉਹ ਵੀਆਈਪੀ ਕਲਚਰ ਨੂੰ ਖਤਮ ਕਰ ਦੇਣਗੇ, ਜਦੋਂ ਕਿ ਖੁਦ ਭਗਵੰਤ ਮਾਨ ਤੇ ਉਹਦਾ ਟੱਬਰ ਹਜ਼ਾਰਾਂ ਦੀ ਗਿਣਤੀ ਵਿੱਚ ਸੁਰੱਖਿਆ ਕਰਮਚਾਰੀ ਲਈ ਫਿਰਦਾ ਹੈ। ਖਹਿਰਾ ਨੇ ਕਿਹਾ ਕਿ ਮੈਨੂੰ ਚਾਰ ਸਰਕਾਰਾਂ ਦੇ ਜੁਲਮ ਦਾ ਸ਼ਿਕਾਰ ਹੋਣਾ ਪਿਆ, ਪਰ ਸਰਕਾਰੀ ਜਬਰ ਅੱਗੇ ਹਿੱਕ ਡਾਹ ਕੇ ਲੜਨ ਕਰਕੇ, ਮੇਰਾ ਰਾਜਸੀ ਕੱਦ ਪਹਿਲਾਂ ਤੋਂ ਵੀ ਵੱਡਾ ਹੋ ਗਿਆ ਹੈ, ਸੰਗਰੂਰ ਲੋਕ ਸਭਾ ਹਲਕੇ ਦੀ ਕਾਂਗਰਸ ਪਾਰਟੀ ਵੱਲੋਂ ਬਿਨਾਂ ਮੰਗਿਆਂ ਦਿੱਤੀ ਟਿਕਟ ਅਤੇ ਲੋਕਾਂ ਦਾ ਮਿਲ ਰਿਹਾ ਸਮਰਥਨ, ਇਸ ਦਾ ਸਭ ਤੋਂ ਵੱਡਾ ਸਬੂਤ ਹੈ। ਖਹਿਰਾ ਨੇ ਕਿਹਾ ਕਿ ਭਗਵੰਤ ਦੇ ਰਾਜ ਵਿੱਚ ਲੋਕ ਦਿਲਾਂ ਦੀ ਧੜਕਣ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ, ਕਾਤਿਲ ਜੇਲਾਂ ਵਿੱਚ ਬੈਠੇ ਇੰਟਰਵਿਊ ਦਿੰਦੇ ਹਨ। ਇੱਕ ਕਥਿਤ ਕਾਤਿਲ ਮੀਤ ਹੇਅਰ ਦੀ ਚੋਣ ਮੁਹਿੰਮ ਵਿੱਚ ਵੀ ਸ਼ਰੇਆਮ ਸ਼ਾਮਿਲ ਹੋਇਆ, ਜਿਸ ਦੀ ਵੀਡੀਉ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ। ਉਨਾਂ ਕਿਹਾ ਕਿ ਸ਼ਰਾਬ ਘੁਟਾਲੇ ਵਿੱਚ ਜੇਲ੍ਹ ਬੰਦ ਕੇਜ਼ਰੀਵਾਲ ਦੀ ਗਿਰਫਤਾਰੀ ਵੇਲੇ ਤਾਂ ਭਗਵੰਤ ਅੱਖਾਂ ਵਿੱਚੋਂ ਹੰਝੂ ਕੇਰਨ ਦਾ ਨਾਟਕ ਕਰਦਾ ਲੋਕਾਂ ਨੇ ਦੇਖਿਆ ਹੈ, ਪਰ ਸਿੱਧੂ ਮੂਸੇਵਾਲਾ, ਸੰਦੀਪ ਨੰਗਲ ਅੰਬੀਆਂ, ਸ਼ੁਭਕਰਨ ਸਿੰਘ ਦੀ ਮੌਤ ਤੇ ਤਾਂ ਉਸ ਦੀ ਅੱਖ ਨਹੀਂ ਰੋਈ। ਜਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾ ਤੋਂ ਬਾਅਦ ਵੀ ਮੁੱਖ ਮੰਤਰੀ ਨੂੰ ਰੋਣਾ ਨਹੀਂ ਆਇਆ।
ਖਹਿਰਾ ਨੇ ਭਾਈ ਅਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਐਨਐਸਏ ਲਾ ਕੇ ਡਿਬਰੂਗੜ ਜੇਲ੍ਹ ਵਿੱਚ ਡੱਕਣ ਦੇ ਮੁੱਦੇ ਤੇ ਵੀ ਆਪ ਦੀ ਸੂਬਾ ਅਤੇ ਕੇਂਦਰ ਦੀ ਭਾਜਪਾ ਸਰਕਾਰ ਤੇ ਤਾਂਬੜਤੋੜ ਹਮਲਾ ਕੀਤਾ। ਉਨ੍ਹਾਂ ਮੀਤ ਹੇਅਰ ਨੂੰ ਸਵਾਲ ਕੀਤਾ ਕਿ ਉਹ ਆਪਣੇ ਕੈਬਨਿਟ ਮੰਤਰੀ ਦੇ ਕਾਰਜ਼ਕਾਲ ਦੌਰਾਨ ਕੋਈ ਇੱਕ ਵਾਰ ਵੀ, ਪੰਜਾਬ ਦੇ ਹਿੱਤ ਵਿੱਚ ਗੱਲ ਰੱਖਣ ਦਾ ਸਬੂਤ ਲੋਕਾਂ ਦੀ ਕਚਿਹਰੀ ਵਿੱਚ ਪੇਸ਼ ਕਰੇ, ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਮੈਨੂੰ ਵੋਟਾਂ ਪਾ ਕੇ, ਲੋਕ ਸਭਾ ਵਿੱਚ ਪਹੁੰਚਾਉ, ਮੈਂ ਸੰਗਰੂਰ ਹਲਕੇ ਦੇ ਲੋਕਾਂ ਦੀ ਹੀ ਨਹੀਂ,ਬਲਕਿ ਪੂਰੇ ਪੰਜਾਬ ਦੀ ਅਵਾਜ ਬਣਕੇ, ਲੋਕ ਸਭਾ ਵਿੱਚ ਬੋਲਾਂਗਾ। ਕਦੇ ਵੀ ਲੋਕਾਂ ਨੂੰ ਪਛਤਾਉਣਾ ਨਹੀਂ ਪਵੇਗਾ ਕਿ ਸਾਡਾ ਚੁਣਿਆ ਨੁਮਾਇੰਦਾ ਲੋਕਾਂ ਦੇ ਜਾਂ ਪੰਜਾਬ ਦੇ ਪੱਖ ਵਿੱਚ ਨਹੀਂ ਭੁਗਤਿਆ, ਜਦੋਂਕਿ ਆਮ ਆਦਮੀ ਪਾਰਟੀ ਦੇ ਲੱਗਭੱਗ ਸਾਰੇ ਹੀ ਰਾਜ ਸਭਾ ਮੈਂਬਰਾਂ ਨੇ ਹਾਲੇ ਤੱਕ ਪੰਜਾਬ ਦਾ ਕੋਈ ਮੁੱਦਾ ਨਹੀਂ ਉਠਾਇਆ।
ਮੰਚ ਤੋਂ ਬੋਲਦਿਆਂ ਭੋਲਾ ਸਿੰਘ ਵਿਰਕ ਨੇ ਕਿਹਾ ਕਿ ਜਿੱਥੇ ਮੇਰਾ ਦਿਲ ਮਿਲਦੈ, ਮੈਂ ਤਾਂ ਹੱਥ ਵੀ ਸਿਰਫ ਉੱਸ ਵਿਅਕਤੀ ਨਾਲ ਹੀ ਮਿਲਾਉਂਣਾ ਪਸੰਦ ਕਰਦਾ ਹਾਂ। ਵਿਰਕ ਨੇ ਖਹਿਰਾ ਦੀ ਤਾਰੀਫ ‘ਚ ਕਸੀਦੇ ਪੜ੍ਹਦਿਆਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਵਾਹਦ ਅਜਿਹਾ ਲੀਡਰ ਹੈ,ਜਿਹੜਾ ਹਮੇਸ਼ਾ ਹੱਕ ਸੱਚ ਦੀ ਲੜਾਈ, ਬਿਨਾਂ ਕਿਸੇ ਲਾਲਚ ਅਤੇ ਭੈਅ ਤੋਂ ਲੜਦਾ ਆ ਰਿਹਾ ਹੈ। ਖਹਿਰਾ ਪੰਜਾਬ ਅਤੇ ਪੰਜਾਬੀਆਂ ਦੀ ਪੱਗ ਤੇ ਲੱਜ ਹੈ। ਉਨ੍ਹਾਂ ਕਿਹਾ ਕਿ ਲੱਸੀ ਨੂੰ ਜਾਣ ਸਮੇਂ ਭਾਂਡਾ ਕਦੇ ਨਹੀਂ ਲੁਕਾਈਦਾ , ਉਸੇ ਤਰਾਂ ਹੀ ਮੈਂ ਜਿਸ ਵੀ ਲੀਡਰ ਦੀ ਮੱਦਦ ਹੁਣ ਤੱਕ ਕੀਤੀ ਹੈ ਉਹ ਖੁੱਲ੍ਹ ਕੇ ਕੀਤੀ ਹੈ। ਉਨ੍ਹਾਂ ਆਪਣੇ ਸਮਰਥੱਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਵੋਟਾਂ ਹੀ ਨਹੀਂ ਪਾਉਣੀਆਂ, ਹੋਰਾਂ ਲੋਕਾਂ ਨੂੰ ਕਹਿ ਕੇ ਪਵਾਉਣੀਆਂ ਵੀ ਹਨ। ਇਸ ਮੌਕੇ ਭੋਲਾ ਸਿੰਘ ਵਿਰਕ ਨੇ ਖਚਾਖਚ ਭਰੇ ਪੰਡਾਲ ਵਿੱਚ ਲੋਕਾਂ ਤੋਂ ਹੱਥ ਖੜ੍ਹੇ ਕਰਵਾਕੇ, ਖਹਿਰਾ ਦੀ ਜਿੱਤ ਲਈ ਦਿਨ ਰਾਤ ਇੱਕ ਕਰਨ ਦਾ ਪ੍ਰਣ ਵੀ ਕਰਵਾਇਆ।
ਮੀਤ ਹੇਅਰ ਤੇ ਵਰ੍ਹਿਆ ਭੋਲਾ ਵਿਰਕ..
ਭੋਲਾ ਸਿੰਘ ਵਿਰਕ ਨੇ ਕੈਬਨਿਟ ਮੰਤਰੀ ਅਤੇ ਆਪ ਦੇ ਲੋਕ ਸਭਾ ਹਲਕੇ ਤੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ, ਪਿਛਲੇ ਦਿਨੀਂ ਖਹਿਰਾ ਤੇ 10 ਪਿੰਡਾਂ ਦੇ ਨਾਮ ਲਗਾਤਾਰ ਲਏ ਜਾਣ ਦੇ ਕਸੇ ਵਿਅੰਗ ਬਾਰੇ ਬੋਲਦਿਆਂ ਕਿਹਾ ਕਿ, ਮੀਤ ਹੇਅਰ ਨੂੰ ਖਹਿਰਾ ਦੀ ਸ਼ਖਸ਼ੀਅਤ ਦੇ ਅਨੁਸਾਰ ਹੀ ਸਵਾਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਮੀਤ ਹੇਅਰ ਨੂੰ ਇਸ ਮੰਚ ਤੋਂ ਚੈਲੰਜ ਕਰਦਾ ਹਾਂ ਕਿ ਉਹ ਬਤੌਰ ਵਿਧਾਇਕ ਆਪਣੇ 7 ਸਾਲ ਦੇ ਕਾਰਜ਼ਕਾਲ ਅਤੇ ਬਤੌਰ ਕੈਬਨਿਟ ਮੰਤਰੀ ਦੇ ਦੋ ਸਾਲ ਦੇ ਸਮੇਂ ਦਰਮਿਆਨ ਕੀਤੇ ਕੋਈ 3 ਕੰਮ ਹੀ, ਦੱਸ ਦੇਵੇ, ਤਾਂ ਮੈਂ, ਆਪਣੇ ਸਮਰਥੱਕਾਂ ਸਣੇ, ਉਸ ਦੀ ਮੱਦਦ ਕਰਾਂਗਾ। ਵਿਰਕ ਨੇ ਕਿਹਾ ਕਿ ਬਰਨਾਲਾ ਜਿਲ੍ਹੇ ਅੰਦਰ ਮੀਤ ਹੇਅਰ ਵੱਲੋਂ 300 ਤੋਂ ਵੱਧ ਕਰਵਾਏ ਝੂਠੇ ਪਰਚਿਆਂ ਦਾ ਇੱਨ੍ਹਾਂ ਖੌਫ ਹੈ ਕਿ ਜਿਲ੍ਹੇ ਦੇ ਲੋਕ ਖਤਰੇ ਵਿੱਚ ਜੀਅ ਰਹੇ ਹਨ। ਉਨ੍ਹਾਂ ਇੱਕ ਪੱਤਰਕਾਰ ਦਾ ਨਾਮ ਲਏ ਬਿਨਾਂ ਕਿਹਾ ਕਿ ਮੀਤ ਹੇਅਰ ਦੀ ਸ਼ਹਿ ਤੇ, ਪੱਤਰਕਾਰ ਦੇ ਬਲਾਤਕਾਰ ਦਾ ਝੂਠਾ ਕੇਸ ਦਰਜ ਕਰਵਾਇਆ, ਜਦੋਂਕਿ ਜਿਸ ਔਰਤ ਵੱਲੋਂ ਰੇਪ ਦਾ ਦੋਸ਼ ਲਾਇਆ ਗਿਆ ਸੀ, ਉਸਦੀ ਮੈਡੀਕਲ ਰਿਪਰੋਟ ਅਨੁਸਾਰ,ਉਸ ਦਾ ਕਰੀਬ ਤਿੰਨ ਸਾਲ ਤੋਂ ਕੋਈ ਫਿਜੀਕਲ ਰਿਲੇਸ਼ਨ ਨਾ ਹੋਣ ਦਾ ਖੁਲਾਸਾ ਹੋਇਆ,ਜਿਸ ਦੇ ਅਧਾਰ ਤੇ, ਹਾਈਕੋਰਟ ਵਿੱਚੋਂ ਉਸ ਨੂੰ ਜਮਾਨਤ ਮਿਲੀ,ਅਜਿਹੀਆਂ ਹੀ ਹੋਰ ਝੂਠੇ ਪਰਚਿਆਂ ਦੀਆਂ ਕਹਾਣੀਆਂ ਦਾ ਜਿਕਰ ਲੋਕ ਅਕਸਰ ਕਰਦੇ ਹਨ।
ਸਰਕਾਰੀ ਬਾਣੇ ‘ਚ ਚੋਰ ਅਤੇ ਵਰਦੀਆਂ ‘ਚ ਠੱਗ ਫਿਰਦੇ ਨੇ,,
ਭੋਲਾ ਸਿੰਘ ਵਿਰਕ ਨੇ ਬੜੇ ਹੀ ਬੇਬਾਕ ਢੰਗ ਨਾਲ ਸਰਕਾਰੀ ਤੰਤਰ ਦੇ ਤੰਜ ਕਸਦਿਆਂ ਕਿਹਾ ਕਿ ਸਰਕਾਰੀ ਬਾਣਿਆਂ ‘ਚ ਚੋਰ ਅਤੇ ਵਰਦੀਆਂ ਵਿੱਚ ਠੱਗ ਸ਼ਰੇਆਮ ਫਿਰਦੇ ਹਨ। ਇਸ ਕਰਕੇ,ਲੋਕਾਂ ਨੂੰ ਸਾਧੂ ਅਤੇ ਚੋਰ ਵਿੱਚ ਫਰਕ ਕਰਨਾ ਔਖਾ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕੇ ਅੰਦਰ ਵਗਦੀ ਰਾਜਸੀ ਹਵਾ ਦਾ ਰੁਖ ਸਾਫ ਦਸਦਾ ਹੈ ਕਿ ਲੋਕ ਸੁਖਪਾਲ ਸਿੰਘ ਖਹਿਰਾ ਨੂੰ ਵੱਡੇ ਫਰਕ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਣਗੇ। ਇਸ ਮੌਕੇ ਸਾਬਕਾ ਵਿਧਾਇਕ ਸੁਰਿੰਦਰ ਪਾਲ ਸਿੰਘ ਸਿਬੀਆ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਜਿਲ੍ਹਾ ਪ੍ਰਧਾਨ ਮੱਖਣ ਸ਼ਰਮਾ, ਨਗਰ ਕੌਂਸਲ ਦੇ ਅਹੁਦਿਉਂ ਲਾਹੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਨਗਰ ਕੌਂਸਲ ਬਰਨਾਲਾ ਦੇ ਸਾਬਕਾ ਮੀਤ ਪ੍ਰਧਾਨ ਅਤੇ ਕਾਂਗਰਸ ਦੇ ਸ਼ਹਿਰੀ ਬਾਲਕ ਪ੍ਰਧਾਨ ਮਹੇਸ਼ ਲੋਟਾ, ਸਾਬਕਾ ਕੌਂਸਲਰ ਜਸਵਿੰਦਰ ਟਿੱਲੂ, ਸਾਬਕਾ ਕੌਂਸਲਰ ਮੋਹਨ ਲਾਲ, ਕੌਸਲਰ ਅਜੇ ਕੁਮਾਰ, ਬਲਦੇਵ ਸਿੰਘ ਭੁੱਚਰ, ਸੂਰਤ ਸਿੰਘ ਬਾਜਵਾ, ਜਥੇਦਾਰ ਕਰਮਜੀਤ ਸਿੰਘ ਬਿੱਲੂ, ਧੰਨਾ ਸਿੰਘ ਗਰੇਵਾਲ, ਨਰਿੰਦਰ ਸ਼ਰਮਾ ਅਤੇ ਹੋਰ ਆਗੂ ਵੀ ਹਾਜ਼ਿਰ ਸਨ।